ਸ਼ਰਾਬ ਦੇ ਠੇਕਿਆਂ ਦੀ ਗਿਣਤੀ *ਚ ਵਾਧਾ ਕੀਤੇ ਜਾਣ ਤੇ ਪੰਜਾਬ ਸਰਕਾਰ ਖਿਲਾਫ ਨਾਰੇਬਾਜੀ ਕਰ ਪ੍ਰਦਰਸ਼ਨ ਕੀਤਾ
ਚੋਣਾਂ ਤੋਂ ਪਹਿਲਾਂ ਨਸ਼ਾ ਮੁਕਤ ਬਣਾਉਣ ਦੇ ਵਾਅਦੇ ਗਰੰਟੀਆਂ ਦਿੱਤੀਆਂ ਹੁਣ ਇਸ ਨੂੰ ਭੁਲਾਕੇ ਨਵੇਂ ਸ਼ਰਾਬ ਦੇ ਠੇਕੇ ਖੋਲਣ ਤੇ ਜੋਰ ਲਗਾ ਰਹੀ ਮਾਨ ਸਰਕਾਰ—ਕਾਕਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਸ਼ਰਾਬ ਦੇ ਠੇਕਿਆਂ ਦੀ ਗਿਣਤੀ *ਚ ਵਾਧਾ ਕੀਤੇ ਜਾਣ ਤੇ ਮਾਨ ਸਰਕਾਰ ਦੀ ਨਵੀਂ ਸ਼ਰਾਬ ਨੀਤੀ ਦਾ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਵਿੱਚ ਸਖਤ ਵਿਰੋਧ ਜਤਾਇਆ ਤੇ ਨਾਰੇਬਾਜੀ ਕਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮਾਨ ਸਰਕਾਰ ਦੀ ਆਬਕਾਰੀ ਨੀਤੀ ਤੇ ਸਵਾਲ ਉਠਾਦਿਆ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਵੋਟਾਂ ਲੈਣ ਤੋਂ ਪਹਿਲਾਂ ਰੋਜਗਾਰ ਦੇਣ ਅਤੇ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਵਾਅਦੇ ਕੀਤੇ ਤੇ ਗਰੰਟੀਆਂ ਦਿੱਤੀਆਂ ਸੀ ਜਿਸ ਤੇ ਭਰੋਸਾ ਜਤਾਉਂਦਿਆ ਲੱਖਾਂ ਪਰਿਵਾਰਾਂ ਨੇ ਪੰਜਾਬ ਵਿੱਚ ਆਪ ਦੀ ਸਰਕਾਰ ਬਣਾਈ ਸੀ ਪਰ ਆਪ ਦੀ ਸਰਕਾਰ ਆਪਣੇ ਵਾਅਦੇ ਤੇ ਗਰੰਟੀਆਂ ਨੂੰ ਭੁਲਾਕੇ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਨਵੇਂ ਸ਼ਰਾਬ ਦੇ ਠੇਕੇ ਖੋਲਣ ਤੇ ਜੋਰ ਲਗਾ ਰਹੀ ਹੈ। ਜਿਨ੍ਹਾਂ ਦਾ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਸ਼ਰਾਬ ਕਾਰਨ ਰੋਜ਼ਾਨਾ ਪਰਿਵਾਰਾਂ ਵਿੱਚ ਲੜਾਈ ਝਗੜੇ ਕੁੱਟ ਮਾਰ ਹੋ ਰਹੀ ਹੈ। ਇਸ ਕਾਰਨ ਅਨੇਕਾਂ ਪਰਿਵਾਰ ਖੂਨ ਦੇ ਹੰਝੂ ਰੋਣ ਲਈ ਮਜਬੂਰ ਹਨ। ਉਹਨਾਂ ਕਿਹਾ ਕਿ ਵਧੇਰੇ ਗਿਣਤੀ ਵਿੱਚ ਨਸ਼ਿਆਂ ਦੀ ਸ਼ੁਰੂਆਤ ਸ਼ਰਾਬ ਤੋਂ ਹੀ ਹੁੰਦੀ ਹੈ। ਜਿਸ ਤੋਂ ਬਾਅਦ ਨੌਜਵਾਨ ਦੂਜਿਆਂ ਨਸ਼ਿਆਂ ਵੱਲ ਪੈ ਜਾਂਦੇ ਹਨ ਤੇ ਬਰਬਾਦੀ ਕਿਨਾਰੇ ਲਗ ਜਾਂਦੇ ਹਨ ਇਸ ਲਈ ਸਰਕਾਰ ਨੂੰ ਸ਼ਰਾਬ ਦੀ ਖਪਤ ਘਟਾਉਣ ਵਾਲੀ ਦਿਸ਼ਾ ਵਲ ਕੰਮ ਕਰਨਾ ਚਾਹੀਦਾ ਹੈ ਨਾ ਕਿ ਨਵੇਂ ਸ਼ਰਾਬ ਦੇ ਠੇਕੇ ਖੋਲਕੇ ਲੋਕਾਂ ਨੂੰ ਨਸ਼ਿਆਂ ਵੱਲ ਧੱਕਿਆ ਜਾਵੇ।
ਸਕੂਲ, ਕਾਲਜਾਂ, ਹਸਪਤਾਲਾਂ ਅਤੇ ਧਾਰਮਿਕ ਸਥਾਨਾਂ ਦੇ ਨੇੜੇ ਸ਼ਰਾਬ ਦੇ ਠੇਕੇ ਖੋਲਣਾ ਬੇਹੱਦ ਸ਼ਰਮਨਾਕ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਸ਼ਰਾਬ ਨੂੰ ਸ਼ਾਇਦ ਨਸ਼ਾ ਨਹੀਂ ਸਕਝਦੀ ਜਦੋਂ ਕਿ ਲੱਖਾਂ ਪਰਿਵਾਰ ਸ਼ਰਾਬ ਨਾਲ ਬਰਬਾਦ ਹੋਏ ਹਨ ਤੇ ਅਨੇਕਾਂ ਲੋਕਾਂ ਦੀਆਂ ਜਮੀਨਾਂ ਨਸ਼ਿਆਂ ਕਾਰਨ ਵਿੱਕੀਆਂ ਹਨ ਅਤੇ ਘਰਾਂ ਦੇ ਘਰ ਤਬਾਹ ਹੋ ਗਏ ਹਨ। ਸ਼ਰਾਬ ਨੀਤੀ ਨੂੰ ਗੈਰ ਸਮਾਜ ਹਿੱਤ ਮੰਨਦਿਆਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਹੋਰਨਾ ਨਸ਼ਿਆਂ ਵਾਂਗ ਸ਼ਰਾਬ ਦੇ ਨਸ਼ੇ ਨੂੰ ਵੀ ਸਮਾਜ ਨੂੰ ਖੋਰਾ ਲਗਾਉਣ ਵਾਲਾ ਨਸ਼ਾ ਦੱਸਦਿਆ ਕਿਹਾ ਕਿ ਪਹਿਲਾਂ ਹੀ ਨਸ਼ਿਆਂ ਕਾਰਨ ਬਹੁ ਗਿਣਤੀ ਵਿੱਚ ਪਰਿਵਾਰ ਆਪਣੀਆਂ ਅੋਲਾਦਾਂ ਕਾਰਨ ਅੰਤਾਂ ਦੇ ਦੁੱਖ ਝੇਲਦੇ ਆ ਰਹੇ ਹਨ ਬਾਵਜੂਦ ਇਸ ਦੇ ਸਰਕਾਰ ਵਲੋਂ ਪੰਜਾਬ ਵਿੱਚ ਨਵੇਂ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਿੱਚ ਵਾਧਾ ਕਰਨਾ ਬੇਹੱਦ ਨਿੰਦਣਯੋਗ ਤੇ ਘੋਰ ਨਿਖੇਧੀ ਯੋਗ ਹੈ। ਜਦੋਂ ਕਿ ਨਸ਼ਿਆਂ ਦਾ ਦੈਂਤ ਪੰਜਾਬ ਵਿੱਚ ਰੁਕਣ ਦਾ ਨਾਂ ਨਹੀਂ ਲੈ ਰਿਹਾ। ਨਿੰਤ ਦਿਨ ਨੌਜਵਾਨਾਂ ਦੀਆਂ ਜਿੰਦਗੀਆਂ ਨੂੰ ਨਿਗਲਦਾ ਹੀ ਜਾ ਰਿਹਾ ਹੈ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਸ਼ਰਾਬ ਨੀਤੀ ਨੂੰ ਲੈ ਕੇ ਮਾਨਯੋਗ ਰਾਜਪਾਲ (ਗਵਰਨਰ) ਪੰਜਾਬ ਨੂੰ ਜਲਦ ਮਿਲਣਗੇ। ਇਸ ਮੌਕੇ ਰਾਮ ਪਾਲ ਸਿੰਘ, ਹੁਕਮ ਸਿੰਘ, ਜਰਨੈਲ ਸਿੰਘ, ਜੋਰਾ ਸਿੰਘ, ਨਰਿੰਦਰ ਪਾਲ ਸਿੰਘ, ਸੁਖਦੇਵ ਸਿੰਘ, ਗੁਰਵਿੰਦਰ ਸਿੰਘ, ਮਾਨ ਸਿੰਘ, ਧਰਮ ਪਾਲ, ਸੰਤ ਪਾਲ ਸਿੰਘ, ਚਰਨਜੀਤ ਸਿੰਘ, ਮਹਿੰਦਰ ਸਿੰਘ, ਵਿਨੋਦ ਕੁਮਾਰ, ਜਗਤਾਰ ਸਿੰਘ, ਸਰਵਨ ਕੁਮਾਰ, ਵਿਜੇ ਕੁਮਾਰ, ਮਲਕੀਤ ਸਿੰਘ, ਸੁੱਖਚੈਨ ਸਿੰਘ, ਬਲਵਿੰਦਰ ਸਿੰਘ, ਸਦੀਪ ਸਿੰਘ, ਜਸਵੰਤ ਸਿੰਘ ਆਦਿ ਹਾਜਰ ਸਨ।

