ਵਿਜੀਲੈਂਸ ਬਿਉਰੋ ਨੇ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਹਫ਼ਤਾ ਮਨਾਉਂਦਿਆਂ ਚਿਤਰਕਲਾ ਤੇ ਨਾਅਰੇ ਲਿਖਣ ਦੇ ਮੁਕਾਬਲੇ ਕਰਵਾਏ
ਪਟਿਆਲਾ, 4 ਨਵੰਬਰ (ਮਧੂਸਾਰ ਬਿਊਰੋ) ਵਿਜੀਲੈਂਸ ਬਿਉਰੋ ਰੇਂਜ ਪਟਿਆਲਾ ਨੇ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕਤਾ ਹਫ਼ਤਾ ਮਨਾਉਂਦਿਆਂ ਇੱਥੇ ਚਿਲਡਰਨ ਪਾਰਕ ਬਾਰਾਂਦਰੀ ਗਾਰਡਨ ਵਿਖੇ ਚਿਤਰਕਲਾ ਤੇ ਨਾਅਰੇ ਲਿਖਣ ਦਾ ਮੁਕਾਬਲਾ ਕਰਵਾਇਆ।
ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਪਟਿਅਲਾ ਸ੍ਰੀ ਜਸਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ, ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ ਅਨੁਸਾਰ ਕਰਵਾਏ ਇਨ੍ਹਾਂ ਮੁਕਾਬਲਿਆਂ ਦੌਰਾਨ ਸੇਂਟਪੀਟਰ ਸੀਨੀਅਰ ਸੈਕੰਡਰੀ ਅਕੈਡਮੀ, ਲੇਡੀ ਫਾਤਮਾ ਹਾਈ ਸਕੂਲ, ਡੀ.ਏ.ਵੀ. ਪਬਲਿਕ ਸਕੂਲ, ਬੀ.ਐਨ. ਖਾਲਸਾ ਸਕੂਲ, ਬੁੱਢਾ ਦਲ ਪਬਲਿਕ ਸਕੂਲ, ਗੌਰਮਿੰਟ ਸਿਵਲ ਲਾਈਨ ਸਕੂਲ, ਗੌਰਮਿੰਟ ਮਲਟੀਪਰਪਜ ਸਕੂਲ ਅਤੇ ਗੌਰਮਿੰਟ ਫੀਲ ਖਾਨਾ ਹਾਇਰ ਸੈਕੰਡਰੀ ਸਕੂਲ ਦੇ ਕੁੱਲ 120 ਬੱਚਿਆਂ ਨੇ ਭਾਗ ਲਿਆ।
ਇਸ ਮੁਕਾਬਲੇ ਵਿਚ ਬੱਚਿਆਂ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਪੇਂਟਿੰਗਜ ਅਤੇ ਸਲੋਗਨ ਬਣਾਏ ਗਏ, ਜਿਨ੍ਹਾਂ ਵਿਚੋਂ ਕਲਾਸ ਛੇਵੀਂ ਤੋਂ ਅੱਠਵੀਂ ਤੱਕ ਦੇ ਬੱਚਿਆਂ ਵਿਚੋਂ ਪੇਂਟਿੰਗ ਮੁਕਾਬਲੇ ਵਿਚੋਂ ਨੰਦਨੀ ਵਰਮਾ ਅੱਠਵੀਂ ਕਲਾਸ, ਡੀ.ਏ.ਵੀ. ਪਬਲਿਕ ਸਕੂਲ ਪਟਿਆਲਾ ਪਹਿਲ੍ਹੇ ਸਥਾਨ ‘ਤੇ, ਅੰਕਿਤਾ ਅੱਠਵੀਂ ਕਲਾਸ ਬੁੱਢਾ ਦਲ ਪਬਲਿਕ ਸਕੂਲ ਦੂਜੇ ਸਥਾਨ ‘ਤੇ ਇਸੇ ਤਰ੍ਹਾਂ ਸਲੋਗਨ ਰਾਈਟਿੰਗ ਵਿਚੋਂ ਸਵਾਸਤਿਕ ਸ਼ਰਮਾ ਕਲਾਸ ਸੱਤਵੀਂ ਲੇਡੀ ਫਾਤਮਾ ਪਬਲਿਕ ਸਕੂਲ ਪਹਿਲੇ ਸਥਾਨ ‘ਤੇ, ਅਕਸ਼ਤਾ ਅੱਠਵੀਂ ਕਲਾਸ ਦੂਜੇ ਸਥਾਨ ‘ਤੇ ਆਏ ਹਨ।
ਸੀਨੀਅਰ ਗਰੁੱਪ ਕਲਾਸ ਨੌਵੀਂ ਤੋਂ ਬਾਰਵੀਂ ਤੱਕ ਦੇ ਬੱਚਿਆਂ ਵਿਚੋਂ ਪੇਂਟਿੰਗ ਮੁਕਾਬਲੇ ਵਿਚੋਂ ਆਰੀਅਨ ਅਹੂਜਾ ਕਲਾਸ ਬਾਰਵੀਂ ਸੇਂਟਪੀਟਰ ਅਕੈਡਮੀ ਪਹਿਲ੍ਹੇ ਸਥਾਨ ‘ਤੇ, ਇਸ਼ਵਿੰਦਰ ਪ੍ਰਤਾਪ ਸਿੰਘ ਕਲਾਸ ਗਿਆਰਵੀਂ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨ ਦੂਜੇ ਸਥਾਨ ‘ਤੇ, ਇਸੇ ਤਰ੍ਹਾਂ ਸਲੋਗਨ ਰਾਈਟਿੰਗ ਮੁਕਾਬਲੇ ਵਿਚੋਂ ਜ਼ਸਕੀਰਤ ਕੌਰ ਕਲਾਸ ਨੌਵੀਂ ਸੇਂਟਪੀਟਰ ਅਕੈਡਮੀ ਪਹਿਲ੍ਹੇ ਸਥਾਨ ‘ਤੇ ਅਤੇ ਅਮਰੀਨ ਕਲਾਸ ਗਿਆਰਵੀਂ ਗੌਰਮਿੰਟ ਮਲਟੀਪਰਪਜ ਸਕੂਲ ਦੂਜੇ ਸਥਾਨ ‘ਤੇ ਆਏ।
ਇਨ੍ਹਾਂ ਬੱਚਿਆਂ ਨੂੰ ਐਸ.ਐਸ.ਪੀ. ਵਿਜੀਲੈਂਸ ਪਟਿਆਲਾ ਸ੍ਰੀ ਜਸਪ੍ਰੀਤ ਸਿੰਘ ਸਿੱਧੂ ਅਤੇ ਸ੍ਰੀ ਰਾਜੇਸ਼ ਮਲਹੋਤਰਾ, ਜ਼ੋਨਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਪਟਿਆਲਾ ਵੱਲੋਂ ਸਨਮਾਨਿਤ ਕੀਤਾ ਗਿਆ। ਡੀ.ਐਸ.ਪੀ. ਵਿਜੀਲੈਂਸ ਬਿਓਰੋ ਪਟਿਆਲਾ ਸ੍ਰੀ ਗੁਰਸ਼ੇਰ ਸਿੰਘ ਅਤੇ ਡੀ.ਐਸ.ਪੀ. ਵਿਜੀਲੈਂਸ ਬਿਓਰੋ ਯੂਨਿਟ ਪਟਿਆਲਾ ਸ੍ਰੀ ਸਤਨਾਮ ਸਿੰਘ ਵੱਲੋਂ ਬੱਚਿਆਂ ਦੇ ਨਾਲ ਆਏ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਵਿਜੀਲਂੈਸ ਬਿਊਰੋ ਵੱਲੋਂ ਸੂਚਨਾਵਾਂ ਦੇਣ ਲਈ ਜਾਰੀ ਕੀਤੇ ਗਏ ਫੋਨ ਨੰਬਰ/ਟੋਲ ਫਰੀ ਨੰਬਰ, ਵੈਬਸਾਈਟ ਬਾਰੇ ਜਾਣਕਾਰੀ ਦਿੰਦੇ ਹੋਏ ਭ੍ਰਿਸ਼ਟ ਅਧਿਕਾਰੀਆਂ/ਕ੍ਰਮਚਾਰੀਆਂ ਬਾਰੇ ਵਿਜੀਲੈਂਸ ਬਿਊਰੋ ਨੂੰ ਜਾਣਕਾਰੀ ਦੇਣ ਦੀ ਅਪੀਲ ਕੀਤੀ। ਇਸ ਦੌਰਾਨ ਵਿਜੀਲੈਂਸ ਵਿਭਾਗ ਨਾਲ ਸੰਪਰਕ ਕਰਨ ਲਈ ਇਸ਼ਤਿਹਾਰ ਵੰਡੇ ਗਏ, ਵਿਜੀਲੈਂਸ ਬਿਓਰੋ ਪੰਜਾਬ ਦੀ ਵੈਬ-ਸਾਈਟ ਤੇ ਈ-ਪਲੈਜ ਚੁੱਕਣ ਸਬੰਧੀ ਜਾਣਕਾਰੀ ਦਿੱਤੀ ਗਈ।
ਇਸੇ ਤਰ੍ਹਾਂ ਕਪਤਾਨ ਪੁਲਿਸ, ਵਿਜੀਲੈਂਸ ਬਿਓਰੋ ਯੂਨਿਟ ਸੰਗਰੂਰ ਸ੍ਰੀ ਵਿਕਾਸ ਸੱਭਰਵਾਲ ਵੱਲੋਂ ਮਾਤਾ ਸਾਹਿਬ ਕੌਰ, ਖਾਲਸਾ ਗਰਲਜ਼ ਕਾਲਜ ਆਫ ਐਜੂਕੇਸ਼ਨ ਪਟਿਆਲਾ ਵਿਖੇ ਵੀ ਇੱਕ ਸੈਮੀਨਾਰ ਕੀਤਾ ਗਿਆ ਜਿਸ ਵਿਚ ਡਾਕਟਰ ਹਰਮੀਤ ਕੌਰ ਆਨੰਦ ਪ੍ਰਿੰਸੀਪਲ ਮਾਤਾ ਸਾਹਿਬ ਕੌਰ, ਖਾਲਸਾ ਗਰਲਜ਼ ਕਾਲਜ ਆਫ ਐਜੂਕੇਸ਼ਨ ਪਟਿਆਲਾ, ਪਤਵੰਤੇ ਸੱਜਣ ਅਤੇ ਕਾਲਜ ਦੇ ਵਿਦਿਆਰਥਣਾਂ ਸੈਨੀਮਾਰ ਵਿਚ ਸ਼ਾਮਲ ਹੋਈਆਂ। ਇਸ ਮੌਕੇ ਇੰਸਪੈਕਟਰ ਪ੍ਰਿਤਪਾਲ ਸਿੰਘ, ਇੰਸਪੈਕਟਰ ਹਰਮਿੰਦਰ ਸਿੰਘ ਨੇ ਭ੍ਰਿਸ਼ਟਾਚਾਰ ਨੂੰ ਰੋਕਣ ਸਬੰਧੀ ਜਾਗਰੂਕ ਕੀਤਾ।

