ਜ਼ਿਲ੍ਹੇ ਵਿੱਚ ਸ਼ਾਮ 7.00 ਵਜੇ ਤੋਂ ਸਵੇਰੇ 7.00 ਵਜੇ ਤੱਕ ਕੰਬਾਇਨਾਂ ਨਾਲ ਕਣਕ ਦੀ ਕਟਾਈ ਕਰਨ ‘ਤੇ ਪਾਬੰਦੀ
ਪਟਿਆਲਾ, 29 ਮਾਰਚ:(ਮਧੂਸਾਰ ਬਿਊਰੋ) ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਸ਼੍ਰੀ ਸੰਦੀਪ ਹੰਸ ਨੇ ਫੌਜਦਾਰੀ ਜਾਬਤਾ ਸੰਘਤਾ 1973 (2 ਆਫ 1974) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਟਿਆਲਾ ਵਿੱਚ ਸ਼ਾਮ 7.00 ਵਜੇ ਤੋਂ ਅਗਲੀ ਸਵੇਰ 7.00 ਵਜੇ ਤੱਕ ਕੰਬਾਇਨਾਂ ਨਾਲ ਕਣਕ ਕੱਟਣ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕਣਕ ਦੀ ਫਸਲ ਦੀ ਕਟਾਈ ਅਤੇ ਖਰੀਦ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ, ਆਮ ਵੇਖਣ ਵਿੱਚ ਆਇਆ ਹੈ ਕਿ ਕਣਕ ਕੱਟਣ ਲਈ ਕੰਬਾਇਨਾਂ 24 ਘੰਟੇ ਕੰਮ ਕਰਦੀਆਂ ਹਨ।
ਇਹ ਕੰਬਾਇਨਾਂ ਰਾਤ ਵੇਲੇ ਹਰੀ ਕਣਕ, ਜਿਹੜੀ ਕਿ ਚੰਗੀ ਤਰ੍ਹਾਂ ਪੱਕੀ ਨਹੀਂ ਹੁੰਦੀ, ਭਾਵ ਕੱਚਾ ਦਾਣਾ ਕੱਟ ਦਿੰਦੀਆਂ ਹਨ। ਹਰੀ ਕੱਟੀ ਹੋਈ ਕਣਕ ਸੁੱਕਣ ‘ਤੇ ਕਾਲੀ ਪੈ ਜਾਂਦੀ ਹੈ, ਸਵੇਰੇ ਜਲਦੀ ਕੰਬਾਇਨਾਂ ਚੱਲਣ ਨਾਲ ਨਮੀ ਵਾਲੀ ਕਣਕ ਦੀ ਮਿਕਦਾਰ ਬਹੁਤ ਜ਼ਿਆਦਾ ਹੋਣ ਕਾਰਨ ਖਰੀਦ ਏਜੰਸੀਆਂ ਖਰੀਦ ਕਰਨ ਤੋਂ ਇਨਕਾਰ ਕਰ ਦਿੰਦੀਆਂ ਹਨ। ਜਿਸ ਕਾਰਨ ਮੰਡੀਆਂ ਵਿੱਚ ਅਣਵਿਕੀ ਕਣਕ ਦੇ ਅੰਬਾਰ ਜਮ੍ਹਾਂ ਹੋ ਜਾਂਦੇ ਹਨ। ਇਸ ਤੋਂ ਇਲਾਵਾ ਬਹੁਤ ਸਾਰੀਆਂ ਪੁਰਾਣੀਆਂ ਹੋ ਚੁੱਕੀਆਂ ਕੰਬਾਇਨਾਂ ਵੀ ਕਟਾਈ ਕਰਦੀਆਂ ਹਨ, ਜੋ ਕਣਕ ਦੇ ਮਿਆਰ ਨੂੰ ਪ੍ਰਭਾਵਿਤ ਕਰਦੀਆਂ ਹਨ। ਜਿਸ ਕਾਰਨ ਖਰੀਦ ਏਜੰਸੀਆਂ ਇਸ ਦੀ ਖਰੀਦ ਕਰਨ ਤੋਂ ਹਿਚਕਚਾਉਂਦੀਆਂ ਹਨ। ਇਹ ਹੁਕਮ 28 ਮਈ 2022 ਤੱਕ ਲਾਗੂ ਰਹਿਣਗੇ।

