ਪਟਿਆਲਾ

ਪੰਜਾਬੀ ਯੂਨੀਵਰਸਿਟੀ ਪੰਜਾਬੀਅਤ ਦਾ ਮੱਕਾ : ਡਾ. ਘੁੰਮਣ

ਪਟਿਆਲਾ 10 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ ਪਰਵਾਸੀ ਪੰਜਾਬੀ ਸਾਹਿਤ ਦਆਂ ਪ੍ਰਾਪਤੀਆਂ ਅਤੇ ਸੰਭਾਵਨਾਵਾਂ ਨੂੰ ਵਿਚਾਰਨ ਲਈ ਕਰਵਾਈ ਜਾ ਰਹੀ ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ ਦੇ ਦੂਸਰੇ ਦਿਨ ਮੈਂ ਅਤੇ ਮੇਰਾ ਅਨੁਭਵ ਨਾਮੀ ਸੈਸ਼ਨ ਦੀ ਪ੍ਰਧਾਨਗੀ ਸਰਸਵਤੀ ਐਵਾਰਡ ਜੇਤੂ ਪ੍ਰਸਿੱਧ ਸਾਹਿਤਕਾਰ ਡਾ. ਦਲੀਪ ਕੌਰ ਟਿਵਾਣਾ ਵੱਲੋਂ ਕੀਤੀ ਗਈ।

ਇਸ ਸੈਸ਼ਨ ਵਿਚ ਵਖ-ਵਖ ਦੇਸ਼ਾਂ ਤੋਂ ਪਹੁੰਚੇ ਸਾਹਿਤਕਾਰਾਂ ਵੱਲੋਂ ਆਪਣੇ ਆਪਣੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਗਿਆ ਕਿ ਕਿਵੇਂ ਉਹ ਬੇਗਾਨੇ ਮੁਲਕਾਂ ਦੀ ਧਰਤੀ ਤੇ ਵਿਚਰਦੇ ਰਹੇ ਅਤੇ ਉਨ੍ਹਾਂ ਦੇਸ਼ਾਂ ਦੇ ਕਿਸ ਤਰ੍ਹਾਂ ਦੇ ਅਨੁਭਵ ਨੇ ਉਨ੍ਹਾਂ ਨੂੰ ਲਿਖਣ ਲਈ ਪ੍ਰੇਰਿਆ। ਇਸ ਸੈਸ਼ਨ ਦੇ ਮੁੱਖ ਮਹਿਮਾਨ ਯੂਕੇ ਤੋਂ ਵਿਸ਼ੇਸ ਤੌਰ ਤੇ ਪਹੁੰਚੇ ਮਨਮੋਹਨ ਮਹੇੜੂ ਸਨ ਅਤੇ ਵਿਸ਼ੇਸ ਮਹਿਮਾਨ ਦੇ ਤੌਰ ਤੇ ਪ੍ਰਸਿੱਧ ਲੇਖਿਕਾ ਬਚਿੰਤ ਕੌਰ ਅਤੇ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਬਲਕਾਰ ਵੱਲੋਂ ਹਾਜ਼ਰੀ ਲਗਵਾਈ ਗਈ। ਜ਼ਿਕਰਯੋਗ ਹੈ ਕਿ ਸ਼੍ਰੀ ਮਨਮੋਹਨ ਮਹੇੜੂ ਨੇ ਇਸ ਕਾਨਫਰੰਸ ਦੇ ਆਯੋਜਨ ਲਈ ਯੂਨੀਵਰਸਿਟੀ ਨੂੰ ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਸੀ।
ਇਸ ਸੈਸ਼ਨ ਵਿਚ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਉਚੇਚੇ ਰੂਪ ਵਿਚ ਸ਼ਿਰਕਤ ਕੀਤੀ ਗਈ। ਇਸ ਮੌਕੇ ਬੋਲਦਿਆਂ ਡਾ. ਘੁੰਮਣ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਪੰਜਾਬੀ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਜੇਕਰ ਪੰਜਾਬੀਅਤ ਦਾ ਮੱਕਾ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਵਖ-ਵਖ ਲੇਖਕਾਂ ਦੇ ਰਚਨਾਤਮਕ ਅਨੁਭਵ ਸੁਣਨ ਲਈ ਉਚੇਚੇ ਤੌਰ ਤੇ ਪਹੁੰਚੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਮਾਜ ਨੂੰ ਸੋਹਣੀ ਸੇਧ ਦੇਣ ਵਾਲੇ ਸਾਹਿਤਕਾਰਾਂ ਦੀ ਅੱਜ ਦੇ ਦੌਰ ਵਿਚ ਬਹੁਤ ਲੋੜ ਹੈ।
ਆਪਣੇ ਪ੍ਰਧਾਨਗੀ ਭਾਸ਼ਨ ਵਿਚ ਡਾ. ਦਲੀਪ ਕੌਰ ਟਿਵਾਣਾ ਵੱਲੋਂ ਕਿਹਾ ਗਿਆ ਕਿ ਲੇਖਕਾਂ ਨੂੰ ਆਪਣੀਆਂ ਰਚਨਾਵਾਂ ਰਚਣ ਲਈ ਭਾਸ਼ਾ ਦੇ ਸੁਹਜ ਦਾ ਵਿਸ਼ੇਸ ਤੌਰ ਤੇ ਖਿਆਲ ਰੱਖਣ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬੇਬਾਕੀ ਦੇ ਨਾਮ ਹੇਠ ਨੰਗੇਜ਼ਵਾਦ ਜਿਹਾ ਕੁਹਜ ਸਿਰਜਣ ਤੋਂ ਹਰ ਲੇਖਕ ਨੂੰ ਪਰਹੇਜ ਕਰਨਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸਾਨੂੰ ਪੱਛਮੀ ਸੱਭਿਅਤਾ ਦੀ ਨਕਲ ਛੱਡ ਕੇ ਆਪਣੀ ਸਭਿਅਤਾ ਨਾਲ ਜੁੜਨ ਦੀ ਲੋੜ ਹੈ ਕਿਉਂਕਿ ਅੱਜਕੱਲ੍ਹ ਤਾਂ ਪੱਛਮੀ ਲੋਕ ਵੀ ਸਾਡੀ ਸੱਭਿਅਤਾ ਅਤੇ ਜੀਵਨ ਸ਼ੈਲੀ ਤੋਂ ਆਕ੍ਰਿਸ਼ਤ ਹੋ ਰਹੇ ਹਨ।
ਮਨਮੋਹਨ ਮਹੇੜੂ ਵੱਲੋਂ ਕਿਹਾ ਗਿਆ ਕਿ ਕੁੱਝ ਲੋਕਾਂ ਵੱਲੋਂ ਗਲਤ ਤੱਥ ਪ੍ਰਚਾਰੇ ਜਾ ਰਹੇ ਹਨ ਕਿ ਯੂਕੇ ਦੀ ਧਰਤੀ ਤੇ ਬਹੁਤ ਸਾਰੇ ਲੋਕਾਂ ਨਾਲ ਵਿਤਕਰਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਨਿੱਜੀ ਅਨੁਭਵ ਦੇ ਅਧਾਰ ਤੇ ਕਹਿ ਸਕਦੇ ਹਨ ਕਿ ਉੱਥੋਂ ਦੇ ਸਮਾਜ ਵਿਚ ਅਜਿਹਾ ਕੁੱਝ ਨਹੀਂ ਹੁੰਦਾ ਹੈ।
ਬਚਿੰਤ ਕੌਰ ਵੱਲੋਂ ਆਪਣੇ ਨਿੱਜੀ ਅਨੁਭਵ ਸਾਂਝੇ ਕੀਤੇ ਗਏ ਅਤੇ ਡਾ. ਬਲਕਾਰ ਸਿੰਘ ਵੱਲੋਂ ਪਰਵਾਸ ਦੇ ਹਵਾਲੇ ਨਾਲ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਸੀਂ ਭਾਵੇਂ ਕਿਸੇ ਵੀ ਧਰਤੀ ਤੇ ਚਲੇ ਜਾਈਏ ਪਰ ਸਾਡੇ ਲਹੂ ਵਿਚ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ ਹਮੇਸ਼ਾ ਰਹਿੰਦੀ ਹੈ।
ਇਸ ਸੈਸ਼ਨ ਵਿਚ ਸੁਖਵਿੰਦਰ ਕੰਬੋਜ਼, ਦਰਸ਼ਨ ਬੁਲੰਦਵੀ, ਨੀਲਮ ਆਦਿ ਲੇਖਕਾਂ ਵੱਲੋਂ ਆਪੋ ਆਪਣੇ ਅਨੁਭਵ ਸਾਂਝੇ ਕੀਤੇ ਗਏ।
ਅੰਤ ਵਿਚ ਕੈਨੇਡੀਅਨ ਲੇਖਕ ਸੁਖਮੰਦਰ ਬਰਾੜ, ਸੁਰਿੰਦਰ ਸੀਰਤ ਆਦਿ ਕੁੱਝ ਲੇਖਕਾਂ ਦੀਆਂ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ ਅਤੇ ਇਟਲੀ ਤੋਂ ਪਹੁੰਚੇ ਵਿਸ਼ਾਲ ਵੱਲੋਂ ਕੱਢਿਆ ਜਾਂਦਾ ਪੰਜਾਬੀ ਰਸਾਲਾ ‘ਅੱਖਰ’ ਦਾ ਤਾਜ਼ਾ ਅੰਕ ਰਿਲੀਜ਼ ਕੀਤਾ ਗਿਆ।

Leave a Reply

Your email address will not be published. Required fields are marked *