ਭਗਵੰਤ ਮਾਨ ਦੀ ’ਵਰਸਿਟੀ ਫੇਰੀ ਮੌਕੇ ‘ਮੀਡੀਆ’ ਦੀ ਐਂਟਰੀ ’ਤੇ ਰੋਕ, ਲੋਕ ਸੰਪਰਕ ਅਧਿਕਾਰੀ ਬੇਵੱਸ !
ਪਟਿਆਲਾ 29 ਮਾਰਚ (ਮਧੂਸਾਰ ਬਿਊਰੋ) ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਬਣੀ ਸਰਕਾਰ ਨੂੰ ਥੋੜ੍ਹਾ ਸਮਾਂ ਹੋਇਆ, ਪਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਰਕਾਰ ਦੇ ਮੰਤਰੀਆਂ ਦੀ ਮੀਡੀਆ ਨਾਲ ਚੱਲ ਰਹੀ ਲੁਕਾ ਛੁਪੀ ਦੀ ਖੇਡ ਤੋਂ ਸਪੱਸ਼ਟ ਹੈ ਕਿ ਮੁੱਖ ਮੰਤਰੀ ਅਤੇ ਚੁਣੇ ਵਿਧਾਇਕ ਮੀਡੀਆ ਕਰਮੀਆ ਤੋਂ ਇਸ ਕਰਕੇ ਬਚਕੇ ਰਹਿਣਾ ਚਾਹੁੰਦੇ ਹਨ ਕਿ ਸਵਾਲਾਂ ਦੇ ਜਵਾਬ ਨਾ ਦੇਣੇ ਪੈਣ?
ਮੁੱਖ ਮੰਤਰੀ ਬਣਨ ਮਗਰੋਂ ਭਗਵੰਤ ਮਾਨ ਦੀ ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਪਹਿਲੀ ਫੇਰੀ ਸੀ ਅਤੇ ਮੀਡੀਆ ਵੀ ਸਵੇਰ ਤੋਂ ਪੱਬਾਂ ਭਾਰ ਰਿਹਾ, ਜੋ ਚਾਹੁੰਦਾ ਸੀ ਕਿ ਮੁੱਖ ਮੰਤਰੀ ਸਾਹਿਬ ਤੋਂ ਇਹ ਜ਼ਰੂਰ ਪੁੱਛਿਆ ਜਾਵੇ ਕਿ ਆਖਿਰ ਸਰਕਾਰ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿਚੋਂ ਕਦੋਂ ਅਤੇ ਕਿਵੇਂ ਕੱਢੇਗੀ? ਪਰ ਇਹ ਸਵਾਲ ਮੀਡੀਆ ਨੇ ਮੁੱਖ ਮੰਤਰੀ ਸਾਹਿਬ ਕੋਲੋਂ ਪੁੱਛਣੇ ਤਾਂ ਕੀ ਸਨ, ਮੀਡੀਆ ਕਰਮੀਆ ਨੂੰ ਸ੍ਰੀ ਗੁਰੂ ਤੇਗ ਬਹਾਦਰ ਹਾਲ ਵਿਖੇ ਯੂਨੀਵਰਸਿਟੀ ਅਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੇ ਦਾਖਲ ਹੀ ਨਾ ਹੋਣ ਦਿੱਤਾ ਸਿਰਫ ਇਸ ਕਰਕੇ ਮੁੱਖ ਮੰਤਰੀ ਅੱਗੇ ਯੂਨੀਵਰਸਿਟੀ ਪ੍ਰਸ਼ਾਸਨ ਦੀ ਪੋਲ ਖੁੱਲ੍ਹ ਨਾ ਜਾਵੇ ਕਿਉਂਕਿ ਯੂਨੀਵਰਸਿਟੀ ਦੇ ਹਾਲਾਤਾਂ ਬਾਰੇ ਅਕਸਰ ਅਧਿਕਾਰੀ ਸਰਕਾਰ ਨੂੰ ਗੁੰਮਰਾਹ ਕਰਦੇ ਰਹਿੰਦੇ ਹਨ, ਜਿਸ ਕਰਕੇ ਯੂਨੀਵਰਸਿਟੀ ਦਿਨ ਬ ਦਿਨ ਵਿੱਤੀ ਸੰਕਟ ਨਾਲ ਜੂਝ ਰਹੀ ਹੈ।
ਦੂਜੇ ਪਾਸੇ ਯੂਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਦੀ ਬੇਵੱਸੀ ਜ਼ਾਹਰ ਹੁੰਦੀ ਹੈ ਕਿ ਮੀਡੀਆ ਕਰਮੀਆ ਨੂੰ ਮੁੱਖ ਮੰਤਰੀ ਦੇ ਯੂਨੀਵਰਸਿਟੀ ਪੁੱਜਣ ਦੀ ਕੋਈ ਸੂਚਨਾ ਤੱਕ ਨਾ ਦਿੱਤੀ ਗਈ। ਮੀਡੀਆ ਕਰਮੀਆ ਨੂੰ ਉਸ ਸਮੇਂ ਜ਼ਲੀਲਤਾ ਦਾ ਸਾਹਮਣਾ ਕਰਨਾ ਪਿਆ, ਜਦੋਂ ਉਨ੍ਹਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਹਾਲ ਵਿਖੇ ਚੱਲ ਰਹੇ ਪ੍ਰੋਗਰਾਮ ਦਾ ਹਿੱਸਾ ਨਾ ਬਣਨ ਦਿੱਤਾ ਗਿਆ। ਮੀਡੀਆ ਨੂੰ ਅੰਦਰ ਦਾਖਲ ਹੋਣ ਤੋਂ ਰੋਕਣ ਲਈ ਪੁਲਿਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ੇ ਪੁਖਤਾ ਇੰਤਜ਼ਾਮ ਕੀਤੇ ਗਏ। ਅਕਸਰ ਹੀ ਸ੍ਰੀ ਗੁਰੂ ਤੇਗ ਬਹਾਦਰ ਹਾਲ ਵਿਖੇ ਅਨੇਕਾਂ ਪ੍ਰੋਗਰਾਮ ਹੁੰਦੇ ਹਨ, ਜਿਨਾਂ ਦੀ ਕਵਰੇਜ ਕਰਨ ਲਈ ਮੀਡੀਆ ਪੁੱਜਦੇ ਰਹਿੰਦੇ ਹਨ, ਪਰ ਅਜਿਹਾ ਪਹਿਲੀ ਵਾਰ ਹੈ ਕਿ ‘ਮੀਡੀਆ’ ਦੀ ਐਂਟਰੀ ਵੀ ਰੋਕ ਦਿੱਤੀ ਗਈ ਹੈ, ਜੋ ਹਾਲ ਚੱਲ ਰਹੇ ਪ੍ਰੋਗਰਾਮ ਦਾ ਹਿੱਸਾ ਵੀ ਨਹੀਂ ਬਣ ਸਕੇ।
ਅਕਸਰ ਵੱਖ-ਵੱਖ ਵਿਭਾਗਾਂ ਦੇ ਲੋਕ ਸੰਪਰਕ ਅਧਿਕਾਰੀ ਸਰਕਾਰ ਅਤੇ ਮੀਡੀਆ ਵਿਚਾਲੇ ਪੁਲ ਦਾ ਕੰਮ ਕਰਦੇ ਹਨ, ਪਰ ਵੇਖਣ ਵਿਚ ਆਇਆ ਕਿ ਲੋਕ ਸੰਪਰਕ ਅਧਿਕਾਰੀਆਂ ਦੀ ਬੇਵਸੀ ਇਹੋ ਹੈ ਕਿ ਉਨ੍ਹਾਂ ਨੂੰ ਆਪ ਹੀ ਨਹੀਂ ਪਤਾ ਹੁੰਦਾ ਕਿਹੜਾ ਮੰਤਰੀ ਕਦੋਂ ਅਤੇ ਕਿੱਥੇ ਆ ਰਿਹਾ ਹੈ। ਇਸ ਦੀ ਮਿਸਾਲ ਬੀਤੇ ਦਿਨੀਂ ਪਾਵਰਕਾਮ ਦਫਤਰ ਪੁੱਜੇ ਬਿਜਲੀ ਮੰਤਰੀ ਦੇ ਆਉਣ ਮੌਕੇ ਸਾਹਮਣੇ ਆਈ, ਜਦੋਂ ਪਾਵਰਕਾਮ ਦੇ ਲੋਕ ਸੰਪਰਕ ਅਧਿਕਾਰੀ ਨੇ ਬਿਜਲੀ ਮੰਤਰੀ ਦੇ ਨਾ ਆਉਣ ਬਾਰੇ ਕੋਈ ਮੀਡੀਆ ਕਰਮੀਆ ਨੂੰ ਸੁਨੇਹਾ ਲਾਇਆ ਅਤੇ ਜਦੋਂ ਮੀਡੀਆ ਕਰਮੀਆ ਨੇ ਲੋਂਕ ਸੰਪਰਕ ਅਧਿਕਾਰੀ ਨੂੰ ਫੋਨ ਕੀਤਾ ਤਾਂ ਅੱਗਿਓਂ ਇਹੋ ਜਵਾਬ ਆਇਆ ਕਿ ਸਾਨੂੰ ਆਪ ਨਹੀਂ ਪਤਾ ਬਿਜਲੀ ਮੰਤਰੀ ਆ ਰਹੇ ਹਨ। ਸਰਕਾਰ ਦੀ ਮੀਡੀਆ ਪੱਖੀ ਨੀਤੀ ਤਾਂ ਉਸ ਸਮੇਂ ਹੀ ਸਪੱਸ਼ਟ ਹੋ ਗਈ ਸੀ ਜਦੋਂ ਮਿੰਨੀ ਸਕੱਤਰੇਤ ਵਿਖੇ ਮੁੱਖ ਮੰਤਰੀ ਸਾਹਿਬ ਨੇ ਇਕ ਨਿੱਜੀ ਰੂਮ ਵਿਚ ਬੈਠ ਕੇ ਸਰਕਾਰ ਦੇ ਫੈਸਲਿਆਂ ਨੂੰ ਸੁਣਾਉਣ ਦਾ ਮਨ ਬਣਾ ਲਿਆ, ਜਿਸ ਤੋਂ ਸਪੱਸ਼ਟ ਹੈ ਕਿ ਸਰਕਾਰ ‘ਮਨ ਕੀ ਬਾਤ’ ਸਿਰਫ ਤੇ ਸਿਰਫ ਬੰਦ ਕਮਰਿਆਂ ਵਿਚ ਹੀ ਬੈਠ ਕੇ ਕਰਨਾ ਚਾਹੁੰਦੀ ਹੈ ਅਤੇ ਮੀਡੀਆ ਕਰਮੀਆਂ ਨੂੰ ਕਵਰੇਜ ਪ੍ਰੋਗਰਾਮਾਂ ਤੋਂ ਵਾਂਝਾ ਕਰਨ ਲਈ ਹੀ ਅਜਿਹਾ ਢੰਗ ਤਰੀਕਾ ਅਪਣਾਇਆ ਜਾ ਰਿਹਾ ਹੈ।

