ਖ਼ਾਲਸਾ ਕਾਲਜ ਪਟਿਆਲਾ ਵਿਖੇ ਕਰਵਾਇਆ ਗਿਆ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਵਿਖੇ ਪੋਸਟ ਗ੍ਰੈਜੂਏਟ ਹਿਸਟਰੀ ਵਿਭਾਗ ਵੱਲੋਂ ਆਜਾਦੀ ਦੇ 75 ਸਾਲ-ਪੰਜਾਬ ਅਤੇ ਪੱਛਮੀ ਬੰਗਾਲ ਦੇ ਵਿਸ਼ੇਸ਼ ਯੋਗਦਾਨ ਦੇ ਸੰਦਰਭ ਵਿਚ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਡਾ. ਸਮਰਿਤ ਕੁਮਾਰ ਸਰਕਾਰ ਫਾਰਮਰ ਵਾਈਸ ਚਾਂਸਲਰ ਯੂਨੀਵਰਸਿਟੀ ਆਫ ਬੁਰਦਵਾਨ, ਪ੍ਰੋ. ਆਫ ਹਿਸਟਰੀ ਕਲਕੱਤਾ (ਪੱਛਮੀ ਬੰਗਾਲ), ਡਾ. ਸਰਬਜਿੰਦਰ ਸਿੰਘ ਡੀਨ ਫੈਕਲਟੀ ਆਫ ਹਿਊਮੈਨਿਟੀ ਐਂਡ ਰਿਲੀਜਸ ਸਟੱਡੀ, ਚੇਅਰਪਰਸਨ ਸੰਤ ਪ੍ਰੇਮ ਸਿੰਘ ਮੁਰਾਰੇ ਵਾਲੇ ਚੇਅਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਨੇ ਮੁੱਖ ਵਕਤਾ ਦੇ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਸ਼ਮੂਲੀਅਤ ਕਰ ਰਹੀਆਂ ਮਾਨਯੋਗ ਸਖਸ਼ੀਅਤਾਂ ਨੂੰ ਜੀ ਆਇਆਂ ਆਖਿਆ।
ਡਾ. ਸਮਰਿਤ ਸਰਕਾਰ ਨੇ ਕਿਹਾ ਕਿ ਬੰਗਾਲ ਦਾ ਭਾਰਤ ਦੀ ਅਜਾਦੀ ਵਿਚ ਪਾਏ ਯੋਗਦਾਨ ਦੀ ਇਕ ਵਿਲੱਖਣ ਮਿਸਾਲ ਹੈ ਉਨ੍ਹਾਂ ਕਿਹਾ ਜਦੋ ਪੱਛਮੀ ਪਾਕਿਸਤਾਨ ਦੇ ਵਿਰੁੱਧ ਲੋਕ ਅੰਦੋਲਨ ਪੈਦਾ ਹੋਇਆ ਤਾਂ ਉਸ ਸਮੇਂ ਬੰਗਾਲੀ ਦੇਸੀ ਲੋਕਾਂ ਨੇ ਭਾਰਤ ਦੀ ਮਦਦ ਨਾਲ ਇਸ ਅੰਦੋਲਨ ਨੂੰ ਜਿੱਤਿਆ। ਉਨ੍ਹਾਂ ਇਹ ਵੀ ਕਿਹਾ ਕਿ ਬੰਗਾਲ ਇਕ ਸੰਘਣੀ ਆਬਾਦੀ ਵਾਲਾ ਪ੍ਰਦੇਸ਼ ਹੈ ਅਤੇ ਭੂਗੋਲਿਕ ਰੂਪ ਵਿਚ ਉਪਜਾਊ ਗੰਗਾ- ਬ੍ਰਹਮਪੁੱਤਰ ਡੈਲਟਾ ਤੱਕ ਫੈਲਿਆ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦੋ ਬੰਗਾਲ ਵੰਡ ਹੋਈ ਤਾਂ ਉਸ ਵਕਤ ਵੀ ਬੰਗਾਲੀ ਲੋਕਾਂ ਨੇ ਵਿਰੋਧ ਵਿਚ ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਜਥੇਬੰਦ ਕੀਤਾ। ਬੰਗਾਲ ਉਸ ਸਮੇਂ ਭਾਰਤੀ ਰਾਸ਼ਟਰੀ ਚੇਤਨਾ ਦਾ ਕੇਂਦਰ ਬਿੰਦੂ ਸੀ ਅਤੇ ਨਾਲ ਹੀ ਬੰਗਾਲੀਆਂ ਵਿਚ ਪ੍ਰਬਲ ਰਾਜਨੀਤਿਕ ਜਾਗ੍ਰਤੀ ਸੀ। ਜਿਸ ਨੂੰ ਦਬਾਉਣ ਲਈ ਬੰਗਾਲ ਨੂੰ ਅਤੇ ਹਿੰਦੂ ਮੁਸਲਿਮ ਸਹਿਚਾਰ ਨੂੰ ਵੀ ਵੰਡਣਾ ਚਾਹਿਆ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਵਾਂਗ ਬੰਗਾਲੀ ਲੋਕਾਂ ਦੀ ਜਾਗ੍ਰਤੀ ਤੇ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ।
ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਭਾਰਤ ਦੀ ਜੰਗ-ਏ-ਆਜਾਦੀ ਵਿਚ ਪੰਜਾਬੀਆਂ ਦੇ ਯੋਗਦਾਨ ਨੂੰ (ਸਿੱਖਾਂ ਦੇ ਸੰਦਰਭ ਵਿਚ) ਪੀ.ਪੀ.ਟੀ ਰਾਹੀਂ ਪੇਸ਼ ਕੀਤਾ। ਉਹਨਾਂ ਨੇ ਭਾਈ ਮਹਾਰਾਜ ਸਿੰਘ ਦੀ ਸ਼ਹਾਦਤ ਤੋਂ ਸ਼ੁਰੂ ਕਰਦਿਆਂ ਕਿਹਾ ਕਿ 1847 ਤੋਂ ਅੰਗਰੇਜਾਂ ਦੇ ਖਿਲਾਫ ਹਥਿਆਰਬੰਦ ਅੰਦੋਲਨ ਚਲਾਉਣ ਵਾਲੇ ਭਾਈ ਮਹਾਰਾਜ ਸਿੰਘ ਪਹਿਲੇ ਸਿੱਖ ਸਨ। ਉਹਨਾਂ ਨੇ ਕੂਕਾ ਅੰਦੋਲਨ ਤੋਂ ਲੈ ਕੇ ਪਗੜੀ ਸੰਭਾਲ ਜੱਟਾ ਅੰਦੋਲਨ, ਗਦਰ ਲਹਿਰ, ਕਾਮਾਗਾਟਾਮਾਰੂ, ਜਲਿਆਂਵਾਲਾ ਬਾਗ ਦਾ ਸਾਕਾ, ਮੋਰਚਾ ਗੁਰੂ ਕਾ ਬਾਗ, ਗੁਰਦੁਆਰਾ ਸੁਧਾਰ ਲਹਿਰ ਅਤੇ ਕਾਲੇ ਪਾਣੀ ਦੀ ਸਜਾ ਕੱਟ ਚੁੱਕੇ ਸਿੱਖਾਂ ਦੀ ਸ਼ਹਾਦਤ ਦੀ ਦਾਸਤਾਨ ਨੂੰ ਪੇਸ਼ ਕੀਤਾ। ਉਹਨਾਂ ਇਹ ਵੀ ਕਿਹਾ ਕਿ ਇਹਨਾਂ ਸਾਰੀਆਂ ਲਹਿਰਾਂ ਦਾ ਮੁੱਖ ਮਕਸਦ ਭਾਰਤ ਨੂੰ ਅੰਗਰੇਜੀ ਸਾਮਰਾਜ ਤੋਂ ਆਜਾਦ ਕਰਵਾਉਣਾ ਸੀ।
ਇਸ ਮੌਕੇ ਡਾ ਸਰਬਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਬੰਗਾਲ ਦੀਆਂ ਦੋਵੇਂ ਕੌਮਾਂ ਦਾ ਟੀਚਾ ਇੱਕ ਹੀ ਰਿਹਾ ਹੈ। ਆਜਾਦੀ ਦੀ ਚਿਣਗ ਲਗਾਉਣ ਦਾ ਸਿਹਰਾ ਵੀ ਪੰਜਾਬੀ ਤੇ ਬੰਗਾਲੀਆਂ ਦੇ ਸਿਰ ਹੀ ਬੱਝਦਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬੀਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਅਤੇ ਮੌਤ ਨੂੰ ਹੱਸ ਕੇ ਕਬੂਲ ਕੀਤਾ। ਭਾਈ ਬੀਰ ਸਿੰਘ ਨੌਰੰਗਾਬਾਦ ਬਾਰੇ ਗੱਲ ਕਰਦਿਆਂ ਕਿਹਾ ਕਿ ਕਿਸ ਤਰ੍ਹਾਂ ਉਹਨਾਂ ਹਥਿਆਰਬੰਦ ਅੰਦੋਲਨ ਕੀਤਿਆਂ ਬਿਨ੍ਹਾਂ ਹੀ ਲੋਕਾਂ ਵਿਚ ਆਤਮਿਕ ਤਬਦੀਲੀ ਲਿਆ ਕੇ ਉਹਨਾਂ ਨੂੰ ਆਪਣੀ ਆਜਾਦੀ ਲਈ ਲੜਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਕੂਕਾ ਲਹਿਰ, ਸਿੰਘ ਸਭਾ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ਦੇ ਆਜਾਦੀ ਦੀ ਲੜਾਈ ਵਿਚ ਪਾਏ ਯੋਗਦਾਨ ਬਾਰੇ ਚਾਨਣਾ ਪਾਇਆ।
ਇਸ ਮੌਕੇ ਹਿਸਟਰੀ ਵਿਭਾਗ ਦੇ ਮੁਖੀ ਡਾ. ਹਰਜੀਤ ਕੌਰ ਨੇ ਸੈਮੀਨਾਰ ਵਿਖੇ ਪਹੁੰਚੀਆਂ ਹੋਈਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਅਤੇ ਮੰਚ ਦਾ ਸੰਚਾਲਨ ਡਾ. ਜੀਵੰਤ ਕੌਰ ਦੁਆਰਾ ਬਾਖੂਬੀ ਨਿਭਾਇਆ ਗਿਆ। ਇਸ ਦੌਰਾਨ ਕਾਲਜ ਦੇ ਸਮੂਹ ਟੀਚਿੰਗ ਅਤੇ ਨਾਨ_ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।

