ਮੰਡੀਆਂ ’ਚ ਰੁਲ ਰਹੀ ਕਣਕ ਨੂੰ ਲੈ ਕੇ ਜੁਨੇਜਾ ਅਤੇ ਚੰਦੂਮਾਜਰਾ ਨੇ ਡੀਸੀ ਨੂੰ ਘੇਰਿਆ
ਪਟਿਆਲਾ, 24 ਅਪ੍ਰੈਲ (ਰਮਨਦੀਪ/ਮਧੂਸਾਰ ਬਿਊਰੋ) ਮੰਡੀਆਂ ਵਿਚ ਰੁਲ ਰਹੀ ਕਣਕ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਵੱਲੋਂ ਜਿਲਾ ਪ੍ਰਧਾਨ ਹਰਪਾਲ ਜੁਨੇਜਾ,ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਹਲਕਾ ਇੰਚਾਰਜ਼ ਸਤਬੀਰ ਸਿੰਘ ਖੱਟੜਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਦੇ ਮੰਗ ਕੀਤੀ ਗਈ ਕਿ ਕਣਕ ਦੀ ਖਰੀਦ ਦੇ ਗਲਤ ਆਂਕੜੇ ਪੇਸ਼ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਥਾਂ ਕਿਸਾਨਾ ਦਾ ਦਰਦ ਸਮਝਿਆ ਜਾਵੇ ਅਤੇ ਪਿਛਲੇ ਦੋ ਹਫਤਿਆਂ ਤੋਂ ਮੰਡੀਆਂ ਵਿਚ ਰੁਲ ਰਹੇ ਕਿਸਾਨਾ ਨੂੰ ਬਾਰਦਾਨਾ ਦੇ ਕੇ, ਖਰੀਦੀ ਕਣਕ ਦੀ ਲਿਫਟਿੰਗ ਕਰਕੇ ਅਤੇ ਉਨ੍ਹਾਂ ਸਹੀ ਸਮੇਂ ਸਿਰ ਭੁਗਤਾਨ ਕੀਤਾ ਜਾਵੇ। ਮੰਗ ਸੌਂਪਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਹਰਪਾਲ ਜੁਨੇਜਾ, ਵਿਧਾਇਕ ਚੰਦੂਮਾਜਰਾ ਅਤੇ ਸਤਬੀਰ ਸਿੰਘ ਖੱਟੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਡੀਆਂ ਦੇ ਸਹੀ ਹਲਾਤ ਜਾਨਣੇ ਹਨ ਤਾਂ ਜੂਮ ਮੀਟਿੰਗਾਂ ਛੱਡ ਕੇ ਮੰਡੀਆਂ ਵਿਚ ਆ ਕੇ ਦੇਖਣ। ਉਨ੍ਹਾਂ ਕਿਹਾ ਕਿ
ਹੈਰਾਨ ਕਰਨ ਵਾਲੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਕਿਸਾਨ ਆਗੂ ਸੁਖਬੀਰ ਸਿੰਘ ਬਾਦਲ ਮੰਡੀਆਂ ਵਿਚ ਕਿਸਾਨਾ ਨਾਲ ਡੱਟ ਕੇ ਖੜੇ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਹਿਮਾਚਲ ਦੀਆਂ ਵਾਦੀਆਂ ਵਿਚ ਠੰਢੀਆਂ ਹਵਾਵਾਂ ਲੈ ਰਹੇ ਹਨ। ਉਨ੍ਹਾਂ ਕਿਹਾ ਕਿ
ਕਣਕ ਦੀ ਖਰੀਦ ਨੂੰ ਲੈ ਕੇ ਜ਼ਿਲੇ ਦੀਆਂ ਤਕਰੀਬਨ ਸਾਰੀਆਂ ਮੰਡੀਆਂ ’ਚ ਹਾਹਾਕਾਰ ਮਚੀ ਹੋਈ ਹੈ। ਜ਼ਿਆਦਾਤਰ ਮੰਡੀਆਂ ਵਿਚ ਬਾਰਦਾਨੇ ਦੀ ਭਾਰੀ ਘਾਟ ਹੈ, ਜਿਸ ਕਰਕੇ ਕਣਕ ਦੀ ਖਰੀਦ ਬਹੁਤ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਵਾਰ ਵਾਰ ਮਾਮਲਾ ਉਠਾਉਣ ਦੇ ਬਾਵਜੂਦ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ। ਇਸ ਦੇ ਨਾਲ ਹੀ ਜੋ ਕਣਕ ਖਰੀਦੀ ਜਾ ਚੁੱਕੀ ਹੈ, ਉਸ ਦੀ ਲਿਫਟਿੰਗ ਨਾ ਹੋਣ ਕਾਰਨ ਵੱਖ ਵੱਖ ਮੰਡੀਆਂ ਵਿਚ ਕਣਕ ਦੇ ਵੱਡੇ ਵੱਡੇ ਅੰਬਾਰ ਲੱਗੇ ਹੋਏ ਹਨ। ਕਈ ਮੰਡੀਆਂ ਵਿਚ ਨਵੀਂ ਜਿਣਸ ਰੱਖਣ ਦੀ ਵੀ ਥਾਂ ਨਹੀਂ
ਬਚੀ ਅਤੇ ਮਜਬੂਰਨ ਲੋਕਾਂ ਨੂੰ ਆਪਣੀਆਂ ਟਰਾਲੀਆਂ ਅਤੇ ਘਰਾਂ ਵਿਚ ਕਣਕ ਰੱਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਤੀਜੀ ਸਭ ਤੋਂ ਵੱਡੀ ਦਿੱਕਤ ਫਸਲਾਂ ਦੀ ਅਦਾਇਗੀ ਦੀ ਹੈ। ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤਾ ਨਵਾਂ ਪੋਰਟਲ ਲਗਾਤਾਰ ਕਈ ਦਿਨਾਂ ਤੋਂ ਬੰਦ ਪਿਆ ਰਹਿੰਦਾ ਹੈ, ਜਿਸ ਕਰਕੇ ਜਿਣਸ ਦੇ ਵੇਰਵਾ ਅੰਕਿਤ ਕਰਨਾ ਬਹੁਤ ਹੀ ਮੁਸ਼ਕਲ ਹੋਇਆ ਪਿਆ ਹੈ। ਇਸ ਨਾਲ ਵੱਡੇ ਪੱਧਰ ’ਤੇ ਭਿ੍ਰਸ਼ਟਾਚਾਰ ਵੀ ਫੈਲਣਾ ਸ਼ੁਰੂ ਹੋ ਗਿਆ ਹੈ। ਜਿਣਸ ਦੇ ਵੇਰਵੇ ਪੋਰਟਲ ’ਤੇ ਅਪਲੋਡ ਨਾ ਹੋਣ ਸਦਕਾ ਕਿਸਾਨਾਂ ਨੂੰ ਅਦਾਇਗੀ ਵਿਚ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵੇਲੇ ਅਨਾਜ ਮੰਡੀਆਂ ਵਿਚ ਹਾਲਤ ਬਹੁਤ ਹੀ ਬਦਤਰ ਹੈ ਪਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਮੁਸ਼ਕਲਾਂ ਸੁਣਨ ਵਾਲਾ ਕੋਈ ਨਹੀਂ ਪਰ ਸਰਕਾਰ ਵਲੋਂ ਪੁਰਾਣਾ ਬਾਰਦਾਨਾ ਖਰੀਦਣ ਸੰਬੰਧੀ ਆੜ੍ਹਤੀਆਂ ਨੂੰ ਜੋ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ, ਉਸ ਤੋਂ ਆੜ੍ਹਤੀ ਵਰਗ ਵੀ ਸੰਤੁਸ਼ਟ ਨਹੀਂ ਕਿਉਂਕਿ ਵਿਭਾਗ ਦੀ ਮਿਲੀਭੁਗਤ ਨਾਲ ਚੱਲ ਰਹੀ ਚੋਰ ਬਾਜ਼ਾਰੀ ਸਦਕਾ ਪੁਰਾਣੇ ਬਾਰਦਾਨੇ ਦੀਆਂ ਕੀਮਤਾਂ ਵੀ ਅਸਮਾਨ ਛੂਹ ਰਹੀਆਂ ਹਨ। ਉਨ੍ਹਾਂ ਇਹ ਮੰਗ ਕੀਤੀ ਕਿ ਕਣਕ ਦੀ ਖਰੀਦ ਦੇ ਐਨੇ ਮਾੜੇ ਹਲਾਤਾਂ ਦੇ ਲਈ ਫੂਡ ਤੇ ਸਪਲਾਈ ਮੰਤਰੀ ਭਰਤ ਭੂਸ਼ਣ ਆਸ਼ੂ ਸਿੱਧੇ ਤੌਰ ’ਤੇ ਜ਼ਿੰਮੇਵਾਰ, ਉਸ ਨੂੰ ਕੈਬਨਿਟ ਵਿਚੋਂ ਬਰਖਾਸਤ ਕੀਤਾ ਜਾਵੇ।
ਇਸ ਮੋਕੇ ਜਰਨੈਲ ਸਿੰਘ ਕਰਤਾਰਪੁਰ ਮੈਂਬਰ ਐਸ ਜੀ ਪੀ ਸੀ, ਸ਼੍ਰੋਮਣੀ ਕਮੇਟੀ ਸੁਰਜੀਤ ਸਿੰਘ ਗੜ੍ਹੀ, ਜਿਲਾ ਪ੍ਰਧਾਨ ਇਸਤਰੀ ਵਿੰਗ ਬਲਵਿੰਦਰ ਕੌਰ ਚੀਮਾ, ਸਾਬਕਾ ਚੇਅਰਮੈਨ ਨਰਦੇਵ ਸਿੰਘ ਆਕੜੀ, ਜਗਜੀਤ ਸਿੰਘ ਕੋਹਲੀ ਓ ਐਸ ਡੀ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਸੁਖਬੀਰ ਸਿੰਘ ਕੰਬੋਜ ਸੀਨੀਅਰ ਲੀਡਰ, ਅਵਤਾਰ ਹੈਪੀ ਪ੍ਰਧਾਨ ਯੂਥ ਅਕਾਲੀ ਦਲ ਜਿਲਾ ਪਟਿਆਲਾ ਸ਼ਹਿਰੀ, ਸਤਨਾਮ ਸਿੰਘ ਸੱਤਾ ਪ੍ਰਧਾਨ ਯੂਥ ਅਕਾਲੀ ਦਲ ਜਿਲਾ ਪਟਿਆਲਾ ਦਿਹਾਤੀ, ਹੈਪੀ ਲੋਹਟ ਪ੍ਰਧਾਨ ਐਸੀ ਵਿੰਗ ਜਿਲਾ ਪਟਿਆਲਾ , ਗੁਰਦੀਪ ਸਿੰਘ ਸ਼ੇਖਪੁਰਾ ਪ੍ਰਧਾਨ ਬੀ ਸੀ ਵਿੰਗ ਦਿਹਾਤੀ, ਹਰਮੀਤ ਸਿੰਘ ਬਡੂੰਗਰ ਪ੍ਰਧਾਨ ਬੀਸੀ ਵਿੰਗ ਜਲਿਾ ਪਟਿਆਲਾ ਸ਼ਹਿਰੀ, ਪਲਵਿੰਦਰ ਸਿੰਘ ਰਿੰਕੂ ਪ੍ਰਧਾਨ ਭਾਟੀਆ ਸਿੱਖ ਬਰਾਦਰੀ, ਸੁਖਵਿੰਦਰ ਪਾਲ ਸਿੰਘ ਮਿੰਟਾ ਸੀਨੀਅਰ ਕੌਂਸਲਰ, ਮਾਸਟਰ ਅਜਮੇਰ ਸਿੰਘ ਸ਼ਸ਼ਤਰੀਗੜ ਨੁਮਾਇੰਦਾ ਆੜਤੀ ਐਸ਼ੋਸੀਏਸ਼ਨ, ਅਕਾਸ਼ ਸ਼ਰਮਾ ਬੋਕਸਰ ਪ੍ਰਧਾਨ ਸਰਕਲ ਰਾਘੋ ਮਾਜਰਾ, ਜਸਵਿੰਦਰ ਸਿੰਘ ਪ੍ਰਧਾਨ ਆਈ ਟੀ ਵਿੰਗ, ਵਰਿੰਦਰ ਡਕਾਲਾ, ਗੁਰਤੇਜ ਸਿੰਘ ਸਿੱਧੂਵਾਲ ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਸਨ।

