ਪੰਜਾਬਪਟਿਆਲਾ

ਸਮਾਜ ਵਿੱਚ ਨਾਰੀ ਦੀ ਭੂਮਿਕਾ ਤੇ ਸ਼ਸ਼ਕਤੀਕਰਨ ਦੇ ਵਿਸ਼ੇ `ਤੇ ਹੋਏ ਸੈਮੀਨਾਰ `ਚ ਪਰਮਿੰਦਰ ਢੀਂਡਸਾ ਵਿਦਿਆਰਥਣਾ ਨਾਲ ਹੋਏ ਰੂ-ਬਰੂ

ਲੜਕੀਆਂ ਸਰਗਰਮ ਰਾਜਨੀਤੀ ਦਾ ਹਿੱਸਾ ਬਣਕੇ ਸਮਾਜਿਕ ਬਦਲਾਅ ਵਿੱਚ ਆਪਣਾ ਯੋਗਦਾਨ ਪਾਉਣ: ਸ: ਢੀਂਡਸਾ

ਪਟਿਆਲਾ, 28 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਪਟਿਆਲਾ ਵਿਖੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਯੂਥ ਵਿੰਗ ਵੱਲੋਂ ਸਮਾਜ ਵਿੱਚ ਨਾਰੀ ਦੀ ਭੂਮਿਕਾ ਅਤੇ ਨਾਰੀ ਸ਼ਸ਼ਕਤੀਕਰਨ ਵਿਸ਼ੇ ਤੇ ਰੱਖੇ ਇੱਕ ਸੈਮੀਨਾਰ ਵਿੱਚ ਪਾਰਟੀ ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਉਚੇਚੇ ਤੌਰਤੇ ਬਤੌਰ ਮੁੱਖ ਮਹਿਮਾਨ ਸਿ਼ਰਕਤ ਕੀਤੀ। ਇਸ ਦੌਰਾਨ ਉਪਰੋਕਤ ਵਿਸਿ਼ਆਂ ਤੇ ਸ: ਢੀਂਡਸਾ ਪੰਜਾਬੀ ਯੂਨੀਵਰਸਿਟੀ ਅਤੇ ਵੱਖ -ਵੱਖ ਕਾਲਜ਼ਾਂ ਦੀਆਂ ਵਿਦਿਆਰਥਣਾਂ ਨਾਲ ਰੂ-ਬਰੂ ਹੋਏ। ਇਸ ਦੌਰਾਨ ਉਨ੍ਹਾਂ ਆਖਿਆ ਕਿ ਅੱਜ ਅਜਿਹਾ ਕੋਈ ਖੇਤਰ ਨਹੀ ਹੈ ਜਿਥੇ ਨਾਰੀ ਨੇ ਪ੍ਰਵੇਸ਼ ਨਾ ਕੀਤਾ ਹੋਵੇ ਅਤੇ ਉਹ ਜ਼ਮਾਨਾ ਜਾ ਚੁੱਕਾ ਹੈ ਜਦੋਂ ਨਾਰੀ ਨੂੰ ਕਮਜ਼ੋਰ ਸਮਝਿਆ ਜਾਂਦਾ ਸੀ। ਅਨੇਕ ਖੇਤਰਾਂ ਵਿੱਚ ਲੜਕੀਆਂ ਲੜਕਿਆਂ ਤੋਂ ਅੱਗੇ ਲੰਘ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਗਰਮ ਰਾਜਨੀਤੀ ਵਿੱਚ ਵੀ ਔਰਤਾਂ ਦੀ ਭਾਗੀਦਾਰੀ ਵਧੀ ਹੈ ਪਰ ਹਾਲੇ ਵੀ ਜਿ਼ਆਦਾਤਰ ਲੜਕੀਆਂ ਰਾਜਨੀਤੀ ਵਿੱਚ ਆਉਣ ਤੋਂ ਗੁਰੇਜ਼ ਕਰ ਰਹੀਆਂ ਹਨ ਜੋਕਿ ਚੰਗਾ ਸੰਕੇਤ ਨਹੀ ਹੈ। ਸ: ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਆਪਣੀਆਂ ਨੀਤੀਆਂ ਮੁਤਾਬਕ ਨੌਜਵਾਨਾਂ ਨੂੰ ਵੱਧ ਤੋਂ ਵੱਧ ਜਿ਼ੰਮੇਵਾਰੀਆਂ ਸੌਂਪਣ ਲਈ ਵਚਨਬੱਧ ਹੈ ਅਤੇ ਪਾਰਟੀ ਦੀ ਇਹ ਵਿਚਾਰਧਾਰਾ ਹੈ ਕਿ ਦੇਸ਼ ਅਤੇ ਸੂਬੇ ਦੀ ਨੀਤੀ-ਨਿਰਮਾਣ ਦੀ ਪ੍ਰਕੀਰਿਆ ਨੌਜਵਾਨ ਵਰਗ ਵਿਸ਼ੇਸ਼ ਤੌਰਤੇ ਲੜਕੀਆਂ ਦੀ ਵੀ ਭਾਗੀਦਾਰੀ ਹੋਣੀ ਬਹੁਤ ਲਾਜ਼ਮੀ ਹੈ।

ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਕੇਵਲ ਸਿਆਸੀ ਰੈਲੀਆਂ ਵਿੱਚ ਨਾਅਰੇ ਲਗਾਉਣ ਲਈ ਹੀ ਨਹੀ ਵਰਤਿਆ ਨਹੀ ਜਾਣਾ ਚਾਹੀਦਾ ਸਗੋਂ ਸੂਬੇ ਦੇ ਹਰੇਕ ਅਹਿਮ ਫੈਸਲੇ ਲੈਣ ਦੀ ਪ੍ਰਕੀਰਿਆ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਵਧਾਈ ਜਾਣੀ ਚਾਹੀਦੀ ਹੈ। ਸ: ਢੀਂਡਸਾ ਨੇ ਕਿਹਾ ਕਿ ਅੱਜ ਲੋੜ ਹੈ ਕਿ ਪੰਜਾਬ ਦਾ ਨੌਜਵਾਨ ਸਰਗਰਮ ਰਾਜਨੀਤੀ ਦਾ ਹਿੱਸਾ ਬਣੇ ਅਤੇ ਆਪਣੀ ਉਰਜਾ ਅਤੇ ਸ਼ਕਤੀ ਦਾ ਸਹੀ ਇਸਤੇਮਾਲ ਕਰਕੇ ਕੌਮਾਂਤਰੀ, ਕੌਮੀ ਅਤੇ ਸੂਬਾ ਪੱਧਰ ਤੇ ਰਾਜਨੀਤਕ, ਸਮਾਜਿਕ ਅਤੇ ਆਰਥਿਕ ਬਦਲਾਅ ਲਿਆ ਕੇ ਨਵੇਂ ਕੀਰਤੀਮਾਨ ਸਥਾਪਤ ਕਰੇ। ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਅੱਗੇ ਕਿਹਾ ਕਿ ਪੰਜਾਬੀਆਂ ਨੇ ਵਿਸ਼ਵ ਪੱਧਰਤੇ ਆਪਣੀ ਵਿਲੱਖਣ ਪਛਾਣ ਬਣਾਈ ਹੈ ਅਤੇ ਤੁਸੀ ਵੀ ਆਪਣੀ ਇੱਛਾ ਸ਼ਕਤੀ ਨੂੰ ਮਜਬੂਤ ਕਰਕੇ ਵੱਡੀਆਂ ਬੁਲੰਦੀਆਂ ਹਾਸਲ ਕਰੋ। ਇਸ ਦੌਰਾਨ ਸ: ਢੀਂਡਸਾ ਨੇ ਲੜਕੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਵੀ ਵਿਸਥਾਰਪੂਰਵਕ ਢੰਗ ਨਾਲ ਉਤਰ ਦਿੱਤੇ ਅਤੇ ਲੜਕੀਆਂ ਨੂੰ ਸ੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਜੁੜਕੇ ਪੰਜਾਬ ਨੂੰ ਨਵੀਂ ਲੀਹਾਂ ਤੇ ਤੋਰਨ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਇਸਤੋਂ ਪਹਿਲਾਂ ਸੈਮੀਨਾਰ ਵਿੱਚ ਜਿਥੇ ਪੰਜਾਬੀ ਯੂਨੀਵਰਸਿਟੀ ਅਤੇ ਵੱਖ-ਵੱਖ ਕਾਲਜ਼ਾਂ ਤੋਂ ਆਈਆਂ ਵਿਦਿਆਰਥਣਾਂ ਅਤੇ ਪਾਰਟੀ ਦੇ ਯੂਥ ਆਗੂਆਂ ਵੱਲੋਂ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਗਏ, ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਨਾਮੱਤਾ ਇਤਿਹਾਸ ਬਾਰੇ ਵੀ ਜਾਣੂ ਕਰਵਾਇਆ ਗਿਆ। ਸੈਮੀਨਾਰ ਵਿੱਚ ਪਾਰਟੀ ਦੇ ਸੀਨੀਅਰ ਆਗੂ ਸ: ਅਮਨਬੀਰ ਸਿੰਘ ਚੈਰੀ, ਸ: ਨਾਹਰ ਸਿੰਘ, ਯੂਥ ਵਿੰਗ ਦੇ ਕਨਵੀਨਰ ਸ: ਮਨਪ੍ਰੀਤ ਸਿੰਘ ਤਲਵੰਡੀ, ਯੂਥ ਇਸਤਰੀ ਵਿੰਗ ਦੀ ਪ੍ਰਧਾਨ ਐਡਵੋਕੇਟ ਮਹਿਕਪ੍ਰੀਤ ਕੌਰ, ਐਡਵੋਕੇਟ ਗਗਨਦੀਪ ਸਿੰਘ ਸੁਨਾਮ, ਡਾ.ਗੁਰਲੀਨ ਕੌਰ ਪ੍ਰਧਾਨ ਲੜਕੀਆਂ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ.ਜਤਿੰਦਰ ਗਰੇਵਾਲ, ਐਡਵੋਕੇਟ ਗਗਨਦੀਪ ਸਿੰਘ ਬਾਦਲਗੜ੍ਹ, ਐਡਵੋਕੇਟ ਮਨਿੰਦਰ ਸਿੰਘ, ਡਾ.ਜਗਦੇਵ ਸਿੰਘ ਢਿੱਲੋਂ, ਅਵਤਾਰ ਸਿੰਘ ਰੁੜਕੀ, ਬਿੱਟੂ ਦਫ਼ਤਰੀਆਲਾ,ਸਤਿਗੁਰ ਸਿੰਘ ਸੱਤੀ, ਮਹਾਂਵੀਰ ਸਿੰਘ, ਐੱਮੀ ਗੁੱਜਰ, ਕੁਲਵੀਰ ਮਕਰੋੜ ਸਾਹਿਬ, ਹੈਰੀ ਬਡਰੁੱਖਾਂ ਅਤੇ ਜਗਮੀਤ ਸਿੰਘ ਜੁਗਨੂੰ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਨੇ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *