ਅੰਮ੍ਰਿਤਸਰਪੰਜਾਬ

ਸਿੱਖਿਆ ਸਮਾਜ ਨੂੰ ਬਦਲਣ ਦਾ ਇਕ ਸਾਧਨ ਹੈ : ਉਪ ਕੁਲਪਤੀ ਪ੍ਰੋ : ਅਰਵਿੰਦ

ਖਾਲਸਾ ਕਾਲਜ ਦੀ 115ਵੀਂ ਕਨਵੋਕੇਸ਼ਨ ’ਚ 1770 ਵਿਦਿਆਰਥੀਆਂ ਨੇ ਡਿਗਰੀਆਂ ਹਾਸਲ ਕੀਤੀਆਂ

ਅੰਮ੍ਰਿਤਸਰ, 28 ਨਵੰਬਰ (ਮਧੂਸਾਰ ਬਿਊਰੋ) ਖਾਲਸਾ ਕਾਲਜ ਦੀ 115ਵੀਂ ਸਾਲਾਨਾ ਕਾਨਵੋਕੇਸ਼ਨ ਮੌਕੇ ਅੱਜ ਐਮ. ਫਿਲ, ਪੋਸਟ-ਗ੍ਰੈਜੂਏਟ ਅਤੇ ਗ੍ਰੈਜੂਏਟ ਜਮਾਤਾਂ ਦੇ 1770 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆ। ਡਿਗਰੀਆਂ ਵੰਡ ਸਮਾਰੋਹ ’ਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਅਤੇ ਪ੍ਰਸਿੱਧ ਭੌਤਿਕ ਵਿਗਿਆਨੀ ਪ੍ਰੋ: ਅਰਵਿੰਦ ਮੁਖ ਮਹਿਮਾਨ ਵਜੋਂ ਪੁੱਜੇ, ਜਿਨ੍ਹਾਂ ਨੇ ਆਪਣੇ ਸੰਬੋਧਨੀ ਭਾਸ਼ਣ ’ਚ ਕਿਹਾ ਕਿ ਸਿੱਖਿਆ ਸਮਾਜ ਨੂੰ ਬਦਲਣ ਅਤੇ ਦੇਸ਼ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਣ ਦਾ ਸਾਧਨ ਹੈ। ਜ਼ਿਕਰਯੋਗ ਹੈ ਕਿ ਪ੍ਰੋ: ਅਰਵਿੰਦ ਜੋ ਕਿ ਕਰੀਬ ਸੰਨ 1980 ’ਚ ਕਾਲਜ ਦੇ ਵਿਦਿਆਰਥੀ ਰਹੇ ਹਨ, ਨੇ ਪ੍ਰੀ‐ਇੰਜੀਨੀਅਰਿੰਗ ਦੀ ਪੜ੍ਹਾਈ ਹਾਸਲ ਕੀਤੀ ਸੀ।

ਇਸ ਮੌਕੇ ਨਾਮਵਰ ਸਖਸ਼ੀਅਤ ਨੈਲਸਨ ਮੰਡੇਲਾ ਦਾ ਹਵਾਲਾ ਦਿੰਦੇ ਹੋਏ ਪ੍ਰੋ: ਅਰਵਿੰਦ ਨੇ ਸਿੱਖਿਆ ਦੇ ਖੇਤਰ ’ਚ ਖਾਲਸਾ ਕਾਲਜ ਦੇ ਯੋਗਦਾਨ ਨੂੰ ਯਾਦ ਕਰਦਿਆਂ ਜ਼ਮੀਨੀ ਪੱਧਰ ਅਤੇ ਉੱਚ ਪੱਧਰ ’ਤੇ ਮਿਆਰੀ ਸਿੱਖਿਆ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜਿਹੜਾ ਦੇਸ਼ ਸਿੱਖਿਆ ’ਤੇ ਧਿਆਨ ਕੇਂਦਰਿਤ ਕਰਦਾ ਹੈ, ਉਹ ਹਰੇਕ ਖੇਤਰਾਂ ’ਚ ਤਰੱਕੀ ਕਰਦਾ ਹੈ। ਇਹ ਮਨੁੱਖੀ ਇਤਿਹਾਸ ਤੋਂ ਸਪੱਸ਼ਟ ਹੁੰਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਰਾਸ਼ਟਰਾਂ ਦੀ ਮੂਹਰੀ ਕਤਾਰ ’ਚ ਲਿਜਾਣ ਦੇ ਯੋਗ ਬਣਾਉਣ ਲਈ ਸਾਨੂੰ ਮਿਆਰੀ ਸਿੱਖਿਆ ’ਤੇ ਧਿਆਨ ਦੇਣਾ ਹੋਵੇਗਾ।

ਇਸ ਤੋਂ ਪਹਿਲਾਂ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ ਨੇ ਸਿੱਖਿਆ ਦੇ ਉੱਚੇ ਮਿਆਰ ਨੂੰ ਕਾਇਮ ਰੱਖਣ ਲਈ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਖੁਦਮੁਖਤਿਆਰੀ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਵਿੱਦਿਅਕ ਸੰਸਥਾਵਾਂ ਨੂੰ ਖੁਦਮੁਖਤਿਆਰ ਮਾਹੌਲ ’ਚ ਕੰਮ ਕਰਨਾ ਚਾਹੀਦਾ ਹੈ। ਅਕਾਦਮਿਕ ਸਮਾਗਮ ਦੀ ਪ੍ਰਧਾਨਗੀ ਕਰਨ ਵਾਲੇ ਮਜੀਠੀਆ ਨੇ ਕਿਹਾ ਕਿ ਸਫਲਤਾ ਪ੍ਰਾਪਤ ਕਰਨ ਲਈ ਸਾਨੂੰ ਸੱਤਾ ਦੇ ਕੇਂਦਰ ਦਾ ਵਿਕੇਂਦਰੀਕਰਨ ਜ਼ਰੂਰੀ ਹੈ ਅਤੇ ਅਧਿਕਾਰੀਆਂ ਨੂੰ ਹੇਠਲੇ ਪੱਧਰ ਤੱਕ ਜ਼ਿੰਮੇਵਾਰੀਆਂ ਸੌਂਪਣ ਦੀ ਲੋੜ ਹੈ।

ਇਸ ਮੌਕੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸੁਰੱਖਿਆ ਲਈ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਕਿਉਂਕਿ ਅਸੀਂ ਧਰਤੀ ਗ੍ਰਹਿ ਦੇ ਨਾਜ਼ੁਕ ਵਾਤਾਵਰਣ ਨਾਲ ਦਖਲਅੰਦਾਜ਼ੀ ਕਰ ਰਹੇ ਹਾਂ। ਉਨ੍ਹਾਂ ਨੇ ਡਿਗਰੀਆਂ ਅਤੇ ਮੈਡਲ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

ਇਸ ਮੌਕੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਦੀਆਂ ਵਿੱਦਿਅਕ, ਸੱਭਿਆਚਾਰਕ ਗਤੀਵਿਧੀਆਂ ਅਤੇ ਖੇਡਾਂ ’ਚ ਪ੍ਰਾਪਤੀਆਂ ਦਾ ਹਵਾਲਾ ਦਿੰਦੇ ਹੋਏ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹੀ। ਉਨ੍ਹਾਂ ਕਿਹਾ ਕਿ ਗਵਰਨਿੰਗ ਕੌਂਸਲ ਦੀ ਯੋਗ ਅਗਵਾਈ ਹੇਠ ਕਾਲਜ ਨੇ ਤਰੱਕੀ ਕੀਤੀ ਹੈ ਅਤੇ ਵਿਦਿਆਰਥੀਆਂ ਨੇ ਸਾਲਾਨਾ ਇਮਤਿਹਾਨਾਂ ਦੇ ਨਾਲ-ਨਾਲ ਖੇਡਾਂ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਅੱਜ ਡਿਗਰੀਆਂ, ਮੈਡਲ ਅਤੇ ਮੈਰੀਟੋਰੀਅਸ ਸਰਟੀਫਿਕੇਟ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਵਧਾਈ ਦਿੱਤੀ।

ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਰਾਜਬੀਰ ਸਿੰਘ, ਐਸ.ਐਸ. ਮੰਨਨ, ਪ੍ਰਿੰਸੀਪਲ ਜਗਦੀਸ਼ ਸਿੰਘ, ਮੈਂਬਰ ਪਰਮਜੀਤ ਸਿੰਘ ਬੱਲ, ਐਸ. ਐਸ. ਸੇਠੀ, ਪ੍ਰਿੰਸੀਪਲ ਡਾ: ਸੁਰਿੰਦਰਪਾਲ ਕੌਰ ਢਿੱਲੋਂ ਤੋਂ ਇਲਾਵਾ ਕਾਲਜ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।

Leave a Reply

Your email address will not be published. Required fields are marked *