ਅੰਮ੍ਰਿਤਸਰ

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਸਤਾਰ ਗਤੀਵਿਧੀਆਂ’ ਸਬੰਧੀ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 1 ਅਪ੍ਰੈਲ (ਮਧੂਸਾਰ ਬਿਊਰੋ) ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸ ਵਿਖੇ ਪੰਜਾਬ ਰਾਜ ਦੇ ਨਵੇਂ ਭਰਤੀ ਹੋਏ ਵੈਟਰਨਰੀ ਅਫਸਰਾਂ ਲਈ ‘ਵੈਟਸ ਲਈ ਵਿਸਤਾਰ ਗਤੀਵਿਧੀਆਂ’ ਸਬੰਧੀ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ। ਪੰਜਾਬ ਸਟੇਟ ਵੈਟਰਨਰੀ ਕੌਂਸਲ (ਪੀ. ਐਸ. ਵੀ. ਸੀ.) ਦੇ ਸਹਿਯੋਗ ਕਰਵਾਏ ਗਏ ਇਸ ਪ੍ਰੋਗਰਾਮ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ. ਐੱਚ. ਕੇ. ਵਰਮਾ ਵੱਲੋਂ ਮੈਨੇਜਿੰਗ ਡਾਇਰੈਕਟਰ ਡਾ. ਐਸ. ਕੇ. ਨਾਗਪਾਲ, ਡਾ. ਟੀ. ਪੀ. ਸੈਣੀ ਅਤੇ ਡਾ. ਤੇਜਿੰਦਰ ਸਿੰਘ, ਪੰਜਾਬ ਰਾਜ ਵੈਟਰਨਰੀ ਕੌਂਸਲ ਦੇ ਮੈਂਬਰ ਅਤੇ ਵਿਭਾਗਾਂ ਦੇ ਮੁਖੀਆਂ ਦੀ ਮੌਜ਼ੂਦਗੀ ’ਚ ਕੀਤਾ ਗਿਆ। ਇਸ 3 ਰੋਜ਼ਾ ਸੈਮੀਨਾਰ ’ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ 28 ਵੈਟਰਨਰੀ ਅਫ਼ਸਰਾਂ (ਵੈਟਸ) ਨੇ ਭਾਗ ਲਿਆ।

ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ। ਉਦਘਾਟਨੀ ਸੈਸ਼ਨ ’ਚ ਸੈਮੀਨਾਰ ’ਚ ਹਿੱਸਾ ਲੈਣ ਵਾਲੇ ਭਾਗੀਦਾਰਾਂ ਦੇ ਸੁਨਿਹਰੇ ਭਵਿੱਖ ਸਬੰਧੀ ਵੈਟਰਨਰੀ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ। ਇਸ ਮੌਕੇ ਡਾ. ਵਰਮਾ ਨੇ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਕਾਲਜ ਵੈਟਰਨਰੀ ਸਬੰਧੀ ਅਕਾਦਮਿਕ ਮਿਆਰ ਨੂੰ ਉੱਚਾ ਚੁੱਕਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗਾ। ਉਨ੍ਹਾਂ ਕਿਹਾ ਕਿ ਅੱਜ ਦੀ ਸਥਿਤੀ ’ਚ ਕਿਸੇ ਵੀ ਵਸਤੂ ਦਾ ਵਿਸਤਾਰ ਸਭ ਤੋਂ ਮਹੱਤਵਪੂਰਨ ਹੈ ਕਿਉਂਕਿ ਸਿਰਫ 5% ਖੇਤੀ ਕਰਨ ਵਾਲੇ ਪਰਿਵਾਰ ਪਸ਼ੂ ਪਾਲਣ ਸਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਦੇ ਹਨ ਅਤੇ ਇਸ ਲਈ ਵੱਧ ਤੋਂ ਵੱਧ ਲੋਕਾਂ ਨੂੰ ਪਸ਼ੂਧਨ ਉਤਪਾਦਨ ਦੀ ਗੁਣਵੱਤਾ ਵਧਾਉਣ ਸਬੰਧੀ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਹੈ। ਇਸ ਮੌਕੇ ਡਾ. ਨਾਗਪਾਲ ਨੇ ਕਾਲਜ ਦੇ ਪਿਛੋਕੜ, ਬੁਨਿਆਦੀ ਢਾਂਚੇ, ਅਕਾਦਮਿਕ ਸਥਿਤੀ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਵੈਟਸ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਜੀਵਨ ’ਚ ਲੋੜੀਂਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਆਪਣੇ ਸਮੇਂ ਦੀ ਸਭ ਤੋਂ ਵਧੀਆ ਵਰਤੋਂ ਕਰਨ। ਇਸ ਮੌਕੇ ਡਾ. ਸੈਣੀ ਅਤੇ ਡਾ: ਤੇਜਬੀਰ ਨੇ ਵੈਟਰਨਰੀ ਅਫ਼ਸਰਾਂ ਨੂੰ ਪਸ਼ੂਆਂ ਦੀ ਦੇਖਭਾਲ ਸਬੰਧੀ ਮਾਹਿਰ ਅਤੇ ਸਫਲ ਵੈਟਰਨਰੀਅਨ ਬਣਾਉਣ ਲਈ ਲੋੜੀਂਦੇ ਆਦਰਸ਼ਾਂ ਨੂੰ ਗ੍ਰਹਿਣ ਕਰਨ ਦੀ ਅਪੀਲ ਕੀਤੀ।

ਇਸ ਪ੍ਰੋਗਰਾਮ ’ਚ ਭਾਗੀਦਾਰਾਂ ਨੇ ਅਤਿ-ਆਧੁਨਿਕ, ਖੋਜ-ਅਧਾਰਤ ਵਿਸਤਾਰ ਦੀਆਂ ਰਣਨੀਤੀਆਂ ਸਬੰਧੀ ਸਿੱਖਿਆ ਪ੍ਰਾਪਤ ਕੀਤੀ। ਇਸ ਪ੍ਰੋਗਰਾਮ ਦੌਰਾਨ ਭਾਗੀਦਾਰਾਂ ਨੂੰ ਵਿਸਥਾਰ ਦੀ ਧਾਰਨਾ ਅਤੇ ਅਜੋਕੇ ਪਸ਼ੂ ਪਾਲਣ ’ਚ ਇਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਜਨ ਸਿਹਤ, ਪਸ਼ੂਆਂ ਦੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ, ਯੋਜਨਾਬੱਧ ਨਿਦਾਨ, ਉੱਚ ਉਤਪਾਦਕਤਾ ਲਈ ਤਕਨਾਲੋਜੀ ਦਾ ਪ੍ਰਭਾਵਸ਼ਾਲੀ ਉਪਯੋਗ, ਪੰਜਾਬ ਦੇ ਜੈਨੇਟਿਕ ਸਰੋਤ, ਪਸ਼ੂ ਧਨ ਬੀਮਾ ਅਤੇ ਆਈ. ਸੀ. ਟੀ. ਦੀ ਵਰਤੋਂ ’ਚ ਪਸ਼ੂ ਡਾਕਟਰਾਂ ਦੀ ਭੂਮਿਕਾ, ਸਰਜੀਕਲ ਪ੍ਰਬੰਧਨ, ਪਰਜੀਵੀ ਸੰਕ੍ਰਮਣ, ਪੋਸ਼ਣ ਸੰਬੰਧੀ ਰਣਨੀਤੀਆਂ, ਕਿਸਾਨ ਦੀ ਅਗਵਾਈ ਵਾਲੀ ਵਿਸਤਾਰ ਅਤੇ ਖੇਤਰੀ ਪੱਧਰ ’ਤੇ ਆਮ ਗਾਇਨੀਕੋਲੋਜੀਕਲ ਸਥਿਤੀਆਂ ਨੂੰ ਸੰਭਾਲਣ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ।

ਇਸ ਮੌਕੇ ਭਾਗੀਦਾਰਾਂ ਨੇ ਕਾਲਜ ਦੁਆਰਾ ਆਯੋਜਿਤ ਉਕਤ ਸਮਾਰੋਹ ਦੀ ਸ਼ਲਾਘਾ ਕਰਦਿਆਂ ਸਿਖਲਾਈ ਕੋਰਸ ਬਾਰੇ ਆਪਣੀ ਪ੍ਰਤੀਕਿਰਿਆ ਪੇਸ਼ ਕੀਤੀ ਅਤੇ ਅਜਿਹੇ ਹੋਰ ਸਿਖਲਾਈ ਸੈਮੀਨਾਰ ਕਰਵਾਉਣ ਦੀ ਅਪੀਲ ਕੀਤੀ। ਇਸ ਮੌਕੇ ਹਿੱਸਾ ਲੈਣ ਵਾਲਿਆਂ ਨੂੰ ਸਰਟੀਫਿਕੇਟ ਦਿੱਤਾ ਗਿਆ। ਇਹ ਸੈਮੀਨਾਰ ਪੀ. ਐਸ. ਵੀ. ਸੀ. ਦੁਆਰਾ ‘ਨਿਰੰਤਰ ਸਿੱਖਿਆ ਪ੍ਰੋਗਰਾਮ’ ਮੁਹਿੰਮ ਵਜੋਂ ਸਪਾਂਸਰ ਕੀਤਾ ਗਿਆ। ਇਸ ਮੌਕੇ ਡਾ. ਐਸ. ਐਸ. ਢਿੱਲੋਂ, ਵੈਟਰਨਰੀ ਕਲੀਨਿਕਲ ਕੰਪਲੈਕਸ ਡਾਇਰੈਕਟਰ ਡਾ. ਪੀ. ਐਸ. ਮਾਵੀ ਤੋਂ ਇਲਾਵਾ ਹੋਰ ਸਟਾਫ਼ ਤੇ ਸਿਖਿਆਰਥੀ ਹਾਜ਼ਰ ਸਨ। ਡਾ. ਵਰਮਾ ਨੇ ਕਿਹਾ ਕਿ ਅਜਿਹੇ ਸਿਖਲਾਈ ਕੋਰਸਾਂ ਰਾਹੀਂ ਕਾਲਜ ਅਤੇ ਪੰਜਾਬ ਵੈਟਰਨਰੀ ਕੌਂਸਲ ਦਾ ਉਦੇਸ਼ ਵੈਟਰਨਰੀ ਅਫਸਰਾਂ ਦੇ ਪੇਸ਼ੇਵਰ ਵਿਕਾਸ ’ਚ ਰਾਜ ਸਰਕਾਰ ਦੀ ਸਹਾਇਤਾ ਕਰਨਾ ਹੈ, ਜੋ ਬਦਲੇ ’ਚ ਆਪਣੇ ਸੂਬੇ ’ਚ ਪਸ਼ੂਆਂ ਸਬੰਧੀ ਗਤੀਵਿਧੀਆਂ ਦੇ ਵਿਕਾਸ ’ਚ ਸਹਾਇਤਾ ਕਰ ਸਕਦੇ ਹਨ।

Leave a Reply

Your email address will not be published. Required fields are marked *