2021-22 ਲਈ ਪਲੇਸਮੈਂਟ ਪ੍ਰਕਿਰਿਆ ਸ਼ਾਨਦਾਰ ਢੰਗ ਨਾਲ ਨੇਪਰੇ ਚੜ੍ਹੀ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਾਲ 2021-22 ਲਈ ਪਲੇਸਮੈਂਟ ਪ੍ਰਕਿਰਿਆ ਸ਼ਾਨਦਾਰ ਢੰਗ ਨਾਲ ਨੇਪਰੇ ਚੜ੍ਹੀ ਹੈ ਜਿਸ ਵਿੱਚ ਚੋਟੀ ਦੀਆਂ 65 ਬਹੁ-ਰਾਸ਼ਟਰੀ ਕੰਪਨੀਆਂ ਵੱਲੋਂ ਇੱਥੇ ਕੋਰਸ ਕਰਦੇ ਵਿਦਿਆਰਥੀਆਂ ਨੂੰ ਸੰਬੰਧਤ ਕੋਰਸ ਦੇ ਦੌਰਾਨ ਹੀ ਵਿਦਿਆਰਥੀਆਂ ਦੀ ਯੋਗਤਾ ਅਨੁਸਾਰ ਰੁਜ਼ਗਾਰ ਦੇਣ ਹਿਤ ਪਲੇਸਮੈਂਟ ਡਰਾਈਵ ਲਈ ਕੈਂਪਸ ਦਾ ਦੌਰਾ ਕੀਤਾ ਗਿਆ। ਵਰਣਨਯੋਗ ਹੈ ਕਿ ਦੁਨੀਆ ਦੀਆਂ ਚਾਰ ਸਰਵੋਤਮ ਮਲਟੀਨੈਸ਼ਨਲ ਫਰਮਾਂ ਵਿੱਚੋਂ ਇੱਕ ਕੇ.ਪੀ.ਐਮ.ਜੀ. ਨੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਦਿਲਚਸਪੀ ਦਿਖਾਉਂਦਿਆਂ 5.8 ਲੱਖ ਰੁਪਏ ਤੋਂ 6.3 ਲੱਖ ਰੁਪਏ ਤੱਕ ਦੇ ਸਾਲਾਨਾ ਪੈਕੇਜ ਦੇ ਨਾਲ 10 ਵਿਦਿਆਰਥੀਆਂ ਦੀ ਚੋਣ ਕੀਤੀ ਹੈ। ਇਸੇ ਤਰ੍ਹਾਂ ਜ਼ੈਨੋਸਟੈਕ ਕੰਪਨੀ ਵੱਲੋਂ ਸਰਗਰਮੀ ਨਾਲ ਇਸ ਡਰਾਈਵ ਦਾ ਹਿੱਸਾ ਬਣਦੇ ਹੋਏ 6.5 ਲੱਖ ਰੁਪਏ ਦੇ ਸਾਲਾਨਾ ਪੈਕੇਜ ਨਾਲ 10 ਵਿਦਿਆਰਥੀਆਂ ਨੂੰ ਚੁਣਿਆ ਹੈ। ਪਲੈਨੇਟ ਸਪਾਰਕ ਵੱਲੋਂ 6.40 ਲੱਖ ਰੁਪਏ ਦੇ ਸ਼ਾਨਦਾਰ ਸਾਲਾਨਾ ਪੈਕੇਜ ਵਾਲੇ ਦੋ ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ। ਕਈ ਹੋਰ ਵਿਦਿਆਰਥੀਆਂ ਨੂੰ 5 ਲੱਖ ਰੁਪਏ ਤੋਂ ਵੱਧ ਦੇ ਸਲਾਨਾ ਪੈਕੇਜ ਦੇ ਨਾਲ ਹੋਰਨਾਂ ਕੰਪਨੀਆਂ ਵਿੱਚ ਆਪਣੀ ਯੋਗਤਾ ਨੂੰ ਸਾਬਤ ਕਰਨ ਦਾ ਮੌਕਾ ਮਿਲਿਆ ਜਿਨ੍ਹਾਂ ਵਿੱਚ ਬੱਗਜ਼ ਮਿਰਰ, ਰਿਤਵਿਕ ਸੌਫਟਵੇਅਰ, ਇੰਪੈਟਸ ਟੈੱਕ ਆਦਿ ਕੰਪਨੀਆਂ ਦਾ ਨਾਮ ਵਿਸ਼ੇਸ਼ ਤੌਰ ਉੱਤੇ ਸ਼ਾਮਲ ਹੈ।
ਇਸ ਪੱਖੋਂ ਚੰਗੀ ਗੱਲ ਇਹ ਵੀ ਰਹੀ ਕਿ ਯੂਨੀਵਰਸਿਟੀ ਨੇ ਬੀ.ਟੈਕ. ਅਤੇ ਐਮ.ਬੀ.ਏ. ਦੇ ਵਿਦਿਆਰਥੀਆਂ ਲਈ ਰਿਕਾਰਡ ਗਿਣਤੀ ਦੀ ਪਲੇਸਮੈਂਟ ਕਰਵਾ ਕੇ ਉੱਚ ਪੱਧਰ ਉੱਤੇ ਪਹੁੰਚਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਯੂਨੀਵਰਸਿਟੀ ਦੇ ਪਲੇਸਮੈਂਟ ਸੈੱਲ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਪ੍ਰੋ. ਮਨਜੀਤ ਸਿੰਘ ਦੀ ਅਗਵਾਈ ਵਾਲੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਨਵੇਂ ਸਫ਼ਰ ਲਈ ਆਸ਼ੀਰਵਾਦ ਦਿੱਤਾ ਗਿਆ।ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਇਸ ਪੱਖੋਂ ਹੋਰ ਵੀ ਖੁਸ਼ੀ ਵਾਲੀ ਹੈ ਕਿ ਕੋਵਿਡ ਮਹਾਂਮਾਰੀ ਦੇ ਪ੍ਰਭਾਵ ਵਜੋਂ ਜਦੋਂ ਸੰਸਾਰ ਪੱਧਰ ਉੱਤੇ ਹੀ ਰੁਜ਼ਗਾਰ ਪ੍ਰਾਪਤੀ ਦੇ ਮਸਲੇ ਹੋਰ ਵਧੇਰੇ ਚੁਣੌਤੀ ਭਰੇ ਬਣ ਗਏ ਹਨ ਤਾਂ ਅਜਿਹੇ ਮੁਸ਼ਕਲ ਸਮੇਂ ਦੇ ਬਾਵਜੂਦ ਪੰਜਾਬੀ ਯੂਨੀਵਰਸਿਟੀ ਆਪਣੇ ਵਿਦਿਆਰਥੀਆਂ ਲਈ ਰਿਕਾਰਡ ਪਲੇਸਮੈਂਟ ਪ੍ਰਾਪਤ ਕਰਨ ਵਿੱਚ ਸਫਲ ਰਹੀ ਹੈ।
ਉਦਯੋਗ ਅਤੇ ਅਕਾਦਮਿਕ ਖੇਤਰ ਦੇ ਆਪਸੀ ਸੰਬੰਧਾਂ ਦੇ ਪ੍ਰਸੰਗ ਵਿੱਚ ਆਧੁਨਿਕ ਦੌਰ ਵਿੱਚ ਉੱਭਰ ਰਹੀਆਂ ਨਵੀਆਂ ਸਮੀਕਰਨਾਂ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਹੋਇਆਂ ਪਲੇਸਮੈਂਟ ਸੈੱਲ ਦੇ ਡਾਇਰੈਕਟਰ ਪ੍ਰੋ. ਮਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਆਗਾਮੀ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਇਸ ਦੌਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੇ ਢੁਕਵੇਂ ਹੱਲ ਲਈ ਯੋਗ ਪਹੁੰਚਾਂ ਨਾਲ ਲੈਸ ਕਰਨ ਹਿਤ ਕੀਤੇ ਜਾ ਰਹੇ ਵੱਖ-ਵੱਖ ਯਤਨਾਂ ਬਾਰੇ ਜਾਣਕਾਰੀ ਦਿੱਤੀ ਗਈ।ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਪਲੇਸਮੈਂਟ ਸੈੱਲ ਵੱਲੋਂ ਵੱਖ-ਵੱਖ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਇੱਕ ਪਾਸੇ ਪਲੇਸਮੈਂਟ ਲਈ ਮੌਕੇ ਉਸਾਰੇ ਜਾਣ ਹਿਤ ਸੰਸਾਰ ਪੱਧਰ ਦੀਆਂ ਕੰਪਨੀਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਉੱਥੇ ਹੀ ਦੂਜੇ ਪਾਸੇ ਵਿਦਿਆਰਥੀਆਂ ਨੂੰ ਵੱਖ-ਵੱਖ ਸਮਰਥਾ ਨਿਰਮਾਣ ਪ੍ਰੋਗਰਾਮਾਂ ਆਦਿ ਦੇ ਜ਼ਰੀਏ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਕਿ ਉਹ ਆਪਣੇ ਗਿਆਨ ਅਤੇ ਹੁਨਰ ਬਾਰੇ ਬਿਹਤਰ ਢੰਗ ਨਾਲ ਪੇਸ਼ਕਾਰੀ ਦੇ ਸਕਣ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੱਖ-ਵੱਖ ਸਮੇਂ ਉੱਤੇ ਕਈ ਪਲੇਸਮੈਂਟ ਡਰਾਈਵਜ਼ ਦਾ ਆਯੋਜਨ ਕੀਤਾ ਗਿਆ ਸੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਿਦਿਆਰਥੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀਆਂ ਕੰਪਨੀਆਂ ਦੇ ਸਾਹਮਣੇ ਆਪਣੇ ਹੁਨਰ ਅਤੇ ਗਿਆਨ ਦਾ ਪ੍ਰਦਰਸ਼ਨ ਕਰਨ ਲਈ ਲੋੜੀਂਦੇ ਮੌਕੇ ਮਿਲੇ।
ਪਲੇਸਮੈਂਟ ਲਈ ਆਉਣ ਵਾਲੀਆਂ ਪ੍ਰਮੁੱਖ ਫਰਮਾਂ ਵਿੱਚ ਕੇ.ਪੀ.ਐੱਮ.ਜੀ.,ਇਨਫ਼ੋਸਿਸ, ਟੀ.ਸੀ.ਐੱਸ., ਨਿਊਜੈਨ, ਨਾਗਾਰੋ, ਇੰਡੀਆ ਮਾਰਟ ਮਾਸ਼ ਪ੍ਰਾਈਵੇਟ ਲਿਮਿਟੇਡ, ਵਿਪਰੋ, ਬੇਬੋ ਟੈਕਨਾਲੋਜੀ, ਟੈਸਟਿੰਗ ਇਕਸਪਰਟ, ਡਿਜੀਟਲ ਟਰੱਸਟ ਐਂਡ ਐਨਾਲੈਟਿਕਸ, ਐਮਰਸਨ, ਨੈੱਟ ਸੋਲਿਊਸ਼ਨ, ਬਲੂਬੈਸ਼ ਕੰਸਲਟਿੰਗ ਪ੍ਰਾਈਵੇਟ ਲਿਮਟਿਡ ਆਦਿ ਸ਼ਾਮਿਲ ਸਨ। ਇਨ੍ਹਾਂ ਕੰਪਨੀਆਂ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਚੋਣ ਕਰਦਿਆਂ ਉਨ੍ਹਾਂ ਨੂੰ ਸਿਸਟਮ ਐਨਾਲਿਸਟ, ਸਿਸਟਮ ਇੰਜੀਨੀਅਰ, ਪ੍ਰੋਡਕਟ ਇੰਜੀਨੀਅਰ, ਐਨਾਲਾਗ/ਡਿਜੀਟਲ ਇੰਜੀਨੀਅਰ, ਸਾਫਟਵੇਅਰ ਡਿਵੈਲਪਰ, ਇੰਜੀਨੀਅਰ ਟਰੇਨੀ ਆਦਿ ਵਰਗੇ ਵੱਖ-ਵੱਖ ਪ੍ਰੋਫਾਈਲਾਂ ਲਈ ਨੌਕਰੀ ਦੀਆਂ ਪੇਸ਼ਕਸ਼ਾਂ ਕੀਤੀਆਂ ਹਨ। ਕੁੱਲ ਮਿਲਾ ਕੇ, ਯੂਨੀਵਰਸਿਟੀ ਨੇ ਸ਼ਾਨਦਾਰ ਸਫਲਤਾ ਨਾਲ ਪਲੇਸਮੈਂਟ ਪ੍ਰਕਿਰਿਆ ਨੂੰ ਪੂਰਾ ਕੀਤਾ ਹੈ ਅਤੇ ਆਉਣ ਵਾਲੇ ਸਾਲ ਇਸ ਤੋਂ ਵੀ ਬਿਹਤਰ ਦੀ ਉਮੀਦ ਨਾਲ ਰਣਨੀਤੀ ਬਣਾਈ ਜਾ ਰਹੀ ਹੈ।

