‘ਮਿਸਟਰ ਪਟਿਆਲਾ’ ਬਣੇ ਮਨਿੰਦਰ ਚੋਪੜਾ ਅਤੇ ਉਨ੍ਹਾਂ ਦੇ ਕੋਚ ਹਰਮੀਤ ਬੱਗਾ ਸਨਮਾਨਤ
ਪਟਿਆਲਾ 8 ਜਨਵਰੀ (ਮਧੂਸਾਰ ਬਿਊਰੋ) ਡਾ. ਭੀਮ ਰਾਓ ਅੰਬੇਡਕਰ ਵੈਲਫੇਅਰ ਸੋਸਾਇਟੀ ਵੱਲੋਂ ਪ੍ਰਧਾਨ ਰਵੀ ਕੁਮਾਰ ਤੇ ਵਿਜੇ ਬੋਹਤੇ ਦੀ ਅਗਵਾਈ ਹੇਠ ਬਡੂੰਗਰ ਵਿਖੇ ਕਰਵਾਏ ਗਏ 55 ਕਿਲੋ ਭਾਰ ਵਰਗ ‘ਚ ਸ਼ਾਨਦਾਰ ਪ੍ਰਦਰਨ ਕਰ ਓਵਰਆਲ ਟਰਾਫੀ ਜਿੱਤਕੇ ਮਿਸਟਰ ਪਟਿਆਲਾ ਬਣ ਜਾਣ ਤੇ ਬਡੂੰਗਰ ਵਾਸੀ ਮਨਿੰਦਰ ਸਿੰਘ ਚੋਪੜਾ ਅਤੇ ਉਨ੍ਹਾਂ ਦੇ ਕੋਚ ਹਰਮੀਤ ਸਿੰਘ ਬੱਗਾ ਦਾ ਬਡੂੰਗਰ ਵਿਖੇ ਕਾਂਗਰਸ ਪੋਲੀਟੀਕਲ ਸੈਲ ਪੰਜਾਬ ਦੇ ਚੇਅਰਮੈਨ ਰੂਪ ਕੁਮਾਰ ਧਾਰੀਵਾਲ ਵੱਲੋਂ ਨੌਜਵਾਨ ਵੇਟ ਲਿਫਟਰਾਂ ਦੀ ਹਾਜ਼ਰੀ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਰੂਪ ਕੁਮਾਰ ਧਾਰੀਵਾਲ ਨੇ ਮਨਿੰਦਰ ਚੋਪੜਾ ਤੇ ਕੋਚ ਹਰਮੀਤ ਸਿੰਘ ਬੱਗਾ ਦੀ ਭਰਪੂਰ ਪ੍ਰਸੰਸਾ ਕਰਦਿਆ ਕਿਹਾ ਕਿ ਕਿਸੇ ਵੀ ਖੇਤਰ ਵਿੱਚ ਆਪਣੀ ਮਿਹਨਤ ਤੇ ਲਗਨ ਦੇ ਬਲਬੂੱਤੇ ਤੇ ਜਦੋਂ ਕੋਈ ਸਫ਼ਲਤਾ ਪ੍ਰਾਪਤ ਕਰਦਾ ਹੈ ਤਾਂ ਉਹ ਅਨੇਕਾਂ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਬਣ ਜਾਂਦਾ ਹੈ ਤਾਂ ਇੱਕ ਦਿਨ ਅਜਿਹਾ ਵੀ ਆਉਂਦਾ ਹੈ ਜਦੋਂ ਨੌਜਵਾਨਾਂ ਨੂੰ ਆਪਣੀ ਮਿਹਨਤ ਤੇ ਫਲ ਦੀ ਪ੍ਰਾਪਤੀ ਹੁੰਦੀ ਹੈ। ਵੇਟ ਲਿਫਟਿੰਗ ਕੋਚ ਹਰਮੀਤ ਸਿੰਘ ਬੱਗਾ ਨੇ ਦੇਸ਼ ਵਿਦੇਸ਼ਾਂ ਵਿੱਚ ਅਨੇਕਾਂ ਵਾਰ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤੇ ਹਨ ਤੇ ਸ਼ਹਿਰ ਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਜਿਹੜੇ ਕਿ ਅਨੇਕਾਂ ਨੌਜਵਾਨਾਂ ਨੂੰ ਵੇਟ ਲਿਫਟਿੰਗ ਨਾਲ ਜੋੜ ਰਹੇ ਹਨ। ਇਸੇ ਤਰ੍ਹਾਂ ਮਨਿੰਦਰ ਸਿੰਘ ਨੇ ਮਿਸਟਰ ਪਟਿਆਲਾ ਦਾ ਖਿਤਾਬ ਪ੍ਰਾਪਤ ਕਰ ਆਪਣੇ ਕੋਚ ਹਰਮੀਤ ਸਿੰਘ ਬੱਗਾ ਅਤੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ। ਉਨ੍ਹਾਂ ਨੌਜੁਆਨਾਂ ਨੂੰ ਭਰੋਸਾ ਦਿੱਤਾ ਕਿ ਉਹ ਹਰ ਪੱਖੋਂ ਸਹਿਯੋਗ ਲਈ ਉਨ੍ਹਾਂ ਨਾਲ ਕੰਧੇ ਨਾਲ ਕੰਧਾ ਜੋੜਕੇ ਖੜੇ ਹਨ।
ਇਸ ਦੌਰਾਨ ਕੋਚ ਹਰਮੀਤ ਸਿੰਘ ਬੱਗਾ ਨੇ ਦੱਸਿਆ ਕਿ ਉਹ ਨੌਜਵਾਨਾਂ ਨੂੰ ਨਿਰਸਵਾਰਥ ਵੇਟ ਲਿਫਟਿੰਗ ਦੀ ਸਿੱਖਿਆ ਦੇ ਰਹੇ ਹਨ ਤੇ ਆਉਣ ਵਾਲੇ ਸਮੇਂ ‘ਚ ਜਲਦ ਹੀ ਨੌਜਵਾਨਾਂ ਨੂੰ ਪੰਜਾਬ ਪੱਧਰੀ ਮੁਕਾਬਲਿਆਂ ਲਈ ਵੀ ਮੈਦਾਨ ਵਿੱਚ ਉਤਾਰਿਆ ਜਾਵੇਗਾ। ਇਸ ਮੌਕੇ ਰਾਜ ਕੁਮਾਰ ਬੰਟੀ, ਹਰਪ੍ਰੀਤ ਸਿੰਘ ਐਡਵੋਕੇਟ, ਅਸ਼ੋਕ ਲੋਹਾਨ, ਸੰਦੀਪ ਲੱਕੀ, ਸਿਲਵਰ ਮੈਡਲ ਜੇਤੂ ਪੰਜਾਬ, ਰੋਹਨ, ਮਨਦੀਪ ਸਿੰਘ ਮਾਟਾ, ਦਰਸ਼ਨ ਸਿੰਘ, ਹਨੀ ਸੋਹਲ, ਜੁਨੇਦ ਆਲਮ, ਜਸਵਿੰਦਰ ਸਿੰਘ ਮੱਟੂ, ਸਾਹਿਲ ਸੁੱਖੀ, ਕਰਨ, ਰਾਹੁਲ, ਨਿਖਿਲ, ਵਰਿੰਦਰ ਸਿੰਘ, ਵੇਟ ਲਿਫਟਰ ਹਾਜਰ ਸਨ।

