ਪਟਿਆਲਾ

ਪੰਜਾਬੀ ਯੂਨੀਵਰਸਿਟੀ ਵੱਲੋਂ ਬਿਨਾ ਪ੍ਰਦੂਸ਼ਣ ਤੋਂ ਵੱਖਰੇ ਢੰਗ ਨਾਲ ਪ੍ਰਭਾਤ ਫੇਰੀ ਕੱਢੀ

ਪਟਿਆਲਾ 6 ਨਵੰਬਰ (ਮਧੂਸਾਰ ਬਿਊਰੋ) ਸ੍ਰੀ ਗੁਰੂ ਨਾਨਕ ਸਾਹਿਬ ਦੇ 550ਵੇਂ ਜਨਮ ਦਿਹਾੜੇ ਦੇ ਸਨਮੁਖ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਬਿਨਾ ਕਿਸੇ ਤਰ੍ਹਾਂ ਦੇ ਪਟਾਕਿਆਂ ਆਤਿਸ਼ਬਾਜ਼ੀਆਂ ਦੇ ਸ਼ੋਰ ਸ਼ੋਰਾਬੇ ਅਤੇ ਪ੍ਰਦੂਸ਼ਣ ਤੋਂ ਵੱਖਰੇ ਢੰਗ ਨਾਲ ਪ੍ਰਭਾਤ ਫੇਰੀ ਕੱਢੀ ਗਈ।

ਵਾਈਸ ਚਾਂਸਲਰ ਡਾ. ਬੀ. ਐੱਸ.ਘੁੰਮਣ ਨੇ ਇਸ ਪ੍ਰਭਾਤ ਫੇਰੀ ਵਿਚ ਸ਼ਾਮਿਲ ਹੋਣ ਸਮੇਂ ਪਹੁੰਚੇ ਅਧਿਕਾਰੀਆਂ ਅਤੇ ਵਿਸ਼ੇਸ ਮਹਿਮਾਨਾਂ ਤੋਂ ਅਜਿਹੇ ਗੁਲਦਸਤੇ ਵੀ ਸਵੀਕਾਰ ਨਹੀਂ ਕੀਤੇ ਗਏ ਜਿਨ੍ਹਾਂ ਦੀ ਬਣਤਰ ਵਿਚ ਪਲਾਸਟਿਕ ਦੀ ਵਰਤੋਂ ਕੀਤੀ ਗਈ ਸੀ। ਵਾਈਸ ਚਾਂਸਲਰ ਨਿਵਾਸ ਉੱਪਰ ਪਹੁੰਚੀ ਸੰਗਤ ਦਾ ਡਾ. ਘੁੰਮਣ ਵੱਲੋਂ ਨਿੱਘ ਅਤੇ ਸਨੇਹ ਨਾਲ ਸਵਾਗਤ ਕਰਦਿਆਂ ਖੁਦ ਇਸ ਪ੍ਰਭਾਤ ਫੇਰੀ ਵਿਚ ਸ਼ਿਰਕਤ ਕੀਤੀ ਗਈ।
ਜ਼ਿਕਰਯੋਗ ਹੈ ਕਿ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿਚ ਯੂਨੀਵਰਸਿਟੀ ਕੈਂਪਸ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਹੋਇਆ ਹੈ। ਯੂਨੀਵਰਸਿਟੀ ਮੁੱਖ ਦੁਆਰ ਦੇ ਅੰਦਰ ਜਾਣ ਅਤੇ ਬਾਹਰ ਆਉਣ ਵਾਲੇ ਦੋਹੇਂ ਹਿੱਸਿਆਂ ਉੱਪਰ ਸਜਾਵਟੀ ਗੇਟ ਸਿਰਜੇ ਗਏ ਹਨ ਜੋ ਕਿ ਦੂਰ ਤੋਂ ਧਿਆਨ ਖਿੱਚਦੇ ਹਨ। ਸਮੁੱਚੇ ਕੈਂਪਸ ਵਿਚ ਦੀਪਮਾਲਾ ਕਰਨ ਦੇ ਨਾਲ ਨਾਲ ਮੁੱਖ ਗੇਟ ਤੋਂ ਟੀ-ਪੁਆਇੰਟ ਤਕ ਰਸਤਿਆਂ ਦੇ ਦੋਹੇਂ ਪਾਸੇ ਬਹੁਤ ਹੀ ਆਕ੍ਰਸ਼ਕ ਢੰਗ ਵਾਲੀ ਲੜੀਆਂ ਦੀ ਵਿਸ਼ੇਸ਼ ਬੁਣਤੀ ਵਾਲੀ ਦੀਪਮਾਲਾ ਕੀਤੀ ਗਈ ਹੈ। ਮੁੱਖ ਗੇਟ ਤੋਂ ਬਾਹਰ ਪਟਿਆਲਾ ਚੰਡੀਗੜ੍ਹ ਸੜਕ ਦੇ ਬਿਲਕੁਲ ਕੋਲ਼ ਤਕ ਆਕ੍ਰਸ਼ਕ ਲੜੀਆਂ ਲਗਾਈਆਂ ਗਈਆਂ ਹਨ ਤਾਂ ਕਿ ਇਸ ਬਹਾਨੇ ਗੁਰੂ ਸਾਹਿਬ ਦੇ ਜਨਮ ਦਿਹਾੜੇ ਸੰਬੰਧੀ ਹਰ ਰਾਹਗੀਰ ਦਾ ਧਿਆਨ ਜਾਵੇ। ਇਹ ਸਜਾਵਟ ਗੁਰੂ ਸਾਹਿਬ ਦੇ ਜਨਮ ਦਿਹਾੜੇ ਤਕ ਇਸੇ ਤਰ੍ਹਾਂ ਬਣੀ ਰਹੇਗੀ।
ਵਰਣਨਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਪੂਰਾ ਸਾਲ ਹੀ ਗੁਰੂ ਸਾਹਿਬ ਦੇ ਫਲਸਫੇ, ਜ਼ਿੰਦਗੀ, ਸਿੱਖਿਆਵਾਂ ਆਦਿ ਦੇ ਵਖ-ਵਖ ਪੱਖਾਂ ਉੱਪਰ ਵਿਭਿੰਨ ਵੰਨਗੀਆਂ ਦੇ ਪ੍ਰੋਗਰਾਮ ਕੀਤੇ ਗਏ ਹਨ। ਸੈਮੀਨਾਰ, ਕਾਨਫਰੰਸਾਂ, ਭਾਸ਼ਣ, ਨਾਟਕ ਪੇਸ਼ਕਾਰੀਆਂ, ਚਿੱਤਰਕਲਾ ਪ੍ਰਦਰਸ਼ਨੀਆਂ, ਪੁਸਤਕ ਪ੍ਰਦਰਸ਼ਨੀਆਂ ਆਦਿ ਵਖ ਵਖ ਰੰਗਾਂ ਵਾਲੇ ਇਹ ਸਾਰੇ ਹੀ ਪ੍ਰੋਗਰਾਮ ਉੱਚ ਮਿਆਰ ਵਾਲੇ ਸਨ ਜਿਨ੍ਹਾਂ ਦੀ ਹਰ ਪਾਸੇ ਭਰਪੂਰ ਸ਼ਲਾਘਾ ਹੋਈ ਹੈ। ਪੰਜਾਬ ਸਰਕਾਰ ਵੱਲੋਂ ਅਧਿਕਾਰਿਤ ਤੌਰ ਤੇ ਉਲੀਕੇ ਪ੍ਰੋਗਰਾਮਾਂ ਵਿਚੋਂ ਬਹੁਗਿਣਤੀ ਪ੍ਰੋਗਰਾਮ ਪੰਜਾਬੀ ਯੂਨੀਵਰਸਿਟੀ ਵੱਲੋਂ ਹੀ ਕਰਵਾਏ ਗਏ ਹਨ।
ਜਨਮ ਦਿਹਾੜੇ ਨੂੰ ਮੁਖ ਰਖਦਿਆਂ ਵਾਈਸ ਚਾਂਸਲਰ ਵੱਲੋਂ 11 ਨਵੰਬਰ 2019 ਛੁੱਟੀ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ ਤਾਂ ਕਿ ਇਨ੍ਹਾਂ ਦਿਨਾਂ ਵਿਚ ਹਰ ਕਰਮਚਾਰੀ ਆਪੋ ਆਪਣੇ ਢੰਗ ਨਾਲ ਇਸ ਜਨਮ ਦਿਹਾੜੇ ਦੇ ਸਮਾਗਮਾਂ ਵਿਚ ਸ਼ਾਮਿਲ ਹੋ ਸਕੇ। ਇਸ ਛੁੱਟੀ ਦੇ ਇਵਜ਼ ਵਜੋਂ 16 ਨਵੰਬਰ 2019 ਨੂੰ ਸ਼ਨੀਵਾਰ ਵਾਲੇ ਦਿਨ ਆਮ ਦਿਨਾਂ ਵਾਂਗ ਖੁੱਲ੍ਹੀ ਰਹੇਗੀ।

Leave a Reply

Your email address will not be published. Required fields are marked *