ਚੋਣ ਕਮਿਸ਼ਨ ਆਮ ਲੋਕਾਂ ਦਾ ਲੋਕਤੰਤਰ ਵਿੱਚ ਵਿਸ਼ਵਾਸ਼ ਬਣਾਈ ਰੱਖਣ ਲਈ ਨਿਰਪੱਖ ਚੋਣਾਂ ਕਰਾਏ:ਬਾਬਾ ਬਲਬੀਰ ਸਿੰਘ ਅਕਾਲੀ
ਪੰਜਾਬ ਨੂੰ ਅਜਿਹੇ ਆਰਥਿਕ ਮਾਡਲ ਦੀ ਲੋੜ ਜੋ ਬਿਹਤਰ ਸਮਾਜ ਦੇ ਨਕਸ਼ ਉਲੀਕਣ ਵਿੱਚ ਸਹਾਈ ਹੋਵੇ
ਅੰਮ੍ਰਿਤਸਰ, 21 ਜਨਵਰੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ)-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਮੌਜੂਦਾ ਚੋਣਾਂ ਤੇ ਕਿਸਾਨੀ ਸੰਘਰਸ਼ ਸਬੰਧੀ ਬੋਲਦਿਆਂ ਕਿਹਾ ਕਿ ਚੋਣ ਕਮਿਸ਼ਨ ਚੋਣਾਂ ਨੂੰ ਬੇਹਤਰ ਤਰੀਕੇ ਨਾਲ ਚੌਣਾਂ ਸਿਰ੍ਹੇ ਚੜ੍ਹਾਉਣ ਲਈ ਯਤਨਸ਼ੀਲ ਹੋਣ ਦੀ ਲੋੜ ਹੈ।ਆਮ ਲੋਕਾਂ ਦਾ ਲੋਕਤੰਤਰ ਵਿੱਚ ਵਿਸ਼ਵਾਸ ਬਣਾਉਣ ਲਈ ਚੋਣਾਂ ਸ਼ਾਫ ਸੁਥਰੀਆਂ ਹੋਣੀਆਂ ਚਾਹੀਦੀਆਂ ਹਨ।ਉਨ੍ਹਾਂ ਕਿਹਾ ਕਮਿਸ਼ਨ ਨੂੰ ਚਾਹੀਦਾ ਹੈ ਕਿ ਉਹ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੇ ਪੱਖਪਾਤ ਨੂੰ ਰੋਕਣ ਲਈ ਚੌਕਸ ਰਹੇ ਅਤੇ ਪੁਖਤਾ ਰਣਨੀਤੀ ਘੜੇ।ਪ੍ਰਸ਼ਾਸਨਿਕ ਪੱਧਰ ਤੇ ਕਿਸੇ ਵੀ ਕੁਤਾਹੀ ਦਾ ਤੁਰੰਤ ਨੋਟਿਸ ਲਿਆ ਜਾਣਾ ਚਾਹੀਦਾ ਹੈ।ਬਾਬਾ ਬਲਬੀਰ ਸਿੰਘ ਨੇ ਕਿਹਾ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣਾ ਕਮਿਸ਼ਨ ਦਾ ਪਹਿਲਾ ਫਰਜ਼ ਹੈ।
ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਦਿੱਤੀ ਜਾਣੀ ਚਾਹੀਦੀ।ਉਨ੍ਹਾਂ ਕਿਹਾ ਹੁਕਮਰਾਨ ਧਿਰ ਦੀ ਸਰਗਰਮੀ ਉੱਪਰ ਲਗਾਤਾਰ ਨਜ਼ਰ ਰੱਖਣ ਦੀ ਜ਼ਰੂਰਤ ਹੈ।ਚੋਣ ਜ਼ਾਬਤੇ ਦੇ ਉਲੰਘਣ ਦੀਆਂ ਸ਼ਿਕਾਇਤਾਂ ਨੂੰ ਵੀ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਕਿਸੇ ਵੀ ਧਿਰ ਨੂੰ ਚੋਣਾਂ ਵਿੱਚ ਗਲਤ ਢੰਗ ਤਰੀਕੇ ਵਰਤਣ ਦੀ ਆਗਿਆ ਨਹੀਂ ਹੋਣੀ ਚਾਹੀਦੀ। ਚੋਣਾਂਚ ਪੈਸੇ ਦੇ ਦਖਲ ਨੂੰ ਰੋਕਣ ਲਈ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇ।ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਉਮੀਦਵਾਰ ਮਿਥੀ ਹੋਈ ਹੱਦ ਤੋਂ ਵੱਧ ਖਰਚਾ ਨਾ ਕਰੇ।ਉਨ੍ਹਾਂ ਹੋਰ ਕਿਹਾ ਚੋਣਾਂ ਵਿੱਚ ਹਿੱਸਾ ਲੈ ਰਹੇ ਸਾਰੇ ਉਮੀਦਵਾਰਾਂ ਦੀ ਸੁਰੱਖਿਆ ਵੱਲ ਵੀ ਖਾਸ ਤੌਰ `ਤੇ ਧਿਆਨ ਦਿੱਤਾ ਜਾਵੇ।ਚੋਣ ਪ੍ਰਕਿਰਿਆ ਇਸ ਕਦਰ ਹੋਵੇ ਕਿ ਵੋਟਰ ਬਿਨਾਂ ਕਿਸੇ ਡਰ ਭੈਅ ਤੋਂ ਆਪਣੇ ਅਧਿਕਾਰ ਦੀ ਵਰਤੋਂ ਕਰ ਸਕਣ ਇਸ ਲਈ ਪੁਖਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।ਪੁਖਤਾ ਪ੍ਰਬੰਧ ਹੀ ਹਰ ਸੰਕਟ ਨੂੰ ਝੱਲ ਸਕਦੇ ਹਨ।
ਉਨ੍ਹਾਂ ਕਿਹਾ ਇੱਕ ਸਾਲ ਦੇ ਕਿਰਸਾਨੀ ਅੰਦੋਲਨ ਤੋਂ ਬਾਅਦ ਕਿਸਾਨਾਂ ਦੀ ਜੋ ਸ਼ਾਨਦਾਰ ਜਿੱਤ ਹੋਈ ਹੈ, ਉਸ ਤੋਂ ਬਾਅਦ ਵੀ ਪੰਜਾਬ ਲਈ ਕੁਝ ਬੁਨਿਆਦੀ ਸਵਾਲ ਜਿਉਂ ਦੇ ਤਿਉਂ ਖੜ੍ਹੇ ਹਨ ਸਗੋਂ ਇਸ ਜਿੱਤ ਤੋਂ ਬਾਅਦ ਪੰਜਾਬ ਲਈ ਨਵੀਆਂ ਚੁਣੌਤੀਆਂ ਪੈਦਾ ਹੋ ਗਈਆਂ ਹਨ।ਉਨ੍ਹਾਂ ਕਿਹਾ ਹੁਣ ਪੰਜਾਬ ਨੂੰ ਅਜਿਹੇ ਆਰਥਿਕ ਮਾਡਲ ਦੀ ਜ਼ਰੂਰਤ ਹੈ ਜੋ ਚਲੰਤ ਪੂੰਜੀਵਾਦ ਦੇ ਆਰਥਿਕ ਖਾਸੇ ਦੀ ਪੜਚੋਲ ਕਰਨ ਦੇ ਨਾਲ ਨਾਲ ਗਿਣਾਤਮਕ ਅਤੇ ਗੁਣਾਤਮਕ ਪੱਖੋਂ ਇਸ ਤੋਂ ਵੀ ਬਿਹਤਰ ਸਮਾਜ ਦੇ ਆਰਥਿਕ ਨਕਸ਼ ਉਲੀਕਣ ਵਿਚ ਸਹਾਈ ਹੋਵੇ।

