ਪਟਿਆਲਾ

ਸੜਕਾਂ ‘ਤੇ ਆਵਾਜਾਈ ਨੇਮਾਂ ਦੀ ਪਾਲਣਾ ਲਈ ਪਟਿਆਲਾ ‘ਚ ਬਣਨਗੇ ਜ਼ੀਰੋ ਟਾਲਰੈਂਸ ਜ਼ੋਨ-ਸਾਕਸ਼ੀ ਸਾਹਨੀ

ਇੱਕ ਮਹੀਨੇ ਬਾਅਦ ਸਰਪ੍ਰਾਈਜ਼ ਜ਼ੀਰੋ ਟਾਲਰੈਂਸ ਜ਼ੋਨਾਂ ‘ਚ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਜਾਣਗੇ ਚਲਾਨ-ਡੀ.ਸੀ.

ਡੀ.ਸੀ. ਵੱਲੋਂ ਸੁਚਾਰੂ ਆਵਾਜਾਈ ਲਈ ਜ਼ਿਲ੍ਹਾ ਨਿਵਾਸੀਆਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ

ਡਿਪਟੀ ਕਮਿਸ਼ਨਰ ਵੱਲੋਂ ਸੜਕ ਸੁਰੱਖਿਆ ਸਬੰਧੀਂ ਸਲਾਹਕਾਰ ਕਮੇਟੀ ਦੀ ਮੀਟਿੰਗ

ਪਟਿਆਲਾ, 19 ਜੁਲਾਈ : (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸੜਕਾਂ ‘ਤੇ ਆਵਾਜਾਈ ਨੇਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਪਟਿਆਲਾ ਸ਼ਹਿਰ ਅੰਦਰਲੀਆਂ ਵੱਖ-ਵੱਖ ਸੜਕਾਂ ‘ਤੇ ਜ਼ੀਰੋ ਟਾਲਰੈਂਸ ਜ਼ੋਨ ਬਣਾਉਣ ਦੇ ਆਦੇਸ਼ ਦਿੱਤੇ ਹਨ, ਜਿੱਥੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਣਗੇ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੜ੍ਹਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਕਸ਼ੀ ਸਾਹਨੀ ਨੇ ਦੱਸਿਆ ਕਿ 21 ਜੁਲਾਈ ਨੂੰ ਲੀਲਾ ਭਵਨ ਤੋਂ 22 ਨੰਬਰ ਫਾਟਕ ਪੁਲ ਤੱਕ ਜ਼ੀਰੋ ਟਾਲਰੈਂਸ ਜ਼ੋਨ ਬਣੇਗਾ। ਇਸ ਤੋਂ ਬਾਅਦ ਇੱਕ ਮਹੀਨੇ ਲਈ ਸ਼ਹਿਰ ਦੀ ਹਰੇਕ ਸੜਕ ‘ਤੇ ਇਹ ਜ਼ੋਨ ਬਣਨਗੇ, ਜਿੱਥੇ ਓਵਰ ਸਪੀਡ, ਸੀਟ ਬੈਲਟ, ਹੈਲਮੈਟ, ਰੈਡ ਲਾਈਟ ਜੰਪ, ਗ਼ਲਤ ਪਾਰਕਿੰਗ, ਹਾਈ ਬੀਮ ਲਾਇਟਾਂ ਆਦਿ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਣਗੇ। ਮੀਟਿੰਗ ‘ਚ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੌਤਮ ਜੈਨ ਵੀ ਮੌਜੂਦ ਸਨ।


ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇੱਕ ਮਹੀਨੇ ਬਾਅਦ ਜ਼ੀਰੋ ਟਾਲਰੈਂਸ ਜ਼ੋਨ ਅਚਨਚੇਤ ਹੀ ਕਿਸੇ ਵੀ ਸੜਕ ‘ਤੇ ਬਨਣਗੇ ਅਤੇ ਇਨ੍ਹਾਂ ਥਾਵਾਂ ‘ਤੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਣਗੇ। ਉਨ੍ਹਾਂ ਨੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਨਮਨ ਮੜਕਨ, ਸਕੱਤਰ, ਰੀਜ਼ਨਲ ਟਰਾਂਸਪੋਰਟ ਅਥਾਰਟੀ ਬਬਨਦੀਪ ਸਿੰਘ ਵਾਲੀਆ ਅਤੇ ਡੀ.ਐਸ.ਪੀ. ਟ੍ਰੈਫਿਕ ਕਰਮਵੀਰ ਤੂਰ ਅਤੇ ਰੋਡ ਸੇਫਟੀ ਇੰਜੀਨੀਅਰ ਸ਼ਵਿੰਦਰ ਬਰਾੜ ਨੂੰ ਕਿਹਾ ਕਿ ਉਹ ਜੀਰੋ ਟਾਲਰੈਂਸ ਜ਼ੋਨ ਬਣਾਉਣ ਸਬੰਧੀ ਕਾਰਵਾਈ ਕਰਨ ਤਾਂ ਕਿ ਸੜਕਾਂ ਨੂੰ ਹਾਦਸਾ ਰਹਿਤ ਬਣਾਇਆ ਜਾ ਸਕੇ। ਸਾਕਸ਼ੀ ਸਾਹਨੀ ਨੇ ਪਟਿਆਲਾ ਜ਼ਿਲ੍ਹੇ ‘ਚ ਸੜਕਾਂ ‘ਤੇ, ਜਿੱਥੇ ਵਧੇਰੇ ਹਾਦਸੇ ਹੁੰਦੇ ਹਨ, ਉਹ ਬਲੈਕ ਸਪਾਟ ਥਾਵਾਂ ਪਛਾਣ ਕੇ ਇੱਥੇ ਸੜਕਾਂ ‘ਤੇ ਪੀਲੀਆਂ ਪੱਟੀਆਂ ਲਗਾਉਣ ਦੇ ਨਿਰਦੇਸ਼ ਦਿੱਤੇ ਤਾਂ ਕਿ ਕੀਮਤੀ ਜਾਨਾਂ ਅਜਾਂਈ ਨਾ ਜਾਣ। ਉਨ੍ਹਾਂ ਨੇ ਸ਼ਹਿਰ ‘ਚ ਟ੍ਰੈਫਿਕ ਮਾਰਸ਼ਲਾਂ ਦੀਆਂ ਸੇਵਾਵਾਂ ਲੈਣ ‘ਤੇ ਵੀ ਜ਼ੋਰ ਦਿੱਤਾ।

Leave a Reply

Your email address will not be published. Required fields are marked *