ਪੰਜਾਬਪਟਿਆਲਾ

ਤੂਫਾਨ ਕਾਰਨ ਮਹਿਲਾ ਦੀ ਮੌਤ, ਬਿਜਲੀ ਰਹੀ ਠੱਪ, ਭਾਰੀ ਨੁਕਸਾਨ !

ਬਾਦਸ਼ਾਹਪੁਰ/ਸਮਾਣਾ 1 ਜੂਨ (ਰਿਸ਼ੀਪਾਲ ਗੁਪਤਾ/ਮਧੂਸਾਰ ਬਿਊਰੋ) ਬੀਤੀ ਦੇਰ ਰਾਤ ਇਲਾਕੇ ਵਿਚ ਆਏ ਤੂਫਾਨ ਕਾਰਨ ਪਿੰਡ ਗੁਰਦਿਆਲਪੁਰਾ ਦੀ ਇਕ ਮਹਿਲਾ ਦੀ ਮੌਤ ਹੋ ਗਈ । ਜਾਣਕਾਰੀ ਮੁਤਾਬਕ ਇਹ ਮਹਿਲਾ ਤੂਫਾਨ ਦੌਰਾਨ ਗੇਟ ਬੰਦ ਕਰਨ ਗਈ ਸੀ ਕਿ ਗੇਟ ਉਸ ਦੇ ਉਪਰ ਡਿੱਗ ਗਿਆ। ਉਸ ਨੂੰ ਹਸਪਤਾਲ ਇਲਾਜ ਲੲਈ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ।
ਤੇਜ਼ ਤੂਫਾਨ ਕਾਰਨ ਸੜਕਾਂ ਉਤੇ ਦਰਖਤ ਟੁੱਟ ਕੇ ਆਵਾਜਾਈ ਬੰਦ ਕੋ ਗਈ ਉਥੇ ਬਿਜਲੀ ਦੇ ਖੰਭੇ,ਟਰਾਂਸਫਾਰਮਰ, ਮੋਬਾਇਲ ਟਾਵਰ, ਘਰਾਂ, ਦੁਕਾਨਾਂ,ਸਕੂਲਾਂ, ਮੈਰਿਜ ਪੈਲੇਸਾਂ ਆਦਿ ਵਿਚ ਕੰਧਾਂ ਅਤੇ ਸ਼ੈਡ ਡਿੱਗ ਗਏ ਜਿਸ ਕਾਰਨ ਲੋਕਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ। ਪਿੰਡ ਅਰਨੇਟੂ ਵਿਚ ਕੁੱਪਾਂ ਨੂੰ ਅੱਗ ਲੱਗ ਗਈ ਜੋ ਲੋਕਾਂ ਨੇ ਇਕੱਠੇ ਕੋ ਕੇ ਬੁਝਾ ਦਿੱਤੀ।

ਜਾਣਕਾਰੀ ਮੁਤਾਬਕ ਲੰਘੀ ਸ਼ਾਮ 9 ਵਜੇ ਦੇ ਕਰੀਬ ਪੱਛਮੀ ਉਤਰ ਵੱਲੋਂ ਆਏ ਜ਼ੋਰਦਾਰ ਤੂਫਾਨ ਕਾਰਨ ਪਿੰਡ ਬਾਦਸ਼ਾਹਪੁਰ ਸ਼ੁਤਰਾਣਾ ਸੜਕ ਉਤੇ ਜੀ ਐਸ ਮੈਰਿਜ ਪੈਲੇਸ ਦੀ ਚਾਰਦੀਵਾਰੀ ਢਹਿ ਗਈ ਉਥੇ ਇਸੇ ਸੜਕ ਉਤੇ ਅਕਾਲ ਅਕੈਡਮੀ ਦੀਆਂ ਟੀਨ ਦੀਆਂ ਛੱਤਾਂ ਉੱਡ ਗਈਆਂ ਅਤੇ ਬਾਦਸ਼ਾਹਪੁਰ ਦੇ ਸਰਕਾਰੀ ਸਕੂਲ ਦੇ ਸਾਈਕਲ ਸ਼ੈਡ ਸਮੇਤ ਸਾਧਮਾਜਰਾ ਸਕੂਲ ਦੀ ਚਾਰਦੀਵਾਰੀ ਵੀ ਢਹਿ ਗਿਆ।
ਪਿੰਡ ਜਲਾਲਪੁਰ,ਕਲਵਾਣੂ ਵਿਚ ਕਈ ਘਰਾਂ ਦੇ ਕੀਮਤੀ ਸ਼ੈਡ ਉੱਡ ਗਏ। ਬਾਦਸ਼ਾਹਪੁਰ ਅੱਡੇ ਉਤੇ ਡਿੱਗੀਆਂ ਕਿੱਕਰਾਂ ਨਾ ਹਟਾਏ ਜਾਣ ਕਾਰਨ ਆਵਾਜਾਈ ਵਿਚ ਵਿਘਨ ਰਿਹਾ।
ਬਾਦਸ਼ਾਹਪੁਰ ਗਰਿੱਡ ਅਧਿਕਾਰੀ ਨੇ ਦੱਸਿਆ ਕਿ ਗਰਿਡ ਤਹਿਤ ਪਿੰਡਾਂ ਦੇ ਕਰੀਬ 200 ਖੰਭੇ ਟੁੱਟ ਗਏ ਹਨ । ਉਨ੍ਹਾਂ ਕਿਹਾ ਕਿ ਟਰਾਂਸਫਾਰਮਰ ਆ ਗਏ ਹਨ ਅਤੇ ਭਲਕ ਤਕ 150 ਖੰਭੇ ਹੋਰ ਆ ਜਾਣਗੇ । ਉਨ੍ਹਾਂ ਕਿਹਾ ਕਿ ਬਾਦਸ਼ਾਹਪੁਰ ਕਸਬੇ ਦੀ ਲਾਈਟ ਸ਼ਾਮ ਤਕ ਚਾਲੂ ਹੋਣ ਦੀ ਉਮੀਦ ਹੈ। ਮੋਬਾਇਲ ਸੇਵਾ ਵੀ ਟਾਵਰ ਗਿਰਨ ਕਾਰਨ ਪ੍ਰਭਾਵਿਤ ਹੋਈ।

Leave a Reply

Your email address will not be published. Required fields are marked *