ਪਟਿਆਲਾ

ਨਾਵਲਕਾਰ ਮਰਹੂਮ ਗੁਰਦਿਆਲ ਸਿੰਘ ਨਾਲ ਜੁੜੀ ਨਿਵੇਕਲੀ ਕਿਸਮ ਦੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਣੀ

ਪਟਿਆਲਾ (ਮਧੂਸਾਰ ਬਿਊਰੋ) ਕਿਸੇ ਵੀ ਸਿਰਮੌਰ ਲੇਖਕ ਦੇ ਪਾਠਕਾਂ ਲਈ ਉਸ ਲੇਖਕ ਨਾਲ ਜੁੜੀਆਂ ਆਮ ਵਸਤਾਂ ਦੀ ਇੱਕ ਝਲਕ ਪ੍ਰਾਪਤ ਕਰ ਲੈਣਾ ਵੀ ਪ੍ਰੇਰਣਾ ਦਾ ਇੱਕ ਸਬੱਬ ਬਣ ਜਾਂਦਾ ਹੈ। ਦੁਨੀਆਂ ਭਰ ਦੇ ਵੱਡੇ ਲੇਖਕਾਂ ਦੇ ਭੌਤਿਕ ਤੌਰ ਉੱਤੇ ਚਲਾਣੇ ਤੋਂ ਬਾਅਦ ਉਨ੍ਹਾਂ ਨਾਲ ਜੁੜੀਆਂ ਆਮ ਨਿੱਕੀਆਂ ਨਿੱਕੀਆਂ ਵਸਤਾਂ ਅਜਾਇਬ ਘਰਾਂ ਵਿੱਚ ਨੁਮਾਇਸ਼ ਲਈ ਰੱਖੀਆਂ ਹੋਈਆਂ ਮਿਲਦੀਆਂ ਹਨ ਜੋ ਉਸ ਲੇਖਕ ਦੀ ਜ਼ੁਬਾਨ ਅਤੇ ਕੌਮ ਲਈ ਇੱਕ ਵਿਰਾਸਤ ਵਾਂਗ ਹੁੰਦੀਆਂ ਹਨ।
ਪੰਜਾਬੀ ਵਿਭਾਗ, ਯੂੀ.ਜੀ.ਸੀ. ਸੈਂਟਰ ਫ਼ਾਰ ਐਡਵਾਂਸਡ ਸਟੱਡੀਜ਼ ਵੱਲੋਂ ‘ਪੰਜਾਬੀ ਨਾਵਲ : ਨਾਰੀ, ਦਲਿਤ ਅਤੇ ਪਰਵਾਸ ਦੇ ਸੰਦਰਭ ਵਿੱਚ’ ਵਿਸ਼ੇ ਉੱਤੇ ਕਰਵਾਏ ਜਾ ਰਹੇ ਰਾਸ਼ਟਰੀ ਸੈਮੀਨਾਰ ਦੌਰਾਨ ਅਜਿਹਾ ਹੀ ਮੰਜ਼ਰ ਪੰਜਾਬੀ ਦੇ ਗਿਆਨ ਪੀਠ ਐਵਾਰਡੀ ਸਿਰਮੌਰ ਨਾਵਲਕਾਰ ਮਰਹੂਮ ਗੁਰਦਿਆਲ ਸਿੰਘ ਦੇ ਪ੍ਰਸੰਗ ਵਿੱਚ ਵੇਖਣ ਨੂੰ ਮਿਲਿਆ। ਸੈਮੀਨਾਰ ਦੇ ਦੋਹੇਂ ਦਿਨ ਗੁਰੂ ਤੇਗ ਬਹਾਦਰ ਹਾਲ ਦੇ ਬਾਹਰ ਗੁਰਦਿਆਲ ਸਿੰਘ ਨਾਲ ਜੁੜੀ ਅਜਿਹੀ ਹੀ ਨਿਵੇਕਲੀ ਕਿਸਮ ਦੀ ਪ੍ਰਦਰਸ਼ਨੀ ਵੇਖਣ ਨੂੰ ਮਿਲੀ ਜਿਸ ਵਿੱਚ ਇਸ ਲੇਖਕ ਵੱਲੋਂ ਵਰਤੀਆਂ ਜਾਂਦੀਆਂ ਰਹੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਨੁਮਾਇਸ਼ ਲਈ ਰੱਖਿਆ ਹੋਇਆ ਸੀ।

‘ਗੁਰਦਿਆਲ ਸਿੰਘ ਸਾਹਿਤ ਸਦਨ ਅਬੋਹਰ’ ਵੱਲੋਂ ਆਯੋਜਿਤ ਇਸ ਪ੍ਰਦਰਸ਼ਨੀ ਵਿੱਚ ਲੇਖਕ ਨਾਲ ਜੁੜੀਆਂ ਵਸਤਾਂ ਨੂੰ ਬਹੁਤ ਹੀ ਸਲੀਕੇ ਅਤੇ ਸੰਭਾਲ਼ ਨਾਲ ਰੱਖਿਆ ਹੋਇਆ ਸੀ। ਇਸ ਪ੍ਰਦਰਸ਼ਨੀ ਦੇ ਆਯੋਜਕ ਡਾ. ਤਰਸੇਮ ਸ਼ਰਮਾ ਨੇ ਦੱਸਿਆ ਕਿ ਉਹ ਗੁਰਦਿਆਲ ਸਿੰਘ ਦੇ ਵਿਦਿਆਰਥੀ ਰਹੇ ਹਨ। ਗੁਰਦਿਆਲ ਸਿੰਘ ਵੱਲੋਂ ਆਪਣੇ ਅਕਾਲ ਚਲਾਣੇ ਤੋਂ ਪਹਿਲਾਂ ਆਪਣੇ ਹੱਥ ਲਿਖ਼ਤ ਖਰੜੇ, ਡਾਇਰੀਆਂ ਅਤੇ ਹੋਰ ਸਭ ਨਿੱਜੀ ਵਸਤਾਂ ਉਨ੍ਹਾਂ ਦੇ ਹਵਾਲੇ ਕਰ ਦਿੱਤੀਆਂ ਸਨ। ਉਹ 2014 ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਥਾਵਾਂ ਉੱਤੇ ਜਾ ਕੇ ਇਨ੍ਹਾਂ ਵਸਤਾਂ ਦੀ ਪ੍ਰਦਰਸ਼ਨੀ ਲਗਾ ਰਹੇ ਰਹੇ ਜਿਸ ਨੂੰ ਕਿ ਵੇਖਣ ਵਾਲਿਆਂ ਵੱਲੋਂ ਭਰਪੂਰ ਹੁੰਗਾਰਾ ਮਿਲਦਾ ਹੈ।

ਇਸ ਪ੍ਰਦਰਸ਼ਨੀ ਵਿੱਚ ਅਣਪ੍ਰਕਾਸਿ਼ਤ ਖਰੜੇ, ਡਾਇਰੀਆਂ, ਵੱਖ-ਵੱਖ ਪ੍ਰਸਿੱਧ ਰਚਨਾਵਾਂ ਦੀਆਂ ਹੱਥ ਲਿਖ਼ਤਾਂ ਤੋਂ ਇਲਾਵਾ ਲੇਖਕ ਵੱਲੋਂ ਵਰਤੇ ਜਾਂਦੇ ਰਹੇ ਟਾਈਪਰਾਈਟਰ, ਵੱਖ -ਵੱਖ ਤਰ੍ਹਾਂ ਪੈੱਨ, ਐਨਕਾਂ, ਕੰਘਾ, ਸ਼ੀਸ਼ਾ, ਸਟੈਂਡ, ਉਨ੍ਹਾਂ ਵੱਲੋਂ ਆਖ਼ਰੀ ਸਮੇਂ ਪਹਿਨੇ ਗਏ ਕੱਪੜੇ, ਬਚਪਨ ਤੋਂ ਲੈ ਕੇ ਅੰਤ ਸਮੇਂ ਤੱਕ ਦੀਆਂ ਤਸਵੀਰਾਂ, ਵੱਖ-ਵੱਖ ਐਵਾਰਡਾਂ ਦੀਆਂ ਤਸਵੀਰਾਂ, ਉਨ੍ਹਾਂ ਨਾਲ ਜੁੜਿਆ ਰਚਨਾਤਮਿਕ, ਅਨੁਵਾਦਿਤ ਅਤੇ ਆਲੋਚਨਾ ਨਾਲ ਜੁੜਿਆ ਸਮੁੱਚਾ ਕਾਰਜ ਆਦਿ ਸ਼ਾਮਿਲ ਹੈ। ਡਾ. ਤਰਸੇਮ ਨੇ ਦੱਸਿਆ ਕਿ ਪੰਜਾਬੀ ਵਿਭਾਗ ਦੇ ਵਿਸ਼ੇਸ਼ ਸੱਦੇ ਉੱਤੇ ਉਹ ਇੱਥੇ ਪਹੁੰਚੇ ਜਿੱਥੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਪ੍ਰਦਰਸ਼ਨੀ ਸਾਹਿਤ ਦੇ ਜਿਗਿਆਸੂਆਂ ਲਈ ਇਸ ਲਿਹਾਜ਼ ਨਾਲ ਵੀ ਪ੍ਰੇਰਰਾਣਮਕ ਬਣ ਰਹੀ ਹੈ ਕਿਉਂਕਿ ਇਸ ਵਿੱਚ ਸ਼ਾਮਿਲ ਹੱਥ ਲਿਖਤਾਂ ਦੇ ਵੱਖ-ਵੱਖ ਪੜਾਅਵਾਰ ਖਰੜਿਆਂ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਕਿਵੇਂ ਕਿਸੇ ਇੱਕ ਰਚਨਾ ਦੇ ਮੁਕੰਮਲ ਹੋਣ ਦੀ ਅਵਸਥਾ ਤੱਕ ਪਹੁੰਚ ਲਈ ਮਿਹਨਤ ਕਰਦੇ ਸਨ।

ਉੱਧਰ ਦੂਜੇ ਪਾਸੇ ਰਾਸ਼ਟਰੀ ਸੈਮੀਨਾਰ ਦੇ ਦੂਜੇ ਦਿਨ ਅਹਿਮ ਵਿਦਵਾਨਾਂ ਵੱਲੋਂ ਸਿ਼ਰਕਤ ਕਰਦਿਆਂ ਵਿਸ਼ੇ ਉੱਤੇ ਆਪਣੀਆਂ ਮਹੱਤਵਪੂਰਣ ਟਿੱਪਣੀਆਂ ਦਿੱਤੀਆਂ ਗਈਆਂ। ਸੈਮੀਨਾਰ ਦੇ ਦੂਜੇ ਦਿਨ ਦੋ ਅਕਾਦਮਿਕ ਬੈਠਕਾਂ ਅਤੇ ਅੰਤ ਵਿੱਚ ਇੱਕ ਵਿਦਾਇਗੀ ਬੈਠਕ ਹੋਈ। ਪਹਿਲੀ ਬੈਠਕ ਵਿੱਚ ਪ੍ਰਸਿੱਧ ਆਲੋਚਕ ਅਤੇ ਲੇਖਕ ਪ੍ਰੋ. ਜਸਵਿੰਦਰ ਸਿੰਘ ਵੱਲੋਂ ਪ੍ਰਧਾਨਗੀ ਕੀਤੀ ਗਈ। ਇਸ ਵਿੱਚ ਵੱਖ-ਵੱਖ ਪ੍ਰਸਿੱਧ ਲੇਖਕ ਜਸਬੀਰ ਮੰਡ, ਬਲਵਿੰਦਰ ਗਰੇਵਾਲ, ਸੁਰਿੰਦਰ ਨੀਰ, ਦੇਸ ਰਾਜ ਕਾਲੀ, ਹਰਪਿੰਦਰ ਰਾਣਾ ਅਤੇ ਬਲਜੀਤ ਸਿੰਘ ਪਪਨੇਜਾ ਵੱਲੋਂ ਸਿ਼ਰਕਤ ਕੀਤੀ ਗਈ। ਇਸ ਬੈਠਕ ਦਾ ਸੰਚਾਲਨ ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਰਜੀਤ ਸਿੰਘ ਵੱਲੋਂ ਕੀਤਾ ਗਿਆ। ਦੂਜੇ ਦਿਨ ਦੀ ਦੂਜੀ ਬੈਠਕ ਦੀ ਪ੍ਰਧਾਨਗੀ ਪ੍ਰੋ. ਬਲਦੇਵ ਸਿੰਘ ਧਾਲੀਵਾਲ ਨੇ ਕੀਤੀ ਜਿਸ ਵਿੱਚ ਹਰਕੀਰ ਕੌਰ ਚਹਿਲ ਮਹਿਮਾਨ ਲੇਖਕ ਵਜੋਂ ਸ਼ਾਮਿਲ ਹੋਏ। ਇਸ ਬੈਠਕ ਵਿੱਚ ਪਰਚੇ ਪੜ੍ਹਨ ਵਾਲੇ ਵਿਦਵਾਨਾਂ ਵਿੱਚ ਡਾ. ਤਰਸੇਮ ਸ਼ਰਮਾ, ਡਾ. ਜਸਪ੍ਰੀਤ ਕੌਰ, ਡਾ. ਹਰਪ੍ਰੀਤ ਕੌਰ ਅਤੇ ਜਸਪਾਲ ਸਿੰਘ ਸ਼ਾਮਿਲ ਸਨ। ਇਸ ਬੈਠਕ ਦਾ ਸੰਚਾਲਨ ਡਾ. ਰਾਜਵੰਤ ਕੌਰ ‘ਪੰਜਾਬੀ’ ਵੱਲੋਂ ਕੀਤਾ ਗਿਆ। ਅੰਤ ਵਿੱਚ ਵਿਦਾਇਗੀ ਬੈਠਕ ਦੀ ਪ੍ਰਧਾਨਗੀ ਪ੍ਰਸਿੱਧ ਆਲੋਚਕ ਅਤੇ ਲੇਖਕ ਡਾ. ਮਨਮੋਹਨ ਵੱਲੋਂ ਕੀਤੀ ਗਈ। ਵਿਦਾਇਗੀ ਭਾਸ਼ਣ ਪ੍ਰੋ. ਧਨਵੰਤ ਕੌਰ ਵੱਲੋਂ ਦਿੱਤਾ ਗਿਆ। ਸਵਾਗਤੀ ਸ਼ਬਦ ਡਾ. ਸੁਰਜੀਤ ਸਿੰਘ ਵੱਲੋਂ ਅਤੇ ਧੰਨਵਾਦੀ ਸ਼ਬਦ ਪ੍ਰੋ. ਰਾਜਿੰਦਰ ਪਾਲ ਸਿੰਘ ਬਰਾੜ ਵੱਲੋਂ ਬੋਲੇ ਗਏ। ਇਸ ਸੈਸ਼ਨ ਵਿੱਚ ਡਾ. ਗੁਰਮੁਖ ਸਿੰਘ ਵੱਲੋਂ ਸੈਮੀਨਾਰ ਸਾਰ ਪੇਸ਼ ਕੀਤਾ ਗਿਆ।

Leave a Reply

Your email address will not be published. Required fields are marked *