ਪੰਜਾਬ ਸੂਬੇ ਤੇ ਪੈ ਰਹੇ ਕਰਜ਼ੇ ਦੇ ਭਾਰ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਨੇ ਜਤਾਇਆ ਭਾਰੀ ਰੋਸ
ਪੰਜਾਬ ਨੂੰ ਕਰਜ਼ੇ ਤੋਂ ਮੁਕਤ ਕਰਵਾਉਣ ਲਈ ਹਰੇਕ ਵਿਅਕਤੀ ਨੂੰ ਆਪਣੀ ਅਵਾਜ਼ ਬੁਲੰਦ ਕਰਨੀ ਚਾਹੀਦੀ- ਕਾਕਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) – ਸਮੇਂ ਸਮੇਂ ਦੀਆਂ ਸਰਕਾਰਾਂ ਤੋਂ ਲੈ ਕੇ ਮੌਜੂਦਾ ਸੂਬਾ ਸਰਕਾਰ ਦੌਰਾਨ ਪੰਜਾਬ ਤੇ ਲਗਾਤਾਰ ਵਧ ਰਹੇ ਕਰਜ਼ੇ ਦੇ ਭਾਰ ਨੂੰ ਖਤਰੇ ਦੀ ਘੰਟੀ ਮੰਨਦਿਆਂ ਨਿਊ ਪਟਿਆਲਾ ਵੈਲਫੇਅਰ ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਭਾਰੀ ਰੋਸ ਜਤਾਇਆ ਗਿਆ। ਜਿਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਬੀਤੇ ਕਈ ਸਾਲਾਂ ਤੋਂ ਪੰਜਾਬ ਸਿਰ ਲਗਾਤਾਰ ਕਰਜ਼ੇ ਦਾ ਭਾਰ ਪੈਦਾ ਆ ਰਿਹਾ ਹੈ। ਜਿਸ ਦੇ ਲਈ ਪਿਛਲੀਆਂ ਸਰਕਾਰਾਂ ਵੀ ਜ਼ੁੰਮੇਵਾਰ ਹਨ ਅਤੇ ਇਹ ਸਿਲਸਿਲਾ ਅੱਜ ਤੱਕ ਲਗਾਤਾਰ ਜਾਰੀ ਹੈ। ਪੰਜਾਬ ਦੀ ਸੱਤਾ ਪਰਿਵਰਤਨ ਤੋਂ ਬਾਅਦ ਵੀ ਕਈ ਹਜ਼ਾਰ ਕਰੋੜ ਰੁਪਏ ਕਰਜ਼ਾ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਹੈ। ਜਿਸ ਨਾਲ ਪੰਜਾਬ ਤੇ ਇੱਕ ਹੋਰ ਭਾਰ ਪੈ ਗਿਆ ਹੈ। ਜਦੋਂ ਕਿ ਪਹਿਲਾਂ ਹੀ ਪੰਜਾਬ ਕਰੀਬ 3 ਲੱਖ ਕਰੋੜ ਰੁਪਏ ਦਾ ਕਰਜ਼ਵਾਨ ਹੈ। ਚੋਣਾਂ ਤੋਂ ਪਹਿਲਾਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੀ-ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਮੁਫਤ ਸਹੂਲਤਾਂ ਦੇਣ ਸਬੰਧੀ ਗਰੰਟੀਆਂ ਤੇ ਵਆਦੇ ਕੀਤੇ ਜਾਂਦੇ ਹਨ। ਜਿਨ੍ਹਾਂ ਨੂੰ ਪੂਰਾ ਕਰਨ ਦਾ ਇੱਕ ਕਾਰਨ ਵੀ ਕਰਜ਼ਾ ਲੈਣਾ ਹੈ।
ਜਦੋਂ ਕਿ ਸਹੂਲਤਾਂ ਕੇਵਲ ਲੋੜਵੰਦ ਪਰਿਵਾਰਾਂ ਨੂੰ ਹੀ ਮਿਲਣੀਆਂ ਚਾਹੀਦੀਆਂ ਹਨ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਵੈਨੇਜ਼ੁਏਲਾ ਤੇ ਸ੍ਰੀਲੰਕਾ ਦੇਸ਼ਾ ਦੀ ਮਿਸਾਲ ਦਿੰਦਿਆਂ ਕਿਹਾ ਕਿ ਇਨ੍ਹਾਂ ਦੇਸ਼ਾਂ ਦੀਆਂ ਰਾਜਨੀਤਿਕ ਪਾਰਟੀਆਂ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਅਨੇਕਾਂ ਸਹੂਲਤਾਂ ਮੁਫਤ ਵਿੱਚ ਦਿੱਤੀਆਂ ਤੇ ਆਪਣੀ ਆਮਦਨ ਵੱਲ ਧਿਆਨ ਨਹੀਂ ਦਿੱਤਾ। ਜਿਸ ਦੇ ਨਤੀਜੇ ਵਜੋਂ ਦੋਵੇਂ ਦੇਸ਼ਾ ਵਿੱਚ ਅੰਤਾਂ ਦੀ ਮਹਿੰਗਾਈ ਤੇ ਭੁੱਖਮਰੀ ਦੀ ਭਿਆਨਕ ਸਥਿਤੀ ਪੈਦਾ ਹੋ ਗਈ। ਅੱਜ ਵੀ ਸ੍ਰੀਲੰਕਾ ਦੇ ਹਾਲਾਤ ਬਹੁਤ ਖਰਾਬ ਹੋ ਚੁੱਕੇ ਹਨ। ਅਜਿਹੇ ਹਾਲਾਤ ਪੰਜਾਬ ਵਿੱਚ ਨਾ ਬਣਨ ਇਸ ਲਈ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿੱਚ ਦਖਲ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰਜ਼ੇ ਦਾ ਭਾਰ ਹਰ ਵਿਅਕਤੀ ਦੇ ਉੱਪਰ ਪੈ ਰਿਹਾ ਹੈ। ਜਿਸ ਦੇ ਵਿਰੁੱਧ ਹਰ ਇੱਕ ਵਿਅਕਤੀ ਪੰਜਾਬ ਨੂੰ ਕਰਜ਼ੇ ਤੋਂ ਮੁਕਤ ਕਰਵਾਉਣ ਲਈ ਆਪਣੀ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਨਹੀਂ ਤਾਂ ਪੰਜਾਬ ਦੇ ਲੋਕਾਂ ਲਈ ਮਹਿੰਗਾਈ ਤੇ ਭੁੱਖਮਰੀ ਅਤੇ ਆਰਥਿਕ ਸਮੱਸ਼ਿਆਵਾਂ ਖੜੀਆਂ ਹੋ ਜਾਣਗੀਆਂ। ਇਸ ਮੋਕੇ ਗੋਬਿੰਦ ਜਸਵਾਲ, ਪਰਮਜੀਤ ਕੁਮਾਰ, ਗੁਰਪ੍ਰੀਤ ਸਿੰਘ, ਸ਼ਿਵ ਕੁਮਾਰ, ਕਰਮ ਸਿੰਘ, ਚਰਨਜੀਤ ਸਿੰਘ, ਸੂਰਜ ਕੁਮਾਰ, ਬੀ.ਐਮ.ਗੋਤਮ, ਗੁਰਜੀਤ ਸਿੰਘ, ਬਲਜਿੰਦਰ ਸਿੰਘ, ਕਾਲਾ ਖਾਨ, ਜਮੀਲ ਖਾਨ, ਭਜਨਾ ਰਾਮ, ਵਿਜੈ ਕੁਮਾਰ, ਸਰਵਨ ਕੁਮਾਰ, ਜਗਤਾਰ ਸਿੰਘ, ਨਰਿੰਦਰ ਪਾਲ ਸਿੰਘ ਆਦਿ ਹਾਜ਼ਰ ਸਨ।

