ਪੰਜਾਬਪਟਿਆਲਾ

ਪਟਿਆਲਾ ਜ਼ਿਲ੍ਹੇ ‘ਚ 835 ਗ੍ਰਾਮ ਪੰਚਾਇਤਾਂ ਦੀ ਚੋਣ ਲਈ 82 ਫੀਸਦੀ ਦੇ ਕਰੀਬ ਮਤਦਾਨ

-ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਨੇ ਚੋਣ ਅਮਲ ਦਾ ਲਿਆ ਜਾਇਜ਼ਾ
-ਡਿਪਟੀ ਕਮਿਸ਼ਨਰ ਵੱਲੋਂ ਚੋਣਾਂ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਨ ਲਈ ਵੋਟਰਾਂ ਤੇ ਚੋਣ ਅਮਲੇ ਦਾ ਧੰਨਵਾਦ
-ਵੋਟਰਾਂ ਨੇ ਦਿਖਾਇਆ ਭਾਰੀ ਉਤਸ਼ਾਹ, ਕਤਾਰਾਂ ‘ਚ ਖੜ੍ਹਕੇ ਪਾਈਆਂ ਵੋਟਾਂ
-ਬੈਲੇਟ ਪੇਪਰ ‘ਚ ਤਕਨੀਕੀ ਗ਼ਲਤੀ ਕਰਕੇ ਘਨੌਰ ਬਲਾਕ ਦੇ ਪਿੰਡ ਲਾਛੜੂ ‘ਚ ਵੋਟਾਂ ਮੁੜ ਪੁਆਈਆਂ ਜਾਣਗੀਆਂ
ਪਟਿਆਲਾ, 30 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪਟਿਆਲਾ ਜ਼ਿਲ੍ਹੇ ਦੇ 9 ਬਲਾਕਾਂ ਵਿਚਲੇ ਪਿੰਡਾਂ ਦੀਆਂ 1038 ਗ੍ਰਾਮ ਪੰਚਾਇਤਾਂ ਵਿੱਚੋਂ 835 ਪੰਚਾਇਤਾਂ ਦੀ ਚੋਣ ਲਈ ਅੱਜ ਵੋਟਾਂ ਪੈਣ ਦਾ ਅਮਲ ਨਿਰਵਿਘਨ, ਸਫ਼ਲਤਾ ਪੂਰਵਕ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹ ਗਿਆ। ਇਸ ਦੌਰਾਨ ਵੋਟਰਾਂ ‘ਚ ਭਾਰੀ ਉਤਸ਼ਾਹ ਪਾਇਆ ਗਿਆ ਅਤੇ ਲੋਕਾਂ ਨੇ ਸਵੇਰ 8 ਵਜੇ ਤੋਂ ਹੀ ਵੋਟਾਂ ਪੈਣ ਦੇ ਆਖਰੀ ਸਮੇਂ ਤੱਕ ਕਤਾਰਾਂ ‘ਚ ਖੜ੍ਹੇ ਹੋ ਕੇ 82 ਫੀਸਦੀ ਦੇ ਕਰੀਬ ਮਤਦਾਨ ਕੀਤਾ।

ਅੱਜ ਪਈਆਂ ਇਨ੍ਹਾਂ ਵੋਟਾਂ ਦੀ ਗਿਣਤੀ ਵੀ ਵੋਟਾਂ ਪੈਣ ਦੀ ਪ੍ਰਕ੍ਰਿਆ ਖ਼ਤਮ ਹੋਣ ਮਗਰੋਂ ਸਬੰਧਤ ਪੋਲਿੰਗ ਸਟੇਸ਼ਨਾਂ ਵਿਖੇ ਹੀ ਕਰਵਾਈ ਗਈ ਅਤੇ ਨਤੀਜੇ ਮੌਕੇ ‘ਤੇ ਹੀ ਐਲਾਨ ਦਿੱਤੇ ਗਏ। ਇਸ ਤੋਂ ਪਹਿਲਾਂ 202 ਗ੍ਰਾਮ ਪੰਚਾਇਤਾਂ ਦੀ ਚੋਣ ਬਿਨਾ ਮੁਕਾਬਲਾ ਸੰਪੰਨ ਹੋ ਗਈ ਸੀ ਜਦੋਂਕਿ 266 ਸਰਪੰਚ ਅਤੇ 3285 ਪੰਚ ਨਿਰਵਿਰੋਧ ਚੁਣੇ ਗਏ ਸਨ। ਜਦੋਂਕਿ ਘਨੌਰ ਬਲਾਕ ਦੀ ਇੱਕ ਗ੍ਰਾਮ ਪੰਚਾਇਤ ਦੀ ਚੋਣ ਮੁੜ ਕਰਵਾਏ ਜਾਣ ਲਈ ਰਾਜ ਚੋਣ ਕਮਿਸ਼ਨ ਨੂੰ ਲਿਖਿਆ ਗਿਆ ਹੈ।
ਮੁਕੰਮਲ ਹੋਏ ਸਮੁੱਚੇ ਚੋਣ ਅਮਲ ਦਾ ਪਟਿਆਲਾ ਦੇ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਕਈ ਪੋਲਿੰਗ ਬੂਥਾਂ ‘ਤੇ ਜਾ ਕੇ ਜਾਇਜ਼ਾ ਲਿਆ। ਇਸ ਦੌਰਾਨ ਸ੍ਰੀ ਕੁਮਾਰ ਅਮਿਤ ਨੇ ਚੋਣ ਅਮਲ ਨਿਰਵਿਘਨ ਤੇ ਨਿਰਪੱਖ ਢੰਗ ਨਾਲ ਨੇਪਰੇ ਚੜ੍ਹਨ ਲਈ ਵੋਟਰਾਂ ਅਤੇ ਚੋਣ ਅਮਲੇ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਚੋਣਾਂ ਪੂਰੀ ਤਰ੍ਹਾਂ ਸੁਤੰਤਰ ਅਤੇ ਪਾਰਦਰਸ਼ਤਾ ਨਾਲ ਕਰਵਾਈਆਂ ਹਨ।
ਐਸ.ਐਸ.ਪੀ. ਸ. ਸਿੱਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਇੰਤਜਾਮ ਕੀਤੇ ਗਏ ਸਨ। ਉਨ੍ਹਾਂ ਹੋਰ ਦੱਸਿਆ ਕਿ ਬਲਾਕ ਘਨੌਰ ਵਿਖੇ ਜਾਅਲੀ ਵੋਟਾਂ ਪਾਉਣ ਦੇ ਮਾਮਲੇ ‘ਚ ਦੋ ਜਣਿਆਂ, ਬਿਹਾਰੀ ਸਰਨ ਪੁੱਤਰ ਨਿਰਮਲ ਕੁਮਾਰ ਤੇ ਰਣਬੀਰ ਸਿੰਘ ਪੁੱਤਰ ਰਾਮ ਸਿੰਘ ਵਾਸੀਅਨ ਹਰੀ ਮਾਜਰਾ ਨੂੰ ਗ੍ਰਿਫ਼ਤਾਰ ਕੀਤਾ ਹੈ, ਇਨ੍ਹਾਂ ਵਿਰੁੱਧ ਪਿੰਡ ਹਰੀ ਮਾਜਰਾ ਦੇ ਬੂਥ ਨੰਬਰ 25 ਦੇ ਪ੍ਰੀਜਾਇਡਿੰਗ ਅਫ਼ਸਰ ਮਾਲਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਥਾਣਾ ਘਨੌਰ ‘ਚ ਧਾਰਾ 420, 467, 468, 471, 120-ਬੀ ਅਤੇ ਪੰਜਾਬ ਚੋਣ ਕਮਿਸ਼ਨ ਐਕਟ 1994 ਤਹਿਤ ਕੇਸ ਦਰਜ ਕੀਤਾ ਗਿਆ ਹੈ। ਸ. ਸਿੱਧੂ ਨੇ ਦੱਸਿਆ ਕਿ ਇਹ ਦੋਵੇਂ ਜਣੇ ਰਣਬੀਰ ਸਿੰਘ ਦੀ ਪਤਨੀ, ਜੋ ਕਿ ਸਰਪੰਚੀ ਲਈ ਉਮੀਦਵਾਰ ਸੀ, ਨੂੰ ਜਾਅਲੀ ਵੋਟਾਂ ਪਾਉਣ ਆਏ ਸਨ।
ਇਸੇ ਦੌਰਾਨ ਚੋਣ ਅਮਲ ਬਾਰੇ ਹੋਰ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਘਨੌਰ ਬਲਾਕ ਦੇ ਪਿੰਡ ਲਾਛੜੂ ਕਲਾਂ ‘ਚ ਬੈਲੇਟ ਪੇਪਰਾਂ ‘ਚ ਤਕਨੀਕੀ ਗ਼ਲਤੀ ਕਰਕੇ ਗ੍ਰਾਮ ਪੰਚਾਇਤ ਦੀਆਂ ਵੋਟਾਂ ਮੁੜ ਪੁਆਉਣ ਲਈ ਰਾਜ ਚੋਣ ਕਮਿਸ਼ਨ ਨੂੰ ਲਿਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਤਰੀਕ ਦਾ ਐਲਾਨ ਕਰਨ ਮਗਰੋਂ ਇਸ ਗ੍ਰਾਮ ਪੰਚਾਇਤ ਦੀ ਚੋਣ ਮੁੜ ਕਰਵਾਈ ਜਾਵੇਗੀ।

Leave a Reply

Your email address will not be published. Required fields are marked *