ਗੰਨਮੈਨ ਵਜੋਂ ਤਾਇਨਾਤ ਸਿਪਾਹੀ ਨੇ ਕੀਤੀ ਖੁਦਕਸ਼ੀ
ਸਰਵਿਸ ਰਿਵਾਲਵਰ ਨਾਲ ਖੁਦ ਨੂੰ ਮਾਰ ਲਈ ਗੋਲੀ
ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਜੀਵਨ ਲੀਲਾ ਕੀਤੀ ਸਮਾਪਤ : ਸੂਤਰ
ਪਟਿਆਲਾ 28 ਸਤੰਬਰ (ਕੰਵਰ ਸਿੰਘ ਬੇਦੀ) ਪੁਲਿਸ ਵਿਭਾਗ ‘ਚ ਇਕ ਹੋਰ ਪੁਲਿਸ ਕਰਮਚਾਰੀ ਵੱਲੋਂ ਖੁਦ ਨੂੰ ਆਪਣੇ ਹੀ ਕਾਰਬਨ ਹਥਿਆਰ ਨਾਲ ਖੁਦਕਸ਼ੀ ਕੀਤੇ ਜਾਣ ਮਾਮਲਾ ਸਾਹਮਣੇ ਆਇਆ ਹੈ। ਅਜੇ ਕੁਝ ਹਫਤੇ ਪਹਿਲਾਂ ਹੀ ਸੀ.ਆਈ.ਡੀ. ‘ਚ ਤਾਇਨਾਤ ਇਕ ਏਐਸਆਈ ਵੱਲੋਂ ਆਪਣੇ ਸਰਵਿਸ ਰਿਵਾਲਵਰ ਨਾਲ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਠੰਡਾ ਨਹੀਂ ਸੀ ਹੋਇਆ ਕਿ ਇਕ ਹੋਰ ਘਟਨਾ ਨੇ ਜੋ ਪੁਲਿਸ ਵਿਭਾਗ ‘ਤੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ।
ਜਾਣਕਾਰੀ ਅਨੁਸਾਰ ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਹਰੀਸ਼ ਸਿੰਗਲਾ ਨਾਲ ਗੰਨਮੈਨ ਵਜੋਂ ਤਾਇਨਾਤ ਪਰਮਜੀਤ ਸਿੰਘ (27) ਨੇ ਸਵੇਰੇ ਆਪਣੇ ਹੀ ਘਰ ‘ਚ 7.30 ਵਜੇ ਆਪਣੇ ਕਾਰਬਨ ਹਥਿਆਰ ਨਾਲ ਖੁਦ ਨੂੰ ਗੋਲੀ ਮਾਰ ਲਈ। ਸਿਪਾਹੀ ਪਰਮਜੀਤ ਸਿੰਘ ਭਰਤ ਨਗਰ ਦਾ ਰਹਿਣ ਵਾਲਾ ਸੀ, ਜੋ ਸਾਲ 2011 ‘ਚ ਪੁਲਿਸ ਵਿਭਾਗ ‘ਚ ਭਰਤੀ ਹੋਇਆ ਸੀ। ਵਿਭਾਗ ਵੱਲੋਂ ਸਿਪਾਹੀ ਪਰਮਜੀਤ ਸਿੰਘ ਨੂੰ ਸ਼ਿਵ ਸੈਨਾ ਬਾਲ ਠਾਕਰੇ ਦੇ ਪ੍ਰਧਾਨ ਨਾਲ ਗੰਨਮੈਨ ਵਜੋਂ ਤਾਇਨਾਤ ਕੀਤਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਸਿਪਾਹੀ ਪਰਮਜੀਤ ਸਿੰਘ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਸਬੰਧ ‘ਚ ਸਿਵਲ ਲਾਈਨ ਦੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਦੇਹ ਨੂੰ ਮੌਰਚੂਰੀ ‘ਚ ਰੱਖਿਆ ਗਿਆ ਅਤੇ ਪੋਸਟਮਾਰਟਮ ਦੇ ਰਿਪੋਰਟ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਬਾਰੇ ਕੁਝ ਕਿਹਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਪੁਲਿਸ ਵਿਭਾਗ ‘ਚ ਵੱਧ ਰਹੀਆਂ ਖੁਦਕਸ਼ੀਆਂ ਦਾ ਸਿਲਸਿਲਾ ਵੱਧਦਾ ਹੀ ਜਾ ਰਿਹਾ ਹੈ। ਖੁਦਕਸ਼ੀਆਂ ਦੇ ਕਾਰਨ ਭਾਵੇਂ ਕੁਝ ਵੀ ਹੋਣ, ਪਰ ਅਸਲ ਕਾਰਨਾਂ ‘ਤੇ ਨਿਗਾਹ ਮਾਰੀ ਜਾਵੇ ਤਾਂ ਵਿਭਾਗ ਵੱਲੋਂ ਪੁਲਿਸ ਕਰਮਚਾਰੀਆਂ ਨੂੰ ਦਿੱਤੇ ਜਾਂਦੇ ਹਥਿਆਰ ਹੀ ਮੌਤ ਦਾ ਕਾਰਨ ਬਣਨ ਲੱਗ ਪਏ ਹਨ।

