ਪੰਜਾਬਪਟਿਆਲਾ

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਗੈਸ ਏਜੰਸੀ ਵਰਕਰ ਯੂਨੀਅਨ (ਇਫਟੂ) ਵਲੋਂ ਮਸ਼ਾਲ ਮਾਰਚ

ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਪ੍ਰੇਰਨਾ ਲੈ ਕੇ ਸਰਕਾਰਾਂ ਖ਼ਿਲਾਫ਼ ਸੰਘਰਸ਼ ਅੱਗੇ ਵਧਾਉਣ ਦਾ ਐਲਾਨ: ਇਫਟੂ

ਕੇਂਦਰ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਮਜ਼ਦੂਰ ਵਿਰੋਧੀ ਸੋਧਾਂ ਵਾਪਿਸ ਲੈਣ ਦੀ ਮੰਗ

ਪਟਿਆਲਾ 29 ਸਤੰਬਰ, (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਗੈਸ ਏਜੰਸੀ ਵਰਕਰ ਯੂਨੀਅਨ (ਇਫਟੂ) ਪਟਿਆਲਾ ਵੱਲੋਂ ਸ਼ਹੀਦ ਭਗਤ ਸਿੰਘ ਦੇ 114ਵੇ ਜਨਮ ਦਿਹਾੜੇ ਨੂੰ ਸਮਰਪਿਤ ਮਸ਼ਾਲ ਮਾਰਚ ਕੱਢਿਆ ਗਿਆ ਅਤੇ ਪਟਿਆਲਾ ਸਨੌਰ ਸੜਕ ‘ਤੇ ਸਥਿਤ ਸ਼ਹੀਦ ਊਧਮ ਸਿੰਘ ਚੌਕ ਵਿੱਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਵਿਚ ਮਜ਼ਦੂਰ ਵਿਰੋਧੀ ਸੋਧਾਂ ਕਰਕੇ ਪਾਸ ਕੀਤੇ ਚਾਰ ਲੇਬਰ ਕੋਡਾਂ ਅਤੇ ਹੋਰਨਾਂ ਕਾਲੇ ਕਾਨੂੰਨਾਂ ਖਿਲਾਫ ਦੇਰ ਸ਼ਾਮ ਤੱਕ ਚੌਕ ਵਿੱਚ ਖੜ੍ਹਕੇ ਰੋਸ ਮੁਜ਼ਾਹਰਾ ਕੀਤਾ ਗਿਆ।

ਇਸ ਮੌਕੇ ਇਕੱਤਰ ਵਰਕਰਾਂ ਅਤੇ ਇਲਾਕੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਗੈਸ ਏਜੰਸੀ ਵਰਕਰ ਯੂਨੀਅਨ ਦੇ ਪ੍ਰਧਾਨ ਕਸ਼ਮੀਰ ਸਿੰਘ ਬਿੱਲਾ, ਸੁਰਜੀਤ ਸਿੰਘ (ਸਕੱਤਰ), ਸਤਪਾਲ ਸਿੰਘ (ਮੀਤ ਪ੍ਰਧਾਨ) ਅਤੇ ਜਸਵੀਰ ਸਿੰਘ (ਕੈਸ਼ੀਅਰ) ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਵੱਲੋਂ ਅੰਗਰੇਜ਼ ਸਾਮਰਾਜ ਦੀ ਸਿੱਧੀ ਲੁੱਟ ਖ਼ਿਲਾਫ਼ ਹਿੰਦੋਸਤਾਨ ਸੋਸ਼ਲਿਸਟ ਰੀਪਬਲਿਕਨ ਐਸੋਸੀਏਸ਼ਨ (ਐਚ.ਐਸ.ਆਰ.ਏ.) ਦੇ ਝੰਡੇ ਹੇਠ ਲਾਮਬੰਦੀ ਕਰਕੇ ਦੇਸ਼ ਦੇ ਲੋਕਾਂ ਨੂੰ ਜਥੇਬੰਦ ਕਰਨ ਦਾ ਕਾਰਜ ਕੀਤਾ ਗਿਆ ਸੀ, ਉਸੇ ਤਰਜ਼ ‘ਤੇ ਮੌਜੂਦਾ ਸਮੇਂ ਵਿੱਚ ਵੀ ਸਾਮਰਾਜੀਆਂ ਅਤੇ ਦੇਸ਼ੀ-ਵਿਦੇਸ਼ੀ ਕਾਰਪੋਰੇਟਾਂ ਦੇ ਇਸ਼ਾਰੇ ‘ਤੇ ਦੇਸ਼ ਦੇ ਜਲ, ਜੰਗਲ ਅਤੇ ਜ਼ਮੀਨ ਦੀ ਅੰਨ੍ਹੀ ਲੁੱਟ ਕਰਵਾਉਣ ਅਤੇ ਮੁੁਲਕ ਦੇ ਲੋਕਾਂ ਦਾ ਆਰਥਿਕ ਉਜਾੜਾ ਕਰਨ ਵਾਲੀਆਂ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਨੀਤੀਆਂ ਖ਼ਿਲਾਫ਼ ਵੀ ਜਥੇਬੰਦਕ ਘੋਲ ਤੇਜ਼ ਕਰਨ ਦੀ ਲੋੜ ਹੈ।ਜਥੇਬੰਦੀ ਨੇ ਅਹਿਦ ਲਿਆ ਕਿ ਸ਼ਹੀਦ ਭਗਤ ਸਿੰਘ ਦੇ ਸੰਦੇਸ਼ ਅਨੁਸਾਰ ਮਨੁੱਖ ਹੱਥੋਂ ਮਨੁੱਖ, ਦੇਸ਼ ਹੱਥੋਂ ਦੇਸ਼ ਅਤੇ ਕੌਮ ਹੱਥੋਂ ਕੌਮ ਦੀ ਲੁੱਟ ਮਿਟਾਉਣ ਵਾਲੀ ਵਿਚਾਰਧਾਰਾ ਤੋਂ ਪ੍ਰੇਰਨਾ ਲੈਂਦਿਆਂ ਸੰਘਰਸ਼ ਅੱਗੇ ਵਧਾਇਆ ਜਾਵੇਗਾ। ਇਸ ਮੌਕੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਦਾ ਡਟਵਾਂ ਸਮਰਥਨ ਜਾਰੀ ਰੱਖਦਿਆਂ, ਇਸੇ ਤਰਜ਼ ਤੇ ਕੇਂਦਰ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਨੂੰ ਮੋਕਲਾ ਕਰਕੇ ਲਿਆਂਦੇ ਚਾਰ ਕਿਰਤ ਕੋਡਾਂ ਖ਼ਿਲਾਫ਼ ਵੀ ਲਾਮਬੰਦੀ ਦਾ ਹਿੱਸਾ ਬਨਣ ਦਾ ਐਲਾਨ ਕੀਤਾ। ਸ਼ਹਿਰ ਵਿੱਚ ਵਿਛਾਈ ਜਾ ਰਹੀ ਗੈਸ ਪਾਇਪ ਲਾਇਨ ਰਾਹੀਂ ਕਾਰਪੋਰੇਟੀ ਲੁੱਟ ਨੂੰ ਹੋਰ ਵਧਾਉਣ ਅਤੇ ਗੈਸ ਵਿਤਰਣ ਵਿੱਚ ਲੱਗੇ ਵਰਕਰਾਂ ਦੇ ਰੁੁਜ਼ਗਾਰ ਉੱਪਰ ਤਲਵਾਰ ਲਟਕਾਉਣ ਦਾ ਡਟਵਾਂ ਵਿਰੋਧ ਕੀਤਾ ਗਿਆ।

ਇਸ ਮੌਕੇ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਪੂਨੀਆ ਤੋਂ ਇਲਾਵਾ ਰਾਮ ਸਿੰਘ ਲੰਬੜਦਾਰ, ਜਸਵਿੰਦਰ ਸਿੰਘ ਜੱਸੀ, ਧੀਰਜ ਕੁਮਾਰ, ਦੇਸ਼ ਰਾਜ, ਜਸਪਾਲ ਸਿੰਘ, ਸਾਮਧਰ ਮਿਸ਼ਰਾ, ਬਲਵਿੰਦਰ ਸਿੰਘ, ਕੇਸਰ ਸਿੰਘ, ਮੁਖਤਿਆਰ ਸਿੰਘ ਫੌਜੀ, ਕੁਲਵੰਤ ਸਿੰਘ ਅਤੇ ਸਰਪੰਚ ਕਰਮਜੀਤ ਸਿੰਘ ਆਦਿ ਵੀ ਮੌਜੂਦ ਰਹੇ।

Leave a Reply

Your email address will not be published. Required fields are marked *