ਪੰਜਾਬਪਟਿਆਲਾ

ਵਰਲਡ ਯੂਨੀਵਰਸਿਟੀ ਵੱਲੋਂ ‘ਸ਼ਹੀਦਾਨਿ-ਵਫ਼ਾ ’ਤੇ ਆਧਾਰਿਤ ਸੰਗੀਤਮਈ ਫ਼ਿਲਮ ਦੀ ਸਕਰੀਨਿੰਗ

ਫ਼ਤਹਿਗੜ੍ਹ ਸਾਹਿਬ (ਰਮਨਦੀਪ/ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਵੱਲੋਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਡਾ. ਗੁਰਨਾਮ ਸਿੰਘ ਦੀ ਸੋਜ਼ਮਈ ਆਵਾਜ ਵਿਚ ਗਾਈ ਹੋਈ, ਅੱਲ੍ਹਾ ਯਾਰ ਖ਼ਾਂ ਜੋਗੀ ਦੁਆਰਾ ਰਚਿਤ ਪੁਸਤਕ ‘ਸ਼ਹੀਦਾਨਿ-ਵਫ਼ਾ ’ਤੇ ਆਧਾਰਿਤ ਤਿਆਰ ਕੀਤੀ, ਸੰਗੀਤਮਈ ਫ਼ਿਲਮ ਦਿਖਾਈ ਗਈ। ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਡਾ. ਪਰਿਤ ਪਾਲ ਸਿੰਘ ਜੀ ਨੇ ਆਖਿਆ ਕਿ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਾਕੇ ਨੂੰ ਅੱਲ੍ਹਾ ਯਾਰ ਖ਼ਾਂ ਜੋਗੀ ਜੀ ਨੇ ਬਹੁਤ ਹੀ ਭਾਵੁਕ ਸ਼ਬਦਾਂ ਵਿਚ ਰਚਿਆ ਹੈ ਅਤੇ ਉਨ੍ਹੀਂ ਹੀ ਸੋਜ਼ਮਈ ਆਵਾਜ ਵਿਚ ਡਾ. ਗੁਰਨਾਮ ਸਿੰਘ ਜੀ ਨੇ ਇਸ ਨੂੰ ਗਾਇਆ ਹੈ। ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੀਆਂ ਕਾਵਿ-ਫ਼ਿਲਮਾਂ ਦੀਆਂ ਪੇਸ਼ਕਾਰੀਆਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਲੋਕਾਈ ਦੀ ਚੇਤਨਾ ਦਾ ਸਦੀਵੀ ਹਿੱਸਾ ਬਣਾਉਂਣਗੀਆਂ। ਇਸ ਯੂਨੀਵਰਸਿਟੀ ਦਾ ਮੁੱਢਲਾ ਫ਼ਰਜ਼, ਵਿਦਿਆਰਥੀਆਂ ਨੂੰ ਅਕਾਦਮਿਕ ਵਿੱਦਿਆ ਦੇਣ ਦੇ ਨਾਲ-ਨਾਲ ਧਾਰਮਿਕ ਸਿੱਖਿਆ ਅਤੇ ਇਤਿਹਾਸਕ ਸੂਝ ਪ੍ਰਦਾਨ ਕਰਨਾ ਵੀ ਹੈ।

ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਡਾ. ਗੁਰਨਾਮ ਸਿੰਘ ਨੇ ਸ਼ਿਰਕਤ ਕੀਤੀ, ਉਨ੍ਹਾਂ ਨੇ ਆਪਣੇ ਇਸ ਪ੍ਰੋਜੈਕਟ ’ਤੇ ਰੌਸ਼ਨੀ ਪਾਉਂਦੇ ਹੋਏ ਦੱਸਿਆ ਕਿ ਵਰਤਮਾਨ ਵਿਚ ਪੰਥ ਪ੍ਰਵਾਨਿਤ ਗ੍ਰੰਥਾਂ ਨੂੰ ਤਕਨੀਕੀ ਸਾਧਨਾਂ ਰਾਹੀਂ ਪੇਸ਼ ਕਰਕੇ ਦੇਸ਼ਾਂ-ਵਿਦੇਸ਼ਾਂ ਤੱਕ ਨੌਜਵਾਨ ਪੀੜੀ ਨੂੰ ਗੁਰਸਿੱਖੀ ਵਿਰਸੇ ਨਾਲ ਜੋੜ ਸਕਦੇ ਹਾਂ। ਉਨ੍ਹਾਂ ਦੁਆਰਾ ਤਿਆਰ ਕੀਤੀ ਸੰਗੀਤਮਈ ਫ਼ਿਲਮ ‘ਸ਼ਹੀਦਾਨਿ ਵਫ਼ਾ’ ਦਾ ਮਨੋਰਥ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਉਣਾ ਹੈ। 
ਸਮਾਗਮ ਦੀ ਆਰੰਭਤਾ ਡਾ. ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ ਵੱਲੋਂ ਸਵਾਗਤੀ ਸ਼ਬਦਾਂ ਨਾਲ ਕੀਤੀ ਗਈ। ਉਨ੍ਹਾਂ ਨੇ ਆਖਿਆ ਕਿ ਯੂਨੀਵਰਸਿਟੀ ਹਰ ਸਾਲ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਉਂਦੀ ਹੈ।

ਇਸ ਵਾਰ ਡਾ. ਗੁਰਨਾਮ ਸਿੰਘ ਜੀ ਦੁਆਰਾ ਤਿਆਰ ਕੀਤੀ ਸੰਗੀਤਮਈ ਫ਼ਿਲਮ ‘ਸ਼ਹੀਦਾਨਿ ਵਫ਼ਾ’ ਦੀ ਪੇਸ਼ਕਾਰੀ ਦਾ ਉਪਰਾਲਾ ਬਹੁਤ ਸ਼ਲਾਘਾਯੋਗ ਹੈ। ਡਾ. ਗੁਰਨਾਮ ਸਿੰਘ ਦੁਆਰਾ ਸੁਰੀਲੀ ਆਵਾਜ ਵਿਚ ਗਾਈ ਗਈ, ਅੱਲ੍ਹਾ ਯਾਰ ਖ਼ਾਂ ਜੋਗੀ ਦੀ ਰਚਨਾ ਵਾਲੀ ਫ਼ਿਲਮਕਾਰੀ ਨੂੰ ਹਾਜਰ ਦਰਸ਼ਕਾਂ ਦੁਆਰਾ ਬਹੁਤ ਸਾਲਾਹਿਆ ਗਿਆ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਪਰਿਤ ਪਾਲ ਸਿੰਘ ਵੱਲੋਂ ਇਸ ਮੌਕੇ ’ਤੇ ਡਾ. ਗੁਰਨਾਮ ਸਿੰਘ ਜੀ ਅਤੇ ਉਨ੍ਹਾਂ ਦੀ ਸੁਪਤਨੀ ਡਾ. ਅੰਮ੍ਰਿਤਪਾਲ ਕੌਰ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸੰਗੀਤ ਵਿਭਾਗ ਦੇ ਇੰਚਾਰਜ ਪ੍ਰੋ. ਹਰਪ੍ਰੀਤ ਸਿੰਘ ਨੇ ਸਮਾਗਮ ਵਿੱਚ ਸ਼ਾਮਲ ਪਤਵੰਤਿਆਂ, ਵਿਦਵਾਨ ਸੱਜਣਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।

ਇਥੇ ਇਹ ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵੱਲੋਂ ਸ਼ਹੀਦੀ ਸਭਾ ਸਮੇ ਵੱਖਵੱਖ ਸਮਾਗਮ ਆਯੋਜਿਤ ਕਰਵਾਏ ਜਾ ਰਹੇ ਹਨ ਇਨ੍ਹਾਂ ਸਮਾਗਮਾਂ ਵਿੱਚ ਯੂਨੀਵਰਸਿਟੀ ਵੱਲੋਂ ਫਿਜ਼ੀਓਥੈਰੇਪੀ ਅਤੇ ਹੋਮਿਓਪੈਥੀ ਦੇ ਸੇਵਾ ਕੈਂਪ, ਗੁਰਮਤਿ ਪੁਸਤਕ ਪ੍ਰਦਰਸ਼ਨੀ, ਦਸਤਾਰ ਸਿਖਲਾਈ ਸੇਵਾ ਕੈਂਪ ਅਤੇ ਸਿੱਖ ਧਰਮ ਨਾਲ ਸਬੰਧਿਤ ਡਾਕੂਮੈਂਟਰੀਆਂ ਦੇ ਸ਼ੋਅ ਸ਼ਾਮਿਲ ਹਨ।

Leave a Reply

Your email address will not be published. Required fields are marked *