ਪੰਜਾਬ

ਮੁੱਖ ਮੰਤਰੀ ਦੀ ਮੋਰਿੰਡਾ ਸਥਿਤ ਦਾ 13 ਨਵੰਬਰ ਨੂੰ ਕੀਤਾ ਜਾਵੇਗਾ ਘਿਰਾਓ

ਪਟਿਆਲਾ 09 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਐੱਸ.ਸੀ./ਬੀ.ਸੀ.ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਜੀਤ ਸਿੰਘ ਸਲਾਣਾ, ਕਾਰਜਕਾਰੀ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ, ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ, ਪਰਵਿੰਦਰ ਭਾਰਤੀ ਅਤੇ ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ ਨੇ ਇੱਕ ਸਾਂਝੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਐੱਸ.ਸੀ./ਬੀ.ਸੀ. ਮੁਲਾਜ਼ਮ ਤੇ ਲੋਕ ਏਕਤਾ ਫ਼ਰੰਟ ਪੰਜਾਬ ਵੱਲੋਂ 13 ਨਵੰਬਰ 2021 ਨੂੰ ਮੁੱਖ ਮੰਤਰੀ ਪੰਜਾਬ ਸ੍ਰ. ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਵਿਖੇ ਰਿਹਾਇਸ਼ ਦੇ ਕੀਤੇ ਜਾ ਰਹੇ ਘਿਰਾਓ ਵਿੱਚ ਐੱਸ.ਸੀ./ਬੀ.ਸੀ.ਅਧਿਆਪਕ ਯੂਨੀਅਨ ਪੰਜਾਬ ਦੇ ਸਾਰੇ ਜ਼ਿਲਿਆਂ ਦੇ ਸਾਥੀ ਵੱਡੀ ਗਿਣਤੀ ਚ ਸ਼ਾਮਿਲ ਹੋਣਗੇ।

ਐੱਸ.ਸੀ./ਬੀ.ਸੀ. ਮੁਲਾਜ਼ਮਾਂ, ਵਿਦਿਆਰਥੀਆਂ ਤੇ ਲੋਕਾਂ ਦੇ ਸੰਵਿਧਾਨਕ ਮਸਲਿਆਂ ਨੂੰ ਪੰਜਾਬ ਸਰਕਾਰ ਮੁੱਖ ਮੰਤਰੀ ਤੇ ਐੱਸ.ਸੀ. ਮੰਤਰੀ ਵੀ ਜਾਣ ਬੁੱਝ ਕੇ ਹੱਲ ਨਹੀਂ ਕਰਨਾ ਚਾਹੁੰਦੇ, ਉਲਟਾ ਇਹਨਾਂ ਸੰਵਿਧਾਨਿਕ ਮਸਲਿਆਂ ਤੇ ਸਮਾਜ ਨੂੰ ਗੁੰਮਰਾਹ ਕਰ ਰਹੇ ਹਨ।ਮੁੱਖ ਮੰਤਰੀ ਪੰਜਾਬ ਤੇ ਇਹਨਾਂ ਦੇ ਮੰਤਰੀ 85 ਵੀਂ ਸੰਵਿਧਾਨਕ ਸੋਧ ਲਾਗੂ ਹੋਣ ਸਬੰਧੀ ਪਿਛਲੇ ਵਿਧਾਨ ਸਭਾ ਸੈਸ਼ਨਾਂ ਵਿੱਚ ਵੀ ਝੂਠ ਬੋਲਦੇ ਰਹੇ ਹਨ।ਇਸ ਲਈ ਐੱਸ.ਸੀ./ਬੀ.ਸੀ. ਮੁਲਾਜ਼ਮ ਤੇ ਲੋਕ ਏਕਤਾ ਫ਼ਰੰਟ ਪੰਜਾਬ ਵੱਲੋਂ ਇਹਨਾਂ ਝੂਠੇ ਤੇ ਨਿਕੰਮੇ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਕੇ ਝੂਠ ਦੇ ਪਾਜ ਉਧੇੜੇ ਜਾਣਗੇ।ਕਾਂਗਰਸ ਸਰਕਾਰ ਦੇ ਰਾਜ ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਘੁਟਾਲਾ ਹੋਇਆ।ਇਹ ਚੁੱਪ ਰਹੇ ਤੇ ਘੁਟਾਲਾ ਕਰਨ ਵਾਲਿਆਂ ਨੂੰ ਕਲੀਨ ਚਿੱਟ ਦਿੱਤੀਆਂ ਤੇ ਹੁਣ ਸੀਨੀਆਰਤਾ ਕਮ ਮੈਰਿਟ ਤੇ ਰੋਸਟਰ ਨੁਕਤਿਆਂ ਦਾ ਘਾਣ ਕਰਕੇ ਤਰੱਕੀਆਂ ਕੀਤੀਆਂ ਗਈਆਂ ਹਨ।ਸਾਰੇ ਕਾਡਰਾਂ ਸਮੇਤ ਲੈਕਚਰਾਰ ਦੀ ਸੀਨਿਆਰਤਾ ਸੂਚੀ ਵੀ ਜੰਜੂਆ ਜੱਜਮੈਂਟ ਅਨੁਸਾਰ ਬਣਾਈ ਗਈ ਹੈ।ਰੋਸਟਰ ਨਿਯਮਾਂ ਤੋਂ ਉਲਟ ਜਾ ਕੇ ਰੋਸਟਰ ਰਜਿਸਟਰ ਇੱਕ-ਇੱਕ ਪੰਨੇ ਤੇ ਜਾਂ ਖੁੱਲੇ ਪੰਨਿਆਂ ਤੇ ਬਣਾ ਕੇ ਐੱਸ.ਸੀ./ਬੀ.ਸੀ. ਮੁਲਾਜ਼ਮਾਂ ਦੀਆਂ ਤਰੱਕੀਆਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ।

ਜੇਕਰ ਇਹ ਘਾਣ ਬੰਦ ਨਾ ਕੀਤਾ ਤੇ ਬਣਦਾ ਬੈਕਲਾਗ ਪਹਿਲ ਦੇ ਅਧਾਰ ਉੱਤੇ ਨਾ ਭਰਿਆ ਗਿਆ ਤਾਂ ਫਰੰਟ ਵੱਲੋਂ ਆਉਣ ਵਾਲੇ ਸਮੇਂ ਵਿੱਚ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦੇ ਅੱਗੇ ਪੱਕਾ ਮੋਰਚਾ ਲਾਇਆ ਜਾਵੇਗਾ।ਸਾਰੀਆਂ ਹੀ ਐੱਸ.ਸੀ./ਬੀ.ਸੀ. ਮੁਲਾਜ਼ਮ ਜਥੇਬੰਦੀਆਂ ਨੂੰ ਫਰੰਟ ਵੱਲੋਂ ਕੀਤੇ ਜਾ ਰਹੇ ਸੰਘਰਸ਼ ਵਿੱਚ ਸ਼ਾਮਿਲ ਹੋਣ ਦੀ ਅਪੀਲ ਲਈ ਕੀਤੀ ਜਾਂਦੀ ਹੈ।

Leave a Reply

Your email address will not be published. Required fields are marked *