ਪੰਜਾਬਪਟਿਆਲਾ

ਅਗੇਤੀ ਭਰਾਵਾਂ ਵੱਲੋਂ ਹੈਪੀ ਸੀਡਰ ਨਾਲ 90 ਏਕੜ ‘ਚ ਕਣਕ ਦੀ ਸਫਲ ਕਾਸ਼ਤ

ਨਾਭਾ/ਪਟਿਆਲਾ, 29 ਸਤੰਬਰ (ਮਧੂਸਾਰ ਬਿਊਰੋ) ਵਧਦੇ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਕਿਸਾਨਾਂ ਵੱਲੋਂ ਵੀ ਆਧੁਨਿਕ ਖੇਤੀ ਮਸ਼ੀਨਰੀ ਦੀ ਵਰਤੋਂ ਨਾਲ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਪਟਿਆਲਾ ਜ਼ਿਲ੍ਹੇ ਦੀ ਨਾਭਾ ਤਹਿਸੀਲ ਦੇ ਪਿੰਡ ਅਗੇਤੀ ਦੇ ਸਕੇ ਭਰਾ ਜਸਦੇਵ ਸਿੰਘ ਅਤੇ ਸ. ਹਰਦੇਵ ਸਿੰਘ ਪਿਛਲੇ ਤਿੰਨ ਸਾਲਾਂ ਤੋਂ ਆਪਣੀ 90 ਏਕੜ ਜਮੀਨ ‘ਚ ਖੇਤਾਂ ਨੂੰ ਬਿਨਾਂ ਅੱਗ ਲਗਾਏ ਹੈਪੀ ਸੀਡਰ ਦੀ ਮੱਦਦ ਨਾਲ ਕਣਕ ਦੀ ਬਿਜਾਈ ਕਰ ਕੇ ਜਿਥੇ ਚੰਗੀ ਆਮਦਨ ਕਰ ਰਹੇ ਹਨ ਉਥੇ ਵਾਤਾਵਰਣ ਨੂੰ ਦੂਸ਼ਿਤ ਨਾ ਕਰਕੇ ਸਕੂਨ ਵੀ ਮਹਿਸੂਸ ਕਰਦੇ ਹਨ।

ਕਿਸਾਨ ਜਸਦੇਵ ਸਿੰਘ ਨੇ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਵਾਹੁਣ ਸਬੰਧੀ ਦੱਸਦਿਆ ਕਿਹਾ ਕਿ ਉਨ੍ਹਾਂ ਨੇ 2017 ‘ਚ ਸਰਕਾਰ ਵੱਲੋਂ ਦਿੱਤੀ ਜਾਂਦੀ 50 ਫ਼ੀਸਦੀ ਸਬਸਿਡੀ ‘ਤੇ ਹੈਪੀ ਸੀਡਰ ਦੀ ਖਰੀਦ ਕੀਤੀ ਅਤੇ ਉਦੋਂ ਤੋਂ ਹੁਣ ਤੱਕ ਉਨ੍ਹਾਂ ਆਪਣੇ ਖੇਤਾਂ ‘ਚ ਕਦੇ ਵੀ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ।
ਅਗਾਂਹਵਧੂ ਕਿਸਾਨ ਜਸਦੇਵ ਸਿੰਘ ਨੇ ਕਿਹਾ ਕਿ ਹੈਪੀ ਸੀਡਰ ਵਾਤਾਵਰਣ ਸਹਿਯੋਗੀ ਤਕਨੀਕ ਹੋਣ ਦੇ ਨਾਲ-ਨਾਲ ਇਸ ਦੇ ਹੋਰ ਵੀ ਕਈ ਲਾਭ ਹਨ ਜਿਸ ਵਿਚ ਪ੍ਰਮੁੱਖ ਤੌਰ ‘ਤੇ ਇਸ ਦੀ ਵਰਤੋਂ ਨਾਲ ਜਿਥੇ ਕਣਕ ਦੀ ਬਿਜਾਈ ਇਕ ਵਾਰ ਵਿਚ ਹੀ ਹੋ ਜਾਂਦੀ ਹੈ ਉਥੇ ਹੀ ਸਮੇਂ ਦੀ ਬਹੁਤ ਬੱਚਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਹੈਪੀ ਸੀਡਰ ਨਾਲ ਬੀਜੀ ਕਣਕ ਨੂੰ ਅੱਗ ਲਗਾਕੇ ਬੀਜੇ ਖੇਤ ਵਾਲੀ ਕਣਕ ਨਾਲੋਂ ਇਕ ਪਾਣੀ ਘੱਟ ਲੱਗਦਾ ਹੈ ਉਥੇ ਹੀ ਇਕ ਏਕੜ ਜੋ ਪਹਿਲਾਂ 5 ਘੰਟੇ ‘ਚ ਪਾਣੀ ਨਾਲ ਭਰਦਾ ਸੀ ਹੁਣ ਹੈਪੀ ਸੀਡਰ ਨਾਲ ਬਿਜਾਈ ਤੋਂ ਬਾਅਦ ਉਹ ਖੇਤ ਸਾਢੇ ਤਿੰਨ ਘੰਟੇ ਵਿਚ ਭਰ ਜਾਂਦਾ ਹੈ।
ਅਗਾਂਹਵਧੂ ਕਿਸਾਨ ਜਸਦੇਵ ਸਿੰਘ ਨੇ ਦੱਸਿਆ ਕਿ ਹੈਪੀ ਸੀਡਰ ਨਾਲ ਬੀਜੀ ਕਣਕ ਦਾ ਇਕ ਵੱਡਾ ਲਾਭ ਇਹ ਵੀ ਹੈ ਕਿ ਇਸ ਨਾਲ ਬੀਜੀ ਕਣਕ ਪੱਕਣ ਸਮੇਂ ਚੱਲਣ ਵਾਲੀ ਹਵਾ ਨਾਲ ਗਿਰਦੀ ਨਹੀ ਅਤੇ ਜਿਸ ਨਾਲ ਝਾੜ ਵਿਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਖੇਤਾਂ ਨੂੰ ਕਈ ਸਾਲਾਂ ਤੋਂ ਅੱਗ ਨਾ ਲਗਾਉਣ ਨਾਲ ਜਮੀਨ ਦੀ ਉਪਾਊ ਸ਼ਕਤੀ ਵਿਚ ਵਾਧਾ ਹੋਇਆ ਹੈ ਅਤੇ ਹੈਪੀ ਸੀਡਰ ਨਾਲ ਬੀਜੀ ਕਣਕ ਵਿਚ ਨਦੀਨਾਂ ਦੀ ਵੀ ਕਮੀ ਆਈ ਹੈ। ਉਨ੍ਹਾਂ ਦੱਸਿਆ ਕਿ ਇਸ ਤਕਨੀਕ ਨਾਲ ਬੀਜੀ ਕਣਕ ਦਾ ਝਾੜ ਵੀ ਵਾਧਾ ਹੁੰਦਾ ਹੈ।
ਸ. ਜਸਦੇਵ ਸਿੰਘ ਨੇ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕਰਦਿਆ ਕਿਹਾ ਕਿ ਖੇਤੀ ਲਈ ਆਧੁਨਿਕ ਮਸ਼ੀਨਰੀ ਦੀ ਵਰਤੋਂ ਕਰਕੇ ਸਾਨੂੰ ਸਾਰਿਆ ਨੂੰ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਹੰਭਲਾ ਮਾਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਮਸ਼ੀਨਰੀ ਨਾਲ ਜਿਥੇ ਪੈਸੇ ਅਤੇ ਸਮੇਂ ਦੀ ਬੱਚਤ ਹੋਵੇਗੀ ਉਥੇ ਹੀ ਜਮੀਨ ਦੀ ਉਪਜਾਊ ਸ਼ਕਤੀ ਵਿਚ ਵੀ ਵਾਧਾ ਹੋਵੇਗਾ।

Leave a Reply

Your email address will not be published. Required fields are marked *