ਪਟਿਆਲਾ

ਕੋਰੋਨਾ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਵੱਧ ਤੋਂ ਵੱਧ ਟੈਸਟ ਕਰਵਾਉਣੇ ਜਰੂਰੀ-ਪੂਜਾ ਸਿਆਲ

ਪਟਿਆਲਾ, 9 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਵਧੀਕ ਜ਼ਿਲ੍ਹਾ ਮੈਜਿਸਟਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਕਿਹਾ ਹੈ ਕਿ ਕੋਵਿਡ-19 ਸਬੰਧੀਂ ਲੋਕਾਂ ਦੀ ਟੈਸਟਿੰਗ ਧੱਕੇ ਨਾਲ ਨਹੀਂ ਕੀਤੀ ਜਾ ਰਹੀ ਅਤੇ ਕੋਵਿਡ ਪਾਜਿਟਿਵ ਮਰੀਜਾਂ ਦੇ ਘਰੇਲੂ ਇਕਾਂਤਵਾਸ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ।

ਸ੍ਰੀਮਤੀ ਪੂਜਾ ਸਿਆਲ ਨੇ ਅੱਜ ਇੱਥੇ ਇੱਕ ਮੀਟਿੰਗ ਕਰਦਿਆਂ ਦੱਸਿਆ ਕਿ ਕੋਰੋਨਾ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਵੱਧ ਤੋਂ ਵੱਧ ਟੈਸਟ ਕਰਵਾਉਣੇ ਜਰੂਰੀ ਹਨ ਅਤੇ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਵਿਰੁੱਧ ਵਿੱਢੀ ਜੰਗ, ‘ਮਿਸ਼ਨ ਫ਼ਤਿਹ’ ਤਹਿਤ ਹੁਣ ਕੋਵਿਡ ਪਾਜਿਟਿਵ ਮਰੀਜਾਂ ਦੇ ਘਰੇਲੂ ਇਕਾਂਤਵਾਸ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜਿਹੜੇ ਮਰੀਜਾਂ ਨੂੰ ਕੋਈ ਗੰਭੀਰ ਬਿਮਾਰੀ ਨਹੀਂ ਅਤੇ ਨਾ ਹੀ ਉਨ੍ਹਾਂ ਨੂੰ ਕੋਵਿਡ ਦਾ ਕੋਈ ਗੰਭੀਰ ਲੱਛਣ ਹੀ ਸਾਹਮਣੇ ਆਇਆ ਹੈ, ਨੂੰ ਉਨ੍ਹਾਂ ਦੇ ਘਰਾਂ ‘ਚ ਹੀ ਅਲੱਗ ਕਮਰੇ-ਬਾਥਰੂਮ ਦੀ ਸਹੂਲਤ ਤਹਿਤ ਘਰਾਂ ‘ਚ ਹੀ ਇਕਾਂਤਵਾਸ ਕੀਤਾ ਜਾ ਰਿਹਾ ਹੈ।
ਏ.ਡੀ.ਸੀ. ਨੇ ਕਿਹਾ ਕਿ ਪਟਿਆਲਾ ਸ਼ਹਿਰ ਅੰਦਰ ਕੋਵਿਡ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਨਗਰ ਨਿਗਮ ਦੇ ਸਹਿਯੋਗ ਨਾਲ ਜਾਗਰੂਕਤਾ ਮੁਹਿੰਮ ਹੋਰ ਤੇਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਟੈਸਟਿੰਗ ‘ਚ ਵਾਧਾ ਕੀਤਾ ਗਿਆ ਹੈ ਅਤੇ ਹੁਣ ਇਹ 1 ਲੱਖ 1 ਹਜ਼ਾਰ 18 ਟੈਸਟ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਵੀ ਵੱਧ-ਚੜ੍ਹਕੇ ਟੈਸਟਿੰਗ ਕਰਵਾਈ ਜਾ ਰਹੀ ਹੈ ਤਾਂ ਕਿ ਆਮ ਲੋਕਾਂ ‘ਚ ਟੈਸਟਿੰਗ ਸਬੰਧੀਂ ਕੋਈ ਭੁਲੇਖਾ ਨਾ ਰਹੇ।
ਸ੍ਰੀਮਤੀ ਪੂਜਾ ਸਿਆਲ ਨੇ ਸਪੱਸ਼ਟ ਕੀਤਾ ਕਿ ਫੈਕਟਰੀਆਂ ‘ਚ ਮਜ਼ਦੂਰਾਂ ਸਮੇਤ ਕਿਸੇ ਵੀ ਵਿਅਕਤੀ ਦਾ ਟੈਸਟ ਧੱਕੇ ਨਾਲ ਨਹੀਂ ਕੀਤਾ ਜਾ ਰਿਹਾ ਸਗੋਂ ਲੋਕਾਂ ਨੂੰ ਜਾਗਰੂਕ ਕਰਕੇ ਟੈਸਟ ਕੀਤੇ ਜਾ ਰਹੇ ਹਨ ਤਾਂ ਕਿ ਵੱਧ ਤੋਂ ਵੱਧ ਟੈਸਟਿੰਗ ਕਰਕੇ ਲੋਕਾਂ ਨੂੰ ਸਮੇਂ ਸਿਰ ਸਿਹਤ ਸਹੂਲਤ ਪ੍ਰਦਾਨ ਕੀਤੀ ਜਾ ਸਕੇ ਅਤੇ ਮੌਤ ਦਰ ਘਟਾਈ ਜਾ ਸਕੇ।
ਉਨ੍ਹਾਂ ਹੋਰ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਡਾਕਟਰਾਂ ਤੇ ਸਿਹਤ ਵਿਭਾਗ ਦੇ ਸਮੁੱਚੇ ਅਮਲੇ ਦੇ ਸਹਿਯੋਗ ਨਾਲ ਕੋਵਿਡ-19 ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਯਤਨਸ਼ੀਲ ਹੈ ਪਰੰਤੂ ਲੋਕਾਂ ਦਾ ਸਹਿਯੋਗ ਇਸ ਲਈ ਜਰੂਰੀ ਹੈ, ਜਿਸ ਲਈ ਲੋਕਾਂ ਨੂੰ ਅਪੀਲ ਹੈ ਕਿ ਲੋਕ ਕਿਸੇ ਤਰ੍ਹਾਂ ਦੀ ਅਫ਼ਵਾਹਾਂ ‘ਤੇ ਯਕੀਨ ਕਰਨ ਦੀ ਥਾਂ ਪ੍ਰਸ਼ਾਸਨ ਨੂੰ ਸਾਥ ਦੇਣ ਲਈ ਅੱਗੇ ਆਉਣ।

Leave a Reply

Your email address will not be published. Required fields are marked *