ਅੰਮ੍ਰਿਤਸਰਪੰਜਾਬ

ਦਮਦਮੀ ਟਕਸਾਲ ਦੇ ਸਥਾਪਨਾ ਦਿਵਸ ਸੰਬੰਧੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਛੇ ਰੋਜ਼ਾ ਸਮਾਗਮ ਅੱਜ ਤੋਂ।

ਧਾਰਮਿਕ ਸਮਾਗਮ ਪੂਰੀ ਸ਼ਰਧਾ ਤੇ ਖ਼ਾਲਸਾਈ ਜਾਹੋ ਜਲਾਲ ਨਾਲ ਮਨਾਇਆ ਜਾਵੇਗਾ: ਸੰਤ ਗਿਆਨੀ ਹਰਨਾਮ ਸਿੰਘ ਖਾਲਸਾ।

ਮਹਿਤਾ ਚੌਕ 31 ਜੁਲਾਈ (ਮਧੂਸਾਰ ਬਿਊਰੋ) ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ’ਚ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ (ਬਠਿੰਡਾ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਅਤੇ ਦਮਦਮੀ ਟਕਸਾਲ ਦੇ 316ਵਾਂ ਸਥਾਪਨਾ ਦਿਵਸ ਨੂੰ ਸਮਰਪਿਤ ਛੇ ਰੋਜ਼ਾ ਗੁਰਮਤਿ ਸਮਾਗਮ 1 ਅਗਸਤ, ਦਿਨ ਸੋਮਵਾਰ ਤੋਂ 7 ਅਗਸਤ 2022 ਦਿਨ ਐਤਵਾਰ ਤੱਕ ਕਰਵਾਏ ਜਾ ਰਹੇ ਹਨ।
ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਕਿਹਾ ਕਿ ਧਾਰਮਿਕ ਸਮਾਗਮ ਪੂਰੀ ਸ਼ਰਧਾ ਤੇ ਖ਼ਾਲਸਾਈ ਜਾਹੋ ਜਲਾਲ ਨਾਲ ਮਨਾਇਆ ਜਾਵੇਗਾ। ਜਿਸ ਵਿਚ ਸਮਾਗਮ ਦੇ ਆਖ਼ਰੀ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਗਿਆਨੀ ਭਾਈ ਜਗਤਾਰ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ, ਸੰਤ ਬਾਬਾ ਕਸ਼ਮੀਰ ਸਿੰਘ ਜੀ, ਸੰਤ ਬਾਬਾ ਕਾਕਾ ਸਿੰਘ ਜੀ ਮੁੱਖ ਸੇਵਾਦਾਰ ਬੁੰਗਾ ਮਸਤੂਆਣਾ ਤਲਵੰਡੀ ਸਾਬੋ , ਸ. ਰਣਜੀਤ ਸਿੰਘ ਮੈਨੇਜਰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਇਲਾਵਾ ਅਹਿਮ ਧਾਰਮਿਕ ਮਹਾਂਪੁਰਸ਼ ਆਪਣੇ ਵਿਚਾਰ ਰੱਖਣਗੇ।

ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਦੀ ਸਥਾਪਨਾ 1706 ਈਸਵੀ ਵਿਚ ਕਲਗ਼ੀਧਰ ਦਸਮੇਸ਼ ਪਿਤਾ ਨੇ ਕੀਤੀ । ਇਸ ਤੋਂ ਪਹਿਲਾਂ ਦਸਮ ਪਿਤਾ ਵੱਲੋਂ ਦਮਦਮਾ ਸਾਹਿਬ ਦੀ ਧਰਤੀ ਤੇ ਭਾਈ ਮਨੀ ਸਿੰਘ ਨੂੰ ਲਿਖਾਰੀ ਥਾਪ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਵਾਈ ਗਈ। ਉਸੇ ਸਮੇਂ ਹੀ ਦਮਦਮੀ ਟਕਸਾਲ ਦੀ ਸਥਾਪਨਾ ਕਰਦਿਆਂ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਪਹਿਲਾਂ ਮੁਖੀ ਥਾਪਿਆ । ਹਕੂਮਤ ਵੱਲੋਂ ਸਭ ਤੋਂ ਮਾਰੂ ਤੇ ਵੱਡੇ ਹਮਲੇ ਇਸ ਜਥੇਬੰਦੀ ਦੇ ਮੁਖੀਆਂ ਤੇ ਸੰਸਥਾ ’ਤੇ ਕੀਤਾ ਗਿਆ। ਪਰ ਦਸਮ ਪਿਤਾ ਨੇ ਜੋ ਕਲਮ ਤੇ ਸ੍ਰੀ ਸਾਹਿਬ ਫੜਾਈ ਹੈ ਦਮਦਮੀ ਟਕਸਾਲ ਵੱਲੋਂ ਉਨ੍ਹਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਟਕਸਾਲ ਵੱਲੋਂ ਸਥਾਪਨਾ ਤੋਂ ਲੈ ਕੇ ਮੌਜੂਦਾ ਸਮੇਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾ ਰਹੇ ਯਤਨਾਂ ’ਤੇ ਰੌਸ਼ਨੀ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਟਕਸਾਲ ਦੇ ਸਿੰਘਾਂ ਨੇ ਆਪਣਾ ਜੀਵਨ ਗੁਰਬਾਣੀ ਮੁਤਾਬਿਕ ਢਾਲਿਆ। ਦਮਦਮੀ ਟਕਸਾਲ ਵੱਲੋਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਅਨੇਕਾਂ ਯਤਨ ਕਰਨ ਤੋਂ ਇਲਾਵਾ ਸਿੱਖੀ ‘ਤੇ ਹੁੰਦੇ ਹਮਲਿਆਂ ਨੂੰ ਰੋਕਣ ਲਈ ਵੀ ਹਮੇਸ਼ਾਂ ਪਹਿਲ ਦਿੱਤੀ ਜਾਂਦੀ ਰਹੀ। ਉਨ੍ਹਾਂ ਦਮਦਮੀ ਟਕਸਾਲ ਵੱਲੋਂ ਪੰਥ ਅਤੇ ਪੰਜਾਬ ਦੇ ਹੱਕਾਂ ਹਿਤਾਂ ਲਈ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਟਕਸਾਲ ਨੇ ਜਿੱਥੇ ਕੌਮ ਨੂੰ ਵਿਦਵਾਨ ਦਿੱਤੇ ਉੱਥੇ ਸ਼ਹੀਦ ਵੀ ਦਿੱਤੇ, ਭਵਿੱਖ ਦੌਰਾਨ ਵੀ ਕੌਮੀ ਹਿਤਾਂ ਦੀ ਰਾਖੀ ਲਈ ਕੁਰਬਾਨੀ ਕਰਨ ਤੋਂ ਸੰਕੋਚ ਨਾਹੀ ਕੀਤਾ ਜਾਵੇਗਾ । ਉਨ੍ਹਾਂ ਸੰਗਤਾਂ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ। ਜਥੇਦਾਰ ਸੁਖਦੇਵ ਸਿੰਘ ਦਮਦਮੀ ਟਕਸਾਲ ਸ੍ਰੀ ਅਨੰਦਪੁਰ ਸਾਹਿਬ ਅਨੁਸਾਰ 5,6,7 ਅਗਸਤ ਨੂੰ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਅਤੇ ਗਿਆਨੀ ਜੀਵਾ ਸਿੰਘ ਜੀ ਸਵੇਰੇ 6:15 ਵਜੇ ਤੋਂ 7:00 ਵਜੇ ਤੱਕ ਅਤੇ ਸ਼ਾਮ ਨੂੰ 5:30 ਵਜੇ ਤੋਂ 6:15 ਤੱਕ ਕਥਾ ਕਰਨਗੇ।

Leave a Reply

Your email address will not be published. Required fields are marked *