ਸ਼ਹੀਦ ਮਾਤਾ ਗੁਰਦੇਵ ਕੌਰ ਦੇ ਸ਼ਰਧਾਂਜਲੀ ਸਮਾਗਮ ਤੇ ਹੋਵੇਗਾ ਜ਼ਮੀਨੀ ਸੰਘਰਸ਼ ਦੇ ਅਗਲੇ ਸੱਦੇ ਤਾ ਐਲਾਨ
2 ਦਸੰਬਰ ਨੂੰ ਅਧਿਆਪਕਾਂ ਦੇ ਪਟਿਆਲਾ ਜਾਮ ਦੀ ਹਮਾਇਤ ਦਾ ਐਲਾਨ
ਪਟਿਆਲਾ, 28 ਨਵੰਬਰ (ਮਧੂਸਾਰ ਬਿਊਰੋ) ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜਿਲ੍ਹਾ ਕਮੇਟੀ ਦੀ ਮੀਟਿੰਗ ਨਹਿਰੂ ਪਾਰਕ ਵਿੱਚ ਹੋਈ। ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਕੈਪਟਨ ਸਰਕਾਰ ਵੱਲੋਂ ਪਟਿਆਲਾ ਰੈਲੀ ਤੋਂ ਬਾਅਦ ਜਮੀਨ ਨਾਲ ਜੁੜੀਆਂ ਮੰਗਾਂ ਮੰਨਣ ਦੇ ਭਰੋਸੇ ਤੋਂ ਮੁਕਰਨ ਕਾਰਨ ਅਗਲੇ ਸੰਘਰਸ਼ ਦਾ ਐਲਾਨ ਸ਼ਹੀਦ ਮਾਤਾ ਗੁਰਦੇਵ ਕੌਰ ਦੇ ਸ਼ਹੀਦੀ ਦਿਵਸ ਤੇ 8 ਦਸੰਬਰ ਨੂੰ ਜਲੂਰ ਵਿਖੇ ਕੀਤਾ ਜਾਵੇਗਾ।
ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਗੁਰਮੁੱਖ ਸਿੰਘ, ਗੁਰਵਿੰਦਰ ਸਿੰਘ ਬੋੜਾ ਅਤੇ ਹਰਨੇਕ ਸਿੰਘ ਨੇ ਦੱਸਿਆ ਕਿ ਨਜੂਲ ਸੁਸਾਇਟੀ ਦੀਆਂ ਜ਼ਮੀਨਾਂ ਪੱਕੇ ਤੌਰ ਤੇ ਲੈਣ, ਪੰਚਾਇਤੀ ਜਮੀਨਾਂ ਦਾ ਤੀਸਰਾ ਹਿੱਸਾ ਦਲਿਤਾ ਲਈ ਪੱਕੇ ਤੌਰ ਤੇ ਲੈਣ, ਬੇਘਰਿਆਂ ਲਈ ਪਲਾਟ ਅਲਾਟ ਕਰਾਉਣਾ, ਸੰਘਰਸ਼ ਦਰਮਿਆਨ ਝੂਠੇ ਪਰਚੇ ਦਰਜ ਕਰਾਉਣ ਤੇ ਘਰੇਲੂ ਬਿਜਲੀ ਦੀ ਦਲਿਤਾ ਤੇ ਬੀ.ਸੀ. ਨੂੰ ਮਿਲਦੇ ਸਹੂਲਤ ਤੇ ਕੱਟ ਲਾਉਣ ਖਿਲਾਫ ਆਦਿ ਮੰਗਾਂ ਸਬੰਧੀ ਵਿਚਾਰ ਚਰਚਾ ਹੋਈ। ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਅਕਾਲੀ ਭਾਜਪਾ ਸਰਕਾਰ ਵਾਂਗੂ ਦਲਿਤ ਵਿਰੋਧੀ ਚਿਹਰਾ ਨੰਗਾ ਹੋ ਚੁੱਕਿਆ ਹੈ। ਕੈਪਟਨ ਸਰਕਾਰ ਸਿਰਫ ਝੂਠੇ ਲਾਰੇ ਲਾ ਰਹੀ ਹੈ। ਪੰਜਾਬ ਦਾ ਹਰ ਵਰਗ ਸਰਕਾਰ ਤੋਂ ਦੁੱਖੀ ਹੈ। ਹੁਣ ਸਰਕਾਰ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾ ਕੇ ਫਿਰਕਾ ਪ੍ਰਸਤੀ ਵਲ ਮੋੜਨਾ ਚਾਹੁੰਦੀ ਹੈ ਤੇ ਪੰਜਾਬ ਨੂੰ ਫਿਰ ਪੁਰਾਣੇ ਦਹਿਸ਼ਤੀ ਦੌਰ ਵਿੱਚ ਭੇਜਣਾ ਚਾਹੁੰਦੀ ਹੈ। ਜੱਥੇਬੰਦੀ ਦੀ ਸਰਕਾਰ ਨਾਲ ਗੱਲਬਾਤ ਜ਼ਮੀਨੀ ਮਸਲਿਆਂ ਤੇ ਸਿਰੇ ਨਾ ਚੜਨ ਤੋਂ ਬਾਅਦ ਜੱਥੇਬੰਦੀ ਨੇ ਮੁੜ ਸੰਘਰਸ਼ ਦੇ ਮੈਦਾਨ ਵਿੱਚ ਨਿਤਰਣ ਦਾ ਫੈਸਲਾ ਕਰ ਲਿਆ ਹੈ। 8 ਦਸੰਬਰ ਨੂੰ ਜਲੂਰ ਵਿਖੇ ਹੋ ਰਹੀ ਸ਼ਹੀਦ ਮਾਤਾ ਗੁਰਦੇਵ ਕੌਰ ਦੀ ਬਰਸੀ ਤੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸੇ ਦੌਰਾਨ 2 ਦਸੰਬਰ ਨੂੰ ਅਧਿਆਪਕਾਂ ਵਲੋਂ ਪਟਿਆਲਾ ਜਾਮ ਦੇ ਸੱਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ।

