ਪਟਿਆਲਾ

ਪਟਿਆਲਾ ਦੇ ਕਈ ਉਦਮੀ ਕਿਸਾਨ ਪਰਾਲੀ ਨੂੰ ਅੱਗ ਨਾ ਲਾ ਕੇ ਬਣੇ ਉਦਾਹਰਣ

ਪਟਿਆਲਾ, (ਮਧੂਸਾਰ ਬਿਊਰੋ) ਪਟਿਆਲਾ ਜ਼ਿਲ੍ਹ੍ਹੇ ਦੇ ਸੈਂਕੜੇ ਅਜਿਹੇ ਉਦਮੀ ਕਿਸਾਨ ਹਨ, ਜਿਹੜੇ ਪਰਾਲੀ ਨੂੰ ਅੱਗ ਨਹੀਂ ਲਾਉਂਦੇ। ਇਹ ਕਿਸਾਨ ਦੂਜੇ ਕਿਸਾਨਾਂ ਲਈ ਇੱਕ ਉਦਾਹਰਣ ਤਾਂ ਬਣ ਹੀ ਰਹੇ ਹਨ, ਸਗੋਂ ਖ਼ੁਦ ਵੀ ਜਿੱਥੇ ਕੌਮੀ ਪੱਧਰ ਦੇ ਇਨਾਮ-ਸਨਮਾਨ ਹਾਸਲ ਕਰ ਰਹੇ ਹਨ, ਉਥੇ ਹੀ ਪਾਣੀ, ਵਾਤਾਵਰਣ ਸਮੇਂ ਅਤੇ ਪੈਸੇ ਦੀ ਵੀ ਬਚਤ ਕਰ ਰਹੇ ਹਨ। ਇਨ੍ਹਾਂ ਕਿਸਾਨਾਂ ਨੇ ਬਾਕੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਪਰਾਲੀ ਸਾੜਨ ਤੋਂ ਬਗੈਰ ਖੇਤੀ ਕਰਨ ਲਈ ਅੱਗੇ ਆਉਣ। ਇਹ ਉਹ ਕਿਸਾਨ ਹਨ, ਜਿਨ੍ਹਾਂ ਨੇ ਪਰਾਲੀ ਸਾੜਨ ਨੂੰ ਨਾਹ ਆਖੀ ਹੈ।

ਪਿੰਡ ਮੂੰਡਖੇੜਾ ਦੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹ 35 ਏਕੜ ਰਕਬੇ ‘ਚ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਕਰਦਾ ਹੈ ਅਤੇ ਉਸਨੇ ਪਿਛਲੇ 5 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ। ਜ਼ੀਰੋ ਟਿਲ ਅਤੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਕੇ ਕਣਕ ਦਾ ਝਾੜ ਹੋਰਨਾਂ ਕਿਸਾਨਾਂ ਦੇ ਬਰਾਬਰ ਨਿਕਲ ਰਿਹਾ ਹੈ। ਪਰਾਲੀ ਨੂੰ ਜਮੀਨ ‘ਚ ਹੀ ਵਾਹੁਣ ਸਦਕਾ ਮਿੱਟੀ ਦੀ ਹਾਲਤ ਸੁਧਰੀ ਅਤੇ ਪਾਣੀ ਦੀ ਬਚਤ ਹੋਣ ਦੇ ਨਾਲ-ਨਾਲ ਪ੍ਰਤੀ ਏਕੜ 25 ਤੋਂ 30 ਕਿਲੋ ਯੂਰੀਆ ਖਾਦ ਦੀ ਵੀ ਬਚਤ ਹੋਈ।
ਇਸੇ ਤਰ੍ਹਾਂ ਭਟੇੜੀ ਕਲਾਂ ਦੇ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਆਪਣੀ 10 ਏਕੜ ਜਮੀਨ ‘ਚ ਖੇਤੀ ਕਰਦਾ ਹੈ ਅਤੇ ਪਿਛਲੇ 4 ਸਾਲਾਂ ਤੋਂ ਉਸਨੇ ਅੱਗ ਨਹੀਂ ਲਗਾਈ, ਜਿਸ ਦਾ ਉਸਨੂੰ ਨਿਜੀ ਤੌਰ ‘ਤੇ ਤਾਂ ਲਾਭ ਹੋਇਆ ਹੀ ਹੈ ਸਗੋਂ ਪਾਣੀ, ਮਿੱਟੀ, ਹਵਾ ਤੇ ਵਾਤਾਵਰਣ ਦੀ ਜਿੰਨੀ ਬਚਤ ਹੋਈ ਉਸ ਬਾਰੇ ਤਾਂ ਕੁਝ ਕਿਹਾ ਹੀ ਨਹੀਂ ਜਾ ਸਕਦਾ।
ਬਿਰੜਵਾਲ ਦੇ ਅਮਰਜੀਤ ਸਿੰਘ, ਜੋ 27 ਏਕੜ ਰਕਬੇ ‘ਚ ਖੇਤੀ ਕਰਦਾ ਹੈ, ਨੇ ਕਿਹਾ ਕਿ ਉਸਨੇ ਪਿਛਲੇ 3 ਸਾਲਾਂ ਤੋਂ ਅੱਗ ਨਹੀਂ ਲਗਾਈ, ਕਿਉਂਕਿ ਹੁਣ ਉਸਨੂੰ ਸੋਝੀ ਆ ਗਈ ਹੈ ਕਿ ਖੇਤਾਂ ਨੂੰ ਅੱਗ ਲਾਉਣ ਦੇ ਸਿਰਫ਼ ਨੁਕਸਾਨ ਹੀ ਨੁਕਸਾਨ ਹਨ। ਇਸੇ ਪਿੰਡ ਦੇ 20 ਏਕੜ ‘ਚ ਖੇਤੀ ਕਰਦੇ ਪਰਦੀਪ ਸਿੰਘ ਨੇ ਕਿਹਾ ਕਿ ਉਸਨੇ ਵੀ ਪਿਛਲੇ 3 ਸਾਲਾਂ ਤੋਂ ਪਰਾਲੀ ਨਹੀਂ ਸਾੜੀ, ਜਿਸ ਦੇ ਅਣਗਿਣਤ ਲਾਭ ਹਨ।
ਇਸੇ ਤਰ੍ਹਾਂ ਹੀ ਜਲਾਲਾਬਾਦ ਦੇ ਇਕਬਾਲ ਸਿੰਘ ਨੇ ਦੱਸਿਆ ਕਿ ਉਹ ਵੀ ਪਿਛਲੇ 2 ਸਾਲਾਂ ਤੋਂ ਆਪਣੇ 12 ਏਕੜ ਰਕਬੇ ‘ਚ ਪਰਾਲੀ ਸਾੜੇ ਬਿਨ੍ਹਾਂ ਖੇਤੀ ਕਰਦਾ ਹੈ, ਜਦੋਂਕਿ ਪਿੰਡ ਮੀਰਾਂਪੁਰ ਦੇ ਸੁਖਦੇਵ ਸਿੰਘ ਨੇ ਕਿਹਾ ਕਿ ਉਹ ਸਾਢੇ ਅੱਠ ਏਕੜ ਰਕਬੇ ‘ਚ ਪਿਛਲੇ 10 ਸਾਲਾਂ ਤੋਂ ਬਗ਼ੈਰ ਪਰਾਲੀ ਨੂੰ ਅੱਗ ਲਗਾਏ ਖੇਤੀ ਕਰਦਾ ਹੈ। ਉਹ ਪਹਿਲਾਂ ਬੇਲਰ ਚਲਾਉਂਦੇ ਸਨ ਅਤੇ ਹੁਣ ਖੁੰਭਾਂ ਦਾ ਕੰਮ ਕਰਦੇ ਹਨ ਇਸ ਲਈ ਆਪਣੇ ਆਲੇ-ਦੁਆਲੇ ਦੇ ਖੇਤਾਂ ਦੀ ਪਰਾਲੀ ਵੀ ਖੁਦ ਵਰਤਦੇ ਹਨ। ਇਸੇ ਤਰ੍ਹਾਂ ਪਿੰਡ ਅਸਰਪੁਰ ਦੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ 17 ਏਕੜ ਰਕਬੇ ‘ਚ ਪਿਛਲੇ 8 ਸਾਲਾਂ ਤੋਂ ਬਿਨ੍ਹਾਂ ਖੇਤਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਏ ਖੇਤੀ ਕਰ ਰਿਹਾ ਹੈ। ਉਹ ਘੱਟ ਸਮੇਂ ਵਾਲਾ ਝੋਨਾ ਅਤੇ ਸਬਜ਼ੀਆਂ ਦੀ ਖੇਤੀ ਕਰਦੇ ਹਨ।
ਇਨ੍ਹਾਂ ਕਿਸਾਨਾਂ ਨੇ ਸਮੂਹਕ ਤੌਰ ‘ਤੇ ਕਿਹਾ ਕਿ ਖੇਤਾਂ ਨੂੰ ਅੱਗ ਲਾਉਣ ਵਾਲੇ ਜਿੱਥੇ ਪਰਾਲੀ ਨੂੰ ਅੱਗ ਲਗਾਕੇ ਵਾਤਾਵਰਣ ਦਾ ਨੁਕਸਾਨ ਕਰ ਰਹੇ ਹਨ, ਉਥੇ ਹੀ ਆਪਣਾ ਭਵਿੱਖ ਵੀ ਤਬਾਹ ਕਰ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਸਾਰੇ ਕਿਸਾਨ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ਼ ਪੁਰਬ ਮੌਕੇ ਪ੍ਰਣ ਕਰਨ ਕਿ ਉਹ ਪਰਾਲੀ ਨੂੰ ਅੱਗ ਨਹੀਂ ਲਾਉਣਗੇ।

Leave a Reply

Your email address will not be published. Required fields are marked *