ਪਟਿਆਲਾ

ਕੋਵਿਡ ਦੇ ਬਾਵਜੂਦ ਝੋਨੇ ਦੀ ਖਰੀਦ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਕਰਵਾਈ ਜਾਵੇਗੀ -ਕੁਮਾਰ ਅਮਿਤ

ਪਟਿਆਲਾ, 24 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਬਾਵਜੂਦ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚੋਂ ਝੋਨੇ ਦੀ 1 ਅਕਤੂਬਰ ਤੋਂ ਸ਼ੁਰੂ ਹੋ ਰਹੀ ਖਰੀਦ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਕਰਵਾਈ ਜਾਵੇਗੀ। ਡਿਪਟੀ ਕਮਿਸ਼ਨਰ ਝੋਨੇ ਦੇ ਅਗੇਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਏ.ਡੀ.ਸੀ. (ਜ) ਸ੍ਰੀਮਤੀ ਪੂਜਾ ਸਿਆਲ ਗਰੇਵਾਲ ਅਤੇ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਇੱਕ ਅਹਿਮ ਮੀਟਿੰਗ ਕਰ ਰਹੇ ਸਨ।

ਇਸ ਮੌਕੇ ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹਾ ਮੰਡੀ ਅਫ਼ਸਰ ਅਜੇਪਾਲ ਸਿੰਘ ਬਰਾੜ ਤੇ ਡੀ.ਐਫ.ਐਸ.ਸੀ ਹਰਸ਼ਰਨਜੀਤ ਸਿੰਘ ਬਰਾੜ ਨੂੰ ਹਦਾਇਤ ਕੀਤੀ ਕਿ ਇਸ ਵਾਰ ਕੋਵਿਡ ਦੇ ਮੱਦੇਨਜ਼ਰ ਹਰ ਮੰਡੀ ‘ਚ ਜਿੱਥੇ ਕਿਸਾਨਾਂ ਨੂੰ ਪਾਸ ਪ੍ਰਣਾਲੀ ਨਾਲ ਹੀ ਮੰਡੀਆਂ ‘ਚ ਆਉਣ ਦੀ ਆਗਿਆ ਹੋਵੇਗੀ, ਉਥੇ ਹੀ 6 ਫੁੱਟ ਦੀ ਦੂਰੀ ਬਣਾਈ ਰੱਖਣ ਤਿੰਨ-ਤਿੰਨ ਫੁਟ ਦੇ ਸਰਕਲ ਬਣਾਉਣੇ, ਹਰ ਮੰਡੀ ‘ਚ ਸਾਫ਼ ਸਫ਼ਾਈ, ਬਾਰਦਾਨੇ, ਢੋਆ-ਢੋਆਈ, ਲੇਬਰ, ਕਿਸਾਨਾਂ ਲਈ ਪੀਣ ਵਾਲੇ ਪਾਣੀ, ਪਖਾਨਿਆਂ ਸਮੇਤ ਹਰ ਤਰ੍ਹਾਂ ਦੇ ਪ੍ਰਬੰਧ ਸਮੇਂ ਸਿਰ ਪੂਰੇ ਕਰਨੇ ਯਕੀਨੀ ਬਣਾਏ ਜਾਣ। ਉਨ੍ਹਾਂ ਦੱਸਿਆ ਕਿ ਇਸ ਵਾਰ ਕੋਵਿਡ ਤੋਂ ਬਚਾਅ ਲਈ ਮੰਡੀਆਂ ‘ਚ ਮਾਸਕ ਤੇ ਸੈਨੇਟਾਈਜਰ ਦੇ ਵੀ ਪੁਖ਼ਤਾ ਇੰਤਜਾਮ ਕੀਤੇ ਜਾਣਗੇ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਝੋਨੇ ਦੇ ਇਸ ਸੀਜਨ ‘ਚ ਜ਼ਿਲ੍ਹੇ ਵਿੱਚ 111 ਨੋਟੀਫਾਈ ਮੰਡੀਆਂ ਤੋਂ ਇਲਾਵਾ ਹੋਰ ਬਣਾਏ ਗਏ 143 ਰਾਈਸ ਮਿੱਲਾਂ ਤੇ 34 ਜਨਤਕ ਥਾਵਾਂ ਸਮੇਤ ਕੁਲ 288 ਖਰੀਦ ਕੇਂਦਰਾਂ ‘ਚ 14.42 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋਣ ਦੀ ਸੰਭਾਵਨਾ ਹੈ। ਜ਼ਿਲ੍ਹਾ ਪ੍ਰਸ਼ਾਸਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਮੁਤਾਬਕ ਝੋਨੇ ਦੀ ਫ਼ਸਲ ਦੀ ਖਰੀਦ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਡਿਪਟੀ ਕਮਿਸ਼ਨਰ ਨੇ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੀਆਂ ਅਲਾਟ ਹੋਈਆਂ ਮੰਡੀਆਂ ‘ਚ ਤਾਇਨਾਤ ਇੰਸਪੈਕਟਰਾਂ ਨੂੰ ਝੋਨੇ ਦੀ ਫ਼ਸਲ ਦੀ ਖਰੀਦ ਨਿਰਵਿਘਨ ਢੰਗ ਨਾਲ ਕਰਵਾਉਣ ਅਤੇ ਖਰੀਦੀ ਜਿਣਸ ਦੀ ਸਮੇਂ ਸਿਰ ਲਿਫਟਿੰਗ ਯਕੀਨੀ ਤੌਰ ‘ਤੇ ਕਰਵਾਉਣ ਲਈ ਸੰਵੇਦਨਸ਼ੀਲ ਬਨਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਢਿੱਲ ਮੱਠ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਮੰਡੀ ਦੇ ਗੇਟ ‘ਤੇ ਨਮੀ ਚੈਕ ਕੀਤੀ ਜਾਵੇ ਅਤੇ ਨਿਰਧਾਰਤ ਨਮੀ ਵਾਲਾ ਝੋਨਾ ਹੀ ਮੰਡੀ ‘ਚ ਖਰੀਦ ਲਈ ਆਉਣ ਦਿੱਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਉਹ ਮੰਡੀਆਂ ਵਿੱਚ ਸੁੱਕਾ ਝੋਨਾ ਹੀ ਲੈਕੇ ਆਉਣ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਕਿਉਂÎਕਿ ਜ਼ਿਲ੍ਹੇ ‘ਚ ਝੋਨੇ ਦੀ ਪਰਾਲੀ ਤੇ ਰਹਿੰਦ ਖੂੰਹਦ ਨੂੰ ਸਾੜਨ ‘ਤੇ ਧਾਰਾ 144 ਤਹਿਤ ਪਾਬੰਦੀ ਲੱਗੀ ਹੋਈ ਹੈ। ਇਸ ਤੋਂ ਬਿਨ੍ਹਾਂ ਕੰਬਾਇਨਾਂ ਨਾਲ ਝੋਨਾ ਰਾਤ 7 ਵਜੇ ਤੋਂ ਸਵੇਰੇ 10 ਵਜੇ ਤੱਕ ਕੱਟਣ ‘ਤੇ ਧਾਰਾ 144 ਤਹਿਤ ਪਾਬੰਦੀ ਲੱਗੀ ਹੋਈ ਹੈ। ਇਸ ਮੌਕੇ ਐਫ.ਸੀ.ਆਈ ਦੇ ਡੀਐਮ ਆਕਾਸ਼ ਕੁਮਾਰ, ਵੇਅਰਹਾਊਸ ਦੇ ਡੀਐਮ ਮਨਦੀਪ ਸਿੰਘ, ਪਨਸਪ ਦੇ ਡੀਐਮ ਪਰਵੀਨ ਜੈਨ, ਮਾਰਕਫੈਡ ਦੇ ਤਕਨੀਕੀ ਅਫ਼ਸਰ ਮਨਪ੍ਰੀਤ ਸਿੰਘ ਵੀ ਮੌਜੂਦ ਸਨ।

Leave a Reply

Your email address will not be published. Required fields are marked *