ਸਿੱਖਾਂ ਮਸਲਿਆਂ ਨੂੰ ਲੈ ਕੇ ਸਰਕਾਰਾਂ ਨਾਲ ਲੜਾਈ ਜਾਰੀ ਰੱਖਾਂਗੇ : ਮਨਜੀਤ ਸਿੰਘ ਜੀ.ਕੇ.
ਕਾਂਗਰਸ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਅਕਾਲੀ ਦਲ ਮੌਕਾ ਨਾ ਗਵਾਏ : ਮਨਜੀਤ ਸਿੰਘ ਜੀ.ਕੇ.
ਪਟਿਆਲਾ 12 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਦੇਸ਼ ਤੇ ਸੂਬੇ ‘ਚ ਸਿੱਖਾਂ ਨਾਲ ਕੀਤੇ ਜਾਂਦੇ ਮਾੜੇ ਵਿਵਹਾਰ ‘ਤੇ ਚਿੰਤਾ ਪ੍ਰਗਟ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਹਮੇਸ਼ਾ ਸਿੱਖ ਭਾਈਚਾਰੇ ਨਾਲ ਸਮੇਂ ਸਮੇਂ ‘ਤੇ ਹੁੰਦੀ ਧੱਕੇਸ਼ਾਹੀ ਨੂੰ ਲੈ ਕੇ ਆਵਾਜ਼ ਉਠਾਈ ਹੈ ਅਤੇ ਸਿੱਖਾਂ ਲਈ ਹਮੇਸ਼ਾ ਸਰਕਾਰਾਂ ਨਾਲ ਲੜਾਈ ਜਾਰੀ ਰੱਖਾਂਗੇ, ਜਿਸ ਦਾ ਨਤੀਜਾ ਅੱਜ ਸਿੱਖ ਕਤਲੇਆਮ ਦਾ ਮੁੱਖ ਦੋਸ਼ੀ ਸੱਜਣ ਕੁਮਾਰ ਜੇਲ੍ਹ ਦੀਆਂ ਸਿਲਾਖਾਂ ਪਿੱਛੇ ਬੈਠਾ ਹੈ।
ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਅੰਮ੍ਰਿਤਧਾਰੀ ਸਿੱਖ ਨੌਜਵਾਨ ਵਕੀਲ ਨੂੰ ਸੁਪਰੀਮ ਕੋਰਟ ਅੰਦਰ ਵਕਾਲਤ ਕੀਤੇ ਜਾਣ ਨੂੰ ਰੋਕਣਾ ਬੇਹੱਦ ਮੰਦਭਾਗਾ ਅਤੇ ਇਸ ਮਾਮਲੇ ‘ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਵੀ ਗੰਭੀਰਤਾ ਵਿਖਾਉਂਦਿਆਂ ਮਾਮਲਾ ਹੱਲ ਕਰਨ ਦੀ ਗੱਲ ਕਹੀ ਹੈ, ਜੇ ਫਿਰ ਵੀ ਮਸਲਾ ਹੱਲ ਨਾ ਹੋਇਆ ਤਾਂ ਸਿੱਖ ਭਾਈਚਾਰਾ ਮਾੜੇ ਫੈਸਲੇ ਵਿਰੁੱਧ ਆਵਾਜ਼ ਉਠਾਵੇਗਾ। ਇਕ ਸਵਾਲ ਦੇ ਜਵਾਬ ‘ਚ ਜੀ.ਕੇ. ਨੇ ਕਿਹਾ ਕਿ ਨਵਾਂ ਸ਼ਹਿਰ ਦੀ ਅਦਾਲਤ ਵੱਲੋਂ ਸਿੱਖ ਨੌਜਵਾਨਾਂ ਨੂੰ ਉਮਰ ਕੈਦ ਦੇ ਫੈਸਲੇ ‘ਤੇ ਨਜ਼ਰਸਾਨੀ ਕਰਨ ਦੀ ਲੋੜ ਹੈ, ਪਰ ਅਦਾਲਤ ਤੇ ਕਾਨੂੰਨ ਨੂੰ ਘੱਟ ਗਿਣਤੀ ਲੋਕਾਂ ਪ੍ਰਤੀ ਪੱਖਪਾਤੀ ਰਵੱਈਆਂ ਨਹੀਂ ਰੱਖਣਾ ਚਾਹੀਦਾ।
ਗਿਆਨ ਗੋਦੜੀ ਤੇ ਸਿੱਕਮ ਦੇ ਗੁਰਦੁਆਰੇ ਦੇ ਮਸਲੇ ‘ਚ ਬੋਲਦਿਆਂ ਜੀ.ਕੇ. ਨੇ ਕਿਹਾ ਕਿ ਮਸਲੇ ਨੂੰ ਕਈ ਵਾਰ ਹੂਕਮਤੀ ਸਰਕਾਰਾਂ ਤੱਕ ਪਹੁੰਚਾਇਆ ਤੇ ਕੇਂਦਰ ਸਰਕਾਰ ਦੇ ਧਿਆਨ ‘ਚ ਵੀ ਮਾਮਲੇ ਨੂੰ ਲਿਆਂਦਾ ਗਿਆ, ਜਦ ਤੱਕ ਸਰਕਾਰਾਂ ਸਿੱਖ ਮਸਲਿਆਂ ਪ੍ਰਤੀ ਗੰਭੀਰਤਾ ਨਹੀਂ ਵਿਖਾਉਂਦੀਆਂ ਸਿੱਖ ਭਾਈਚਾਰਾ ਇਸੇ ਤਰ੍ਹਾਂ ਆਪਣੀ ਲੜਾਈ ਨੂੰ ਜਾਰੀ ਰੱਖੇਗਾ।
ਇਕ ਸਵਾਲ ਦੇ ਜਵਾਬ ‘ਚ ਜੀ.ਕੇ. ਨੇ ਕਿਹਾ ਕਿ ਸੂਬਾ ਪੰਜਾਬ ‘ਚ ਕਾਂਗਰਸ ਦੀ ਹਾਲਤ ਪਾਣੀ ਤੋਂ ਪਤਲੀ ਹੋ ਚੁੱਕੀ ਹੈ ਲੋਕਾਂ ਨਾਲ ਕੀਤੇ ਵੱਡੇ ਵੱਡੇ ਵਾਅਦੇ ਪੂਰੇ ਨਾ ਹੋਣ ਕਾਰਨ ਅੱਜ ਕਾਂਗਰਸ ਪ੍ਰਤੀ ਲੋਕਾਂ ‘ਚ ਰੋਸ ਦੀ ਲਹਿਰ ਹੈ ਤੇ ਕਾਂਗਰਸ ਨੂੰ ਸੱਤਾ ਤੋਂ ਉਖਾੜਨ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਅਜਿਹਾ ਮੌਕਾ ਨਹੀਂ ਗਵਾਉਣਾ ਚਾਹੀਦਾ। ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਕਿਸੇ ਵੀ ਤਰਾਂ ਦੀ ਧੜੇਬੰਦੀ ਨਹੀਂ ਹੈ ਤੇ ਪਾਰਟੀ ਪ੍ਰਧਾਨ ਵੱਲੋਂ ਜੋ ਵੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਉਸ ਨੁੰ ਤਨਦੇਹੀ ਤੇ ਇਮਾਨਦਾਰੀ ਨਾਲ ਪੂਰਾ ਕੀਤਾ ਜਾਂਦਾ।
ਇਸ ਮੌਕੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਮੈਨੇਜਰ ਕਰਨੈਲ ਸਿੰਘ ਨਾਭਾ ਤੇ ਪ੍ਰਬੰਧਕੀ ਟੀਮ ਨੇ ਮਨਜੀਤ ਸਿੰਘ ਜੀ.ਕੇ. ਨੂੰ ਸਿਰੋਪਾਓ ਦੇ ਕੇ ਸਨਮਾਨਤ ਵੀ ਕੀਤਾ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਐਡੀਸ਼ਨਲ ਮੈਨੇਜਰ ਕਰਨੈਲ ਸਿੰਘ, ਅਮਰਪਾਲ ਸਿੰਘ, ਮਨਜੀਤ ਸਿੰਘ, ਰੁਪਿੰਦਰ ਸਿੰਘ ਆਦਿ ਹਾਜ਼ਰ ਸਨ।

