ਪਟਿਆਲਾ

ਪੰਜਾਬੀ ਯੂਨੀਵਰਸਿਟੀ ਵਿਖੇ ਖੇਲੋ ਇੰਡੀਆ ਜੇਤੂ ਐਥਲੀਟਾਂ ਦਾ ਸਵਾਗਤ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਵਿਹੜੇ ਜਿੱਥੇ ਇੱਕ ਪਾਸੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿੱਚ ਜੇਤੂ ਰਹੇ ਖਿਡਾਰੀਆਂ ਦਾ ਸਵਾਗਤ ਹੋ ਰਿਹਾ ਹੈ ਤਾਂ ਉੱਥੇ ਹੀ ਦੂਜੇ ਪਾਸੇ ਇਰਾਕ ਦੇ ਸ਼ਹਿਰ ਸੁਲੇਮਾਨੀਆ ਤੋਂ ਇੱਕ ਖੁਸ਼ ਖ਼ਬਰ ਇਹ ਆਈ ਹੈ ਕਿ ਤੀਰਅੰਦਾਜ਼ ਪ੍ਰਨੀਤ ਕੌਰ ਨੇ ਏਸ਼ੀਆ ਕੱਪ ਸਟੇਜ-2 ਵਿੱਚੋਂ ਕੰਪਾਊਂਡ ਵਰਗ ਦੇ ਮੁਕਾਬਲਿਆਂ ਵਿੱਚੋਂ ਦੋ ਸੋਨੇ ਅਤੇ ਇੱਕ ਚਾਂਦੀ ਦਾ ਤਗ਼ਮਾ ਜਿੱਤ ਕੇ ਆਪਣੇ ਰਾਜ ਪੰਜਾਬ ਅਤੇ ਦੇਸ ਦਾ ਨਾਮ ਰੌਸ਼ਨ ਕੀਤਾ ਹੈ।ਸੁਲੇਮਾਨੀਆ ਵਿੱਚ 6 ਤੋਂ 11 ਮਈ ਤੱਕ ਏਸ਼ੀਆ ਕੱਪ ਕੰਪਾਊਂਡ ਵਰਗ ਵਿੱਚ ਉਸ ਨੇ ਵਿਅਕਤੀਗਤ ਸਿਲਵਰ ਮੈਡਲ, ਟੀਮ ਗੋਲਡ ਮੈਡਲ ਅਤੇ ਮਿਕਸਡ ਵਰਗ ਵਿੱਚ ਸੋਨ ਤਗ਼ਮਾ ਜਿੱਤ ਕੇ ਮਾਣ ਵਧਾਇਆ ਹੈ। ਪ੍ਰਨੀਤ ਕੌਰ ਸਰਕਾਰੀ ਮਲਟੀਪਰਪਜਜ਼ ਸਕੂਲ ਪਟਿਆਲਾ ਦੀ ਵਿਦਿਆਰਥਣ ਹੈ ਅਤੇ ਪੰਜਾਬੀ ਯੂਨੀਵਰਸਿਟੀ ਵਿਖੇ ਕੋਚ ਸ੍ਰ. ਸੁਰਿੰਦਰ ਸਿੰਘ ਰੰਧਾਵਾ ਦੀ ਦੇਖ-ਰੇਖ ਹੇਠ ਪਿਛਲੇ ਸੱਤ ਸਾਲਾਂ ਤੋਂ ਪ੍ਰੈਕਟਿਸ ਕਰ ਰਹੀ ਹੈ।

ਕੋਚ ਸ੍ਰ. ਸੁਰਿੰਦਰ ਸਿੰਘ ਰੰਧਾਵਾ ਨੇ ਇਸ ਪ੍ਰਾਪਤੀ ਬਾਰੇ ਖੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਪ੍ਰਨੀਤ ਕੌਰ ਬੇਹੱਦ ਮਿਹਨਤੀ ਖਿਡਾਰੀ ਹੈ। ਉਹ ਰੋਜ਼ਾਨਾ ਅੱਠ ਘੰਟੇ ਪ੍ਰੈਕਟਿਸ ਕਰ ਰਹੇ ਹੈ ਅਤੇ ਭਾਰਤ ਲਈ ਕੌਮਾਂਤਰੀ ਪੱਧਰ ਉੱਤੇ ਵੱਡੀਆਂ ਪ੍ਰਾਪਤੀਆਂ ਕਰਨ ਦੀ ਇੱਛੁਕ ਹੈ। ਉਨ੍ਹਾਂ ਦੱਸਿਆ ਕਿ ਪ੍ਰਨੀਤ ਕੌਰ ਹੁਣ ਤੱਕ ਛੇ ਕੌਮਾਂਤਰੀ ਅਤੇ 10 ਕੌਮੀ ਮੈਡਲ ਜਿੱਤ ਚੁੱਕੀ ਹੈ ਜਿਸ ਵਿੱਚੋਂ ਦੋ ਮੈਡਲ ਵਿਸ਼ਵ ਚੈਂਪੀਅਨ 2021 ਵਿੱਚ ਜਿੱਤਣ ਦੇ ਨਾਲ ਟੀਮ ਵਿਸ਼ਵ ਰਿਕਾਰਡ ਅਤੇ ਏਸ਼ੀਅਨ ਚੈਂਪੀਅਨਸਿ਼ਪ 2021 ਵਿੱਚ 700/720 ਵਿਸ਼ਵ ਰਿਕਾਰਡ (ਵਿਅਕਤੀਗਤ) ਬਣਾ ਚੁੱਕੀ ਹੈ।ਉਧਰ ਦੂਜੇ ਪਾਸੇ ਜੈਨ ਯੂਨੀਵਰਸਿਟੀ ਬੰਗਲੌਰ ਵਿਖੇ ਹਾਲ ਹੀ ਵਿਚ ਸੰਪੰਨ ਹੋਈਆਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ- 2022 ਵਿਚ ਐਥਲੈਟਿਕਸ ਮਹਿਲਾ ਵਰਗ ਦੇ 4400 ਮੀਟਰ ਰਿਲੇਅ ਈਵੈਂਟ ਵਿਚ ਨਵਾਂ ਰਿਕਾਰਡ ਕਾਇਮ ਕਰਨ ਵਾਲੀਆਂ ਐਥਲੀਟਾਂ ਦਾ ਯੂਨੀਵਰਸਿਟੀ ਵਿਖੇ ਪੁੱਜਣ ਉੱਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਜਿ਼ਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਨੇ ਇਹ ਰਿਕਾਰਡ 3:43.83 ਮਿੰਟ ਦਾ ਸਮਾਂ ਲੈ ਕੇ ਕਾਇਮ ਕੀਤਾ ਹੈ (ਪਿਛਲਾ ਖੇਲੋ ਇੰਡੀਆ ਰਿਕਾਰਡ 3:48.12 ਮਿੰਟ ਐਮ.ਜੀ.ਯੂਨੀਵਰਸਿਟੀ ਕੋਟਿਆਮ/2020 ਦਾ ਸੀ)।

ਕਾਬਿਲੇ ਜ਼ਿਕਰ ਹੈ ਕਿ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਵਿਚ ਪੰਜਾਬੀ ਯੂਨੀਵਰਸਿਟੀ ਨੇ ਕੁੱਲ 30 ਮੈਡਲ ਹਾਸਲ ਕੀਤੇ ਜਿਸ ਵਿਚ ਆਰਚਰੀ ਖੇਡ ਵਿਚ 2 ਗੋਲਡ, 1 ਸਿਲਵਰ ਅਤੇ 1 ਬਰੌਂਜ ਐਥਲੈਟਿਕਸ ਵਿਚ 3 ਗੋਲਡ ਤੇ 1 ਸਿਲਵਰ ਬਾਕਸਿੰਗ ਵਿਚ 1 ਗੋਲਡ ਤੇ 1 ਸਿਲਵਰ ਫੈਨਸਿੰਗ ਵਿਚ 1 ਬਰੌਂਜ ਕਰਾਟੇ ਵਿਚ 1 ਗੋਲਡ ਸ਼ੂਟਿੰਗ ਵਿਚ 4 ਗੋਲਡ, 5 ਸਿਲਵਰ ਤੇ 3 ਬਰੌਂਜ ਵੇਟ ਲਿਫਟਿੰਗ ਵਿਚ 1 ਬਰੌਂਜ ਕੁਸ਼ਤੀ ਵਿਚ 1 ਗੋਲਡ, 1 ਸਿਲਵਰ ਤੇ 1 ਬਰੌਂਜ਼ ਅਤੇ ਜੂਡੋ ਵਿਚ 2 ਬਰੌਂਜ ਮੈਡਲ ਪ੍ਰਾਪਤ ਕੀਤੇ ਗਏ ਹਨ।ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਅਤੇ ਡਾਇਰੈਕਟਰ ਸਪੋਰਟਸ ਡਾ. ਗੁਰਦੀਪ ਕੌਰ ਰੰਧਾਵਾ ਵੱਲੋਂ ਖਿਡਾਰੀਆਂ ਨੂੰ ਉਚੇਚੇ ਤੌਰ ਤੇ ਵਧਾਈ ਦਿੱਤੀ ਉਹਨਾਂ ਕੋਚ ਸ. ਧਰਮਿੰਦਰਪਾਲ ਸਿੰਘ, ਸ. ਹਰਭਜਨ ਸਿੰਘ ਸੰਧੂ, ਸ੍ਰ. ਸੁਰਿੰਦਰ ਸਿੰਘ ਰੰਧਾਵਾ ਅਤੇ ਮੈਨੇਜਰ ਭੁਪਿੰਦਰ ਕੌਰ ਨੂੰ ਵੀ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਦਿੱਤੀ ਗਈ। ਇਰਾਕ ਵਿਖੇ ਮੈਡਲ ਜਿੱਤਣ ਵਾਲੀ ਤੀਰਅੰਦਾਜ਼ ਪ੍ਰਨੀਤ ਕੌਰ ਦੇ ਪਿਤਾ ਸ੍ਰ. ਅਵਤਾਰ ਸਿੰਘ ਨੇ ਆਪਣੀ ਬੇਟੀ ਦੀ ਪ੍ਰਾਪਤੀ ਦਾ ਸਿਹਰਾ ਉਸ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਨੂੰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੀ ਖੇਡ ਨੀਤੀ ਬਦਲਣ ਦੀ ਜ਼ਰੂਰਤ ਹੈ ਕਿਉਂਕਿ ਹੋਰਨਾਂ ਰਾਜਾਂ ਦੀਆਂ ਸਰਕਾਰੀ ਸੰਸਥਾਵਾਂ ਆਪਣੇ ਖਿਡਾਰੀਆਂ ਨੂੰ ਵ’ਲਡ ਕਲਾਸ ਸਮਾਨ, ਖੇਡ ਮੈਦਾਨਾਂ ਲਈ ਆਧੁਨਿਕ ਸਹੂਲਤਾਂ ਦੇ ਨਾਲ਼-ਨਾਲ਼ ਖਿਡਾਰੀਆਂ ਅਤੇ ਕੋਚਾਂ ਨੂੰ ਲੱਖਾਂ ਰੁਪਏ ਦੇ ਪੁਰਸਕਾਰਾਂ ਨਾਲ ਨਿਵਾਜ ਰਹੀਆਂ ਹਨ। ਇਸ ਦੇ ਉਲਟ ਪੰਜਾਬ ਸਰਕਾਰ ਵੱਲੋਂ ਆਪਣੀ ਨਕਦ ਇਨਾਮ ਨੀਤੀ ਵਿੱਚ ਵੀ ਸਾਰੀਆਂ ਖੇਡਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ। ਨਾਲ਼ ਹੀ ਉਨ੍ਹਾਂ ਨਵੀਂ ਸਰਕਾਰ ਤੋਂ ਉਮੀਦ ਕਰਦਿਆਂ ਕਿਹਾ ਕਿ ਆਸ ਕਰਦੇ ਹਾਂ ਕਿ ਨਵੀਂ ਸਰਕਾਰ ਨਕਦ ਇਨਾਮ ਨੀਤੀ ਨੂੰ ਬਦਲਣ ਸਮੇਤ ਹੋਰ ਲੋੜੀਂਦੇ ਕਦਮ ਚੁੱਕੇਗੀ।

Leave a Reply

Your email address will not be published. Required fields are marked *