ਪਟਿਆਲਾ

ਵਾਈਸ ਚਾਂਸਲਰ ਵੱਲੋਂ ਦਾਖਲਾ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਸੈਂਟਰਾਂ ਦੇ ਮੁਖੀਆਂ ਨਾਲ ਇਕੱਤਰਤਾ

ਪਟਿਆਲਾ, 28 ਦਸੰਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਡਾ. ਬੀ.ਐਸ. ਘੁੰਮਣ ਵਲੋਂ ਯੂਨੀਵਰਸਿਟੀ ਨਾਲ ਸਬੰਧਤ ਰੀਜਨਲ ਸੈਂਟਰਾਂ ਅਤੇ ਨੇਬਰਹੁੱਡ ਕੈਂਪਸਾਂ ਵਿਖੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਲਈ ਦਾਖਲਾ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਅਪਗ੍ਰੇਡ ਕਰਨ ਦੇ ਮਨੋਰਥ ਨਾਲ ਇਨ੍ਹਾਂ ਸੈਂਟਰਾਂ ਦੇ ਮੁਖੀਆਂ ਅਤੇ ਇੰਚਾਰਜਾਂ ਨਾਲ ਇੱਕ ਇਕੱਤਰਤਾ ਵਿੱਚ ਵਿਆਪਕ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿਚ ਪਿਛਲੇ ਕੁਝ ਸਾਲਾਂ ਦੌਰਾਨ ਘੱਟ ਦਾਖਲਿਆਂ ਦੇ ਕਾਰਨ ਲੱਭਣ ਅਤੇ ਉਨ੍ਹਾਂ ਖੇਤਰਾਂ ਦੀ ਮੰਗ ਅਨੁਸਾਰ ਨਵੇਂ ਕੋਰਸ ਸ਼ੁਰੂ ਕਰਨ ਦੀਆਂ ਰਣਨੀਤੀਆਂ ਤੇ ਵਿਚਾਰ ਚਰਚਾ ਕੀਤੀ ਗਈ।

ਡਾ. ਘੁੰਮਣ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਇਨ੍ਹਾਂ ਕੈਂਪਸਾਂ ਵਿਖੇ ਯੋਗਤਾ ਪ੍ਰਾਪਤ ਫੈਕਲਟੀ ਅਤੇ ਬਿਹਤਰ ਸਾਜ਼ੋ-ਸਾਮਾਨ ਹੋਣ ਦੇ ਬਾਵਜੂਦ ਵਿਦਿਆਰਥੀਆਂ ਦੇ ਪ੍ਰਾਈਵੇਟ ਸੰਸਥਾਵਾਂ ਆਕਰਸ਼ਿਤ ਹੋਣ ਦੇ ਕਾਰਨਾਂ ਦੀ ਪਛਾਣ ਕਰਨ। ਉਨ੍ਹਾਂ ਨੇ ਵੱਖ-ਵੱਖ ਰੀਜਨਲ ਸੈਂਟਰਾਂ ਅਤੇ ਨੇਬਰਹੁੱਡ ਕੈਂਪਸਾਂ ਦੇ ਮੁਖੀਆਂ ਵਜੋਂ ਸੇਵਾਵਾਂ ਕਰ ਰਹੇ ਅਧਿਆਪਕਾਂ ਨੂੰ ਗੁਆਚ ਰਹੀ ਪ੍ਰਤਿਸ਼ਠਾ ਅਤੇ ਮਾਣ-ਸਨਮਾਨ ਨੂੰ ਬਹਾਲ ਕਰਨ ਲਈ ਨਵੀਆਂ ਮਾਰਕੀਟਿੰਗ ਅਤੇ ਪ੍ਰਬੰਧਨ ਦੀਆਂ ਰਣਨੀਤੀਆਂ ਤਿਆਰ ਕਰਨ ਲਈ ਵਿਸਥਾਰਪੂਰਵਕ ਯੋਜਨਾ ਬਣਾਉਣ ਲਈ ਵੀ ਕਿਹਾ। ਡਾ. ਘੁੰਮਣ ਨੇ ਇਨ੍ਹਾਂ ਸੰਸਥਾਵਾਂ ਵਿੱਚ ਲੋੜਾਂ ਦੇ ਆਧਾਰ ਤੇ ਫੈਕਲਟੀ ਸਰੋਤਾਂ ਅਤੇ ਬੁਨਿਆਦੀ ਢਾਂਚੇ ਨੂੰ ਸਵੈ-ਚਾਲਿਤ ਢੰਗ ਨਾਲ ਚਲਾਉਣ ਲਈ ਵੀ ਪ੍ਰੇਰਿਆ।
ਡਾ. ਘੁੰਮਣ ਨੇ ਅੱਗੇ ਕਿਹਾ ਕਿ ਸਮੇਂ ਦੀ ਲੋੜ ਅਨੁਸਾਰ ਨਵੀਨਤਮ ਤਕਨੀਕਾਂ ਅਤੇ ਹੋਰ ਸੂਚਨਾ ਆਧਾਰਤ ਵਿਧਾਵਾਂ ਨੂੰ ਬਿਹਤਰ ਢੰਗ ਨਾਲ ਸਮਝਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸਹੂਲਤ ਲਈ ਇਨ੍ਹਾਂ ਸੈਂਟਰਾਂ ਅਤੇ ਕੈਂਪਸਾਂ ਵਿਖੇ ਹੋਰ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਹਰ ਸੰਭਵ ਮਦਦ ਕਰੇਗੀ।

Leave a Reply

Your email address will not be published. Required fields are marked *