ਬਸੰਤ ਰਿਤੂ ਕਲੱਬ ਨੇ ਜਲ ਹੀ ਜੀਵਨ ਹੈ ਸਬੰਧੀ ਕੱਢੀ ਵਿਸ਼ਾਲ ਰੈਲੀ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵਲੋਂ ਨਹਿਰੂ ਯੂਵਾ ਕੇਂਦਰ ਪਟਿਆਲਾ ਅਤੇ ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸ਼ਨਗੜ੍ਹ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਪਿੰਡ ਡਰੋਲੀ ਪਟਿਆਲਾ ਵਿਖੇ ਜਲ ਹੈ ਤਾਂ ਕੱਲ ਹੈ ਅਤੇ ਜਲ ਹੀ ਜੀਵਨ ਹੈ ਸਬੰਧੀ ਸੈਮੀਨਾਰ ਅਤੇ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਦੀ ਪ੍ਰਧਾਨਗੀ ਸਕੂਲ ਇੰਚਾਰਜ ਵਿਕਾਸ ਕੰਬੋਜ ਨੇ ਕੀਤੀ। ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਅਤੇ ਸਕੱਤਰ ਇੰਜੀ: ਰੋਬਿੰਨ ਸਿੰਘ ਨੇ ਸਾਂਝੇ ਬਿਆਨ ਵਿੱਚ ਆਖਿਆ ਕਿ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵਲੋਂ ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਵਲੋਂ 100 ਪਿੰਡਾਂ ਵਿੱਚ ਜਲ ਹੈ ਤਾਂ ਕੱਲ ਹੈ ਸਬੰਧੀ ਸੈਮੀਨਾਰ ਅਤੇ ਰੈਲੀਆਂ ਕੱਢਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਪਿੰਡ ਡਰੋਲੀ ਛੇਵਾਂ ਪਿੰਡ ਹੈ ਜਿੱਥੇ ਇੱਕ ਵਿਸ਼ਾਲ ਰੈਲੀ ਕੱਢੀ ਗਈ। ਸਕੂਲ ਦੇ ਇੰਚਾਰਜ ਵਿਕਾਸ ਕੰਬੋਜ ਨੇ ਆਖਿਆ ਕਿ ਧਰਤੀ ਹੇਠਲਾ ਪਾਣੀ ਦਿਨ ਪ੍ਰਤੀ ਦਿਨ ਹੇਠਾਂ ਜਾ ਰਿਹਾ ਹੈ।
ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ। ਸਮਾਜ ਦੇ ਹਰਇੱਕ ਵਰਗ ਨੂੰ ਪਾਣੀ ਨੂੰ ਬਚਾਉਣ ਲਈ ਪੁਰਜੋਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਨੇ ਬੋਲਦਿਆ ਆਖਿਆ ਕਿ ਪੰਜਾਬ ਵਿੱਚ ਪਾਣੀ ਦਾ ਸਥਰ ਹਰ ਸਾਲ ਦਿਨ ਪ੍ਰਤੀ ਦਿਨ ਘਟਦਾ ਜਾ ਰਿਹਾ ਹੈ। ਸਾਨੂੰ ਪਾਣੀ ਦੀ ਦੁਰਵਰਤੋ ਤੋਂ ਗੁਰੇਜ ਕਰਦੇ ਹੋਏ ਇੱਕ ਇੱਕ ਬੂੰਦ ਪਾਣੀ ਦੀ ਬਚਾਉਣੀ ਚਾਹੀਦੀ ਹੈ। ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਕਿਸਾਨ ਸਿੱਧੀ ਬਿਜਾਈ ਕਰ ਰਿਹਾ ਹੈ ਜਿਸ ਨਾਲ ਪਾਣੀ ਦੀ ਬਚਨ ਹੋਣ ਦੀ ਸੰਭਾਵਨਾ ਹੈ ਅਤੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਦਾਲਾਂ ਦੀ ਖੇਤੀ ਦੇ ਨਾਲ ਬਾਗਬਾਨੀ ਵੱਲ ਵੀ ਆਪਣਾ ਧਿਆਨ ਦੇਣ ਅਤੇ ਜੀਰੀ ਅਤੇ ਕਣਕ ਦੀ ਖੇਤੀ ਵਿਚੋਂ ਨਿਕਲਣਾ ਪਾਣੀ ਨੂੰ ਬਚਾਉਣ ਲਈ ਇੱਕ ਵਿਸ਼ੇਸ਼ ਕਦਮ ਹੋਵੇਗਾ। ਇਸ ਪ੍ਰੋਗਰਾਮ ਵਿੱਚ ਮੈਡਮ ਮਨਪ੍ਰੀਤ ਕੌਰ, ਜਤਿੰਦਰ ਕੌਰ, ਮਨਿੰਦਰ ਕੌਰ, ਨੀਰਜ ਗਰਗ, ਸੁਰਿੰਦਰ ਪਾਲ ਆਦਿ ਨੇ ਭਾਗ ਲਿਆ ਅਤੇ ਸੈਮੀਨਾਰ ਤੋਂ ਬਾਅਦ ਇੱਕ ਵਿਸ਼ਾਲ ਰੈਲੀ ਕੱਢੀ ਗਈ।

