ਤੈਨੂੰ ਠੋਕਾਂਗੇ ਪ੍ਰਗਟ ਸਿਆਂ, ਕੱਢ ਲਈਆਂ ਤੇਰੀਆਂ ਲਿਸਟਾਂ, ਕੈਪਟਨ ਨੇ ਭੇਜੀ ਧਮਕੀ
ਕੈਪਟਨ ਸਾਹਿਬ ਬਾਂਹ ਮਰੋੜਨ ਵਾਲੀ ਰਾਜਨੀਤੀ ਨੂੰ ਛੱਡ ਦਿਓ : ਪ੍ਰਗਟ ਸਿੰਘ
ਚੰਡੀਗੜ੍ਹ 17 ਮਈ (ਮਧੂਸਾਰ ਬਿਊਰੋ) ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਕੈਪਟਨ ਵੱਲੋਂ ਭੇਜੀ ਧਮਕੀ ਦਾ ਮੋੜਵਾਂ ਜਵਾਬ ਪ੍ਰੈਸ ਕਾਨਫਰੰਸ ਰਾਹੀਂ ਦਿੰਦਿਆਂ ਕਿਹਾ ਕਿ ਜੇ ਸੱਚ ਬੋਲਣਾ ਸਜ਼ਾ ਹੈ ਤਾਂ ਮੈਂ ਤਿਆਰ ਹਾਂ। ਪ੍ਰਗਟ ਸਿੰਘ ਨੇ ਕਿਹਾ ਕਿ ਬੀਤੀ ਵੀਰਵਾਰ ਦੀ ਰਾਤ ਮੈਨੂੰ ਕੈਪਟਨ ਸੰਦੀਪ ਸੰਧੂ ਨੇ ਫੋਨ ’ਤੇ ਧਮਕੀ ਦਿੰਦਿਆਂ ਕਿਹਾ ਕਿ ਤੇਰੀਆਂ ਲਿਸਟਾਂ ਕੱਢ ਲਈਆਂ, ਤੈਨੂੰ ਹੁਣ ਠੋਕਾਂਗੇ ਅਤੇ ਇਹ ਧਮਕੀ ਕੈਪਟਨ ਸਾਹਿਬ ਨੇ ਦਿੱਤੀ ਹੈ।
ਪ੍ਰਗਟ ਸਿੰਘ ਨੇ ਕਿਹਾ ਕਿ ਅੱਜ ਜਦੋਂ ਕੋਰੋਨਾ ਮਹਾਂਮਾਰੀ ਦਾ ਕਹਿਰ ਚੱਲ ਰਿਹਾ ਤਾਂ ਮੁੱਖ ਮੰਤਰੀ ਆਪਣੇ ਵਿਧਾਇਕ ਨੂੰ ਧਮਕੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਸਮੇਤ ਪਾਵਰ ਐਗਰੀਮੈਂਟ ਦਾ ਰੀਵਿਊ, ਐਕਸਾਈਜ ਵਰਗੇ ਮੁਦਿਆਂ ਨੂੰ ਇਸ ਕਰਕੇ ਚੁੱਕਿਆ ਸੀ ਕਿ ਪੰਜਾਬ ਦਾ ਅਰਥਚਾਰਾ ਠੀਕ ਹੋ ਸਕੇ। ਪ੍ਰਗਟ ਸਿੰਘ ਨੇ ਕਿਹਾ ਕਿ ਜੇ ਮੁਦਿਆਂ ਨੂੰ ਚੁੱਕਣ ਦੀ ਚਿੜ੍ਹ ਹੈ ਤਾਂ ਸਰਕਾਰ ਨੇ ਜੋ ਕਰਨਾ ਉਹ ਕਰ ਲਵੇ। ਰਾਜਨੀਤੀ ਇੰਨ੍ਹੀ ਮਾੜੀ ਹੁੰਦੀ ਹੈ ਮੈਨੂੰ ਅੱਜ ਮਹਿਸੂਸ ਹੋ ਰਿਹਾ ਹੈ। ਮੈਨੂੰ ਸੁਖਬੀਰ ਸਿੰਘ ਬਾਦਲ ਸਿਆਸ ਵਿਚ ਲੈ ਕੇ ਆਏ ਸਨ। ਹੁਣ ਮੈੱ ਪੰਜਾਬ ਨੂੰ ਲੁੱਟਦਾ ਹੋਇਆ ਨਹੀਂ ਦੇਖ ਸਕਦਾ। ਕੈਪਟਨ ਸਾਹਿਬ ਜਿਹੜ੍ਹਾ ਸੂਰਜ ਚੱੜ੍ਹਦਾ ਹੈ ਉਹ ਢੱਲਦਾ ਵੀ ਹੈ। ਕੈਪਟਨ ਸਾਹਿਬ ਬਾਂਹ ਮਰੋੜਨ ਵਾਲੀ ਰਾਜਨੀਤੀ ਛੱਡੋ। ਪ੍ਰਗਟ ਸਿੰਘ ਨੇ ਕਿਹਾ ਕਿ ਜਿਹੜੇ ਅਫਸਰ ਦੀਆਂ ਲੱਂਤਾਂ ਭਾਰ ਝਲਦੀਆਂ ਹੋਣ ਉਹ ਮੇਰੇ ਵੱਲ ਆ ਜਾਵੇ।
ਉਨ੍ਹਾਂ ਕਿਹਾ ਕਿ ਵਿਜ਼ੀਲੈੱਸ ਅੱਜ ਸਿੱਧੂ ਖਿਲਾਫ ਕਾਰਵਾਈ ਕਰਨ ਨੂੰ ਫਿਰਦੀ ਹੈ ਪਰ ਦੋ ਸਾਲ ਤੱਕ ਇਹ ਫਾਈਲਾਂ ਕਿੱਥੇ ਤੁਰਦੀਆਂ ਫਿਰਦੀਆਂ ਰਹੀਆਂ ਅਤੇ ਹੁਣ ਵਿਧਾਇਕ ਚੰਨੀ ਦੁਆਲੇ ਗਾਜ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੈਪਟਨ ਸਾਹਿਬ ਕਦੇ ਇਕੱਲੇ ਬੈਠ ਕੇ ਸ਼ੀਸ਼ੇ ਵਿਚ ਜਰੂਰ ਦੇਖਿਉ ਆਖਰ ਅਸੀਂ ਕਿਹੜੇ ਮੁਦਿਆਂ ਵੱਲ ਜਾਂ ਰਹੇ ਹਾਂ। ਮੈਂ ਹਮੇਸ਼ਾਂ ਪਰੋਟੋਕਾਲ ਵਿਚ ਰਹਿ ਕੇ ਗੱਲ ਕੀਤੀ ਹੈ। ਹੁਣ ਸਿਸਟਮ ਵਿਚ ਕਾਲੀਆਂ ਭੇਡਾਂ ਹੀ ਨਜ਼ਰ ਆਉਦੀਆਂ ਹਨ।ਜੇ ਸੱਚ ਦੀ ਸਜ਼ਾ ਦੇਣੀ ਚੁਹੰਦੇ ਹੋ ਤਾਂ ਜਿੱਥੇ ਮਰਜ਼ੀ ਆ ਜਾਉ। ਪ੍ਰਗਟ ਸਿੰਘ ਨੇ ਕਿਹਾ ਕਿ ਅਫਸਰਸ਼ਾਹੀ ਸਿਆਸੀ ਲੋਕਾਂ ਦੀ ਕਠਪੁਤਲੀ ਬਣੀ ਹੋਈ ਹੈ।

