ਸਠਿਆਲਾ ਕਾਲਜ ਵਿਚ ਅਧਿਆਪਕਾਂ ਨੂੰ ਰਿਲੀਵ ਕਰਨ ਦੀ ਕੋਸਿਸ਼ ਦੇ ਵਿਰੋਧ ਵਿਚ ਅੱਜ ਚੌਥੇ ਦਿਨ ਕਾਲਜ ਵਿਖੇ ਸਾਂਤਮਈ ਪ੍ਰਦਰਸ਼ਨ
ਅੰਮ੍ਰਿਤਸਰ (ਸੁਖਬੀਰ ਸਿੰਘ )ਪਿਛਲੇ ਦਿਨੀ ਸ੍ਰੀ ਗੁਰੂ ਤੇਗ ਬਹਾਦਰ ਕਾਲਜ, ਸਠਿਆਲਾ ਦੇ ਓ.ਐੱਸ.ਡੀ. ਵੱਲੋਂ ਅਕਾਦਮਿਕ ਵਰ੍ਹੇ 2021-22 ਲਈ ਤਿਆਰ ਕੀਤੇ ਗਏ ਟਾਈਮ ਟੇਬਲ ਵਿਚ ਬੀ.ਏ., ਬੀ.ਐੱਸਸੀ ਕੰਪਿਊਟਰ ਸਾਇੰਸ, ਬੀ.ਐੱਸਸੀ ਨਾਨ ਮੈਡੀਕਲ ਅਤੇ ਬੀ.ਕਾਮ, ਸਮੈਸਟਰ ਪਹਿਲਾ ਤੀਜਾ ਅਤੇ ਪੰਜਵਾਂ ਦੀਆਂ ਕਲਾਸਾਂ ਨੂੰ ਮਰਜ਼ ਕਰਕੇ ਜ਼ਬਰਨ ਤਿੰਨ ਅਧਿਆਪਕਾਂ ਡਾ. ਗੁਰਪ੍ਰੀਤ ਸਿੰਘ, ਡਾ.ਜਤਿੰਦਰ ਕੌਰ ਅਤੇ ਪ੍ਰੋਫੈਸਰ ਅਰੁਣ ਗੋਸਾਂਈ ਨੂੰ ਰਿਲੀਵ ਕਰਨ ਦੀ ਯੋਜਨਾ ਘੜੀ ਗਈ ਜਿਸ ਦੇ ਵਿਰੋਧ ਵਿਚ ਪਿਛਲੇ ਚਾਰ ਦਿਨਾਂ ਤੋਂ ਕਾਲਜ ਦੇ ਐਡਹਾਕ ਅਧਿਆਪਕਾਂ ਦੁਆਰਾ ਕਾਲਜ ਵਿਖੇ ਸ਼ਾਂਤਮਈ ਰੋਸ ਪ੍ਰਦਰਸ਼ਨ ਜਾਰੀ ਹੈ। ਵਾਰ-ਵਾਰ ਯੂਨੀਵਰਸਿਟੀ ਪ੍ਰਸਾਸ਼ਨ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਗਈ ਜਿਸਦਾ ਕੋਈ ਵੀ ਸਿੱਟਾ ਨਹੀਂ ਕੱਢਿਆ ਗਿਆ।
ਇਸਦੇ ਨਤੀਜੇ ਵਜੋਂ ਅੱਜ ਕਾਲਜ ਦੇ ਮੁੱਖ ਗੇਟ ਦੇ ਬਾਹਰ ਸ਼ਾਂਤਮਈ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਐਸੋਸੀਏਸ਼ਨ ਆਫ ਐਡਹਾਕ ਟੀਚਰਜ਼ ਦੇ ਕੁਝ ਹੋਰਨਾਂ ਸਾਥੀਆਂ ਤੋਂ ਇਲਾਵਾ ਕਾਲਜ ਵਿਚ ਪੜ੍ਹ ਰਹੇ ਬੱਚਿਆਂ ਨੇ ਵੀ ਸਹਾਇਕ ਪ੍ਰੋਫੈਸਰਾਂ ਦਾ ਸਹਿਯੋਗ ਕੀਤਾ। ਇਸ ਮੌਕੇ ਹੋ ਰਹੇ ਪ੍ਰਦਰਸ਼ਨ ਦੀ ਜਾਂਚ ਕਰਨ ਲਈ ਇਲਾਕੇ ਨਾਲ ਸੰਬੰਧਿਤ ਮਾਨਯੋਗ ਡੀ.ਐੱਸ.ਪੀ. ਸਾਹਿਬ ਤੋਂ ਇਲਾਵਾ ਐੱਸ.ਐੱਚ.ਓ. ਥਾਣਾ ਬਿਆਸ ਅਤੇ ਹੋਰ ਪੁਲਿਸ ਕਰਮਚਾਰੀਆਂ ਨੇ ਵੀ ਕਾਲਜ ਦੇ ਓ.ਐੱਸ.ਡੀ. ਡਾ. ਕਮਲੇਸ਼ ਸਿੰਘ ਦੁੱਗਲ ਨਾਲ ਰਾਬਤਾ ਕਰਕੇ ਸਾਰੇ ਮਾਮਲੇ ਦੀ ਜਾਂਚ ਕੀਤੀ ਅਤੇ ਸਾਰੀ ਸਮੱਸਿਆ ਦਾ ਜਲਦੀ ਹੱਲ ਕੱਢਣ ਲਈ ਕਿਹਾ।
ਇਸਦੇ ਨਾਲ ਹੀ ਸਠਿਆਲਾ ਹਲਕੇ ਦੇ ਐੱਮ.ਐੱਲ.ਏ. ਸੰਤੋਖ ਸਿੰਘ ਭਲਾਈਪੁਰ ਦੇ ਪੁੱਤਰ ਸ੍ਰ. ਪ੍ਰਦੀਪ ਸਿੰਘ ਭਲਾਈਪੁਰ ਨੇ ਵੀ ਪਹੁੰਚ ਕੇ ਅਧਿਆਪਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੰਗ ਪੱਤਰ ਪ੍ਰਵਾਨ ਕਰਦੇ ਹੋਏ ਸਾਰੀਆਂ ਸਮੱਸਿਆਵਾਂ ਦਾ ਜਲਦੀ ਹੱਲ ਕੱਢਣ ਦਾ ਵਾਅਦਾ ਵੀ ਕੀਤਾ ਅਤੇ ਕਾਲਜ ਨੂੰ ਹੋਰ ਬੇਹਤਰ ਬਣਾਉਣ ਲਈ ਹਰ ਸੰਭਵ ਉਪਰਾਲਾ ਕਰਨ ਲਈ ਵੀ ਕਿਹਾ ਜਿੰਨ੍ਹਾਂ ਦਾ ਸਮੂਹ ਅਧਿਆਪਕਾਂ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਪਰੰਤੂ ਇਸਦੇ ਬਾਵਜੂਦ ਵੀ ਐਸੋਸੀਏਸ਼ਨ ਦੇ ਮੈਂਬਰਾਂ ਨੇ ਫਿਰ ਤੋਂ ਇਹ ਘੋਸ਼ਣਾ ਕੀਤੀ ਕਿ ਜਦ ਤੱਕ ਸਮੱਸਿਆਵਾਂ ਦਾ ਹੱਲ ਨਹੀਂ ਕੱਢਿਆ ਜਾਵੇਗਾ ਉਦੋਂ ਤੱਕ ਇਹ ਸ਼ਾਂਤਮਈ ਪ੍ਰਦਰਸ਼ਨ ਜਾਰੀ ਰਹੇਗਾ। ਇਸ ਮੌਕੇ ਸਠਿਆਲਾ ਕਾਲਜ ਦੇ ਅਧਿਆਪਕਾਂ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ, ਜਲੰਧਰ, ਪਠਾਨਕੋਟ, ਨਿਆੜੀ ਅਤੇ ਪੱਟੀ ਤੋਂ ਵੀ ਕੁਝ ਅਧਿਆਪਕਾਂ ਨੇ ਇਸ ਰੋਸ ਪ੍ਰਦਰਸ਼ਨ ਵਿਚ ਹਿੱਸਾ ਲਿਆ।

