ਪਟਿਆਲਾ

ਵਿਧਾਇਕ ਕੋਹਲੀ ਤੇ ਡਿਪਟੀ ਕਮਿਸ਼ਨਰ ਡਾਇਰੀਆ ਪ੍ਰਭਾਵਤ ਕਲੋਨੀ ਦਾ ਦੌਰਾ

ਮ੍ਰਿਤਕ 2 ਬੱਚਿਆਂ ਦੇ ਪਰਿਵਾਰਾਂ ਨੂੰ 50-50 ਹਜਾਰ ਰੁਪਏ ਵਿੱਤੀ ਸਹਾਇਤਾ ਦੇ ਚੈਕ ਸੌਂਪੇ

ਪੰਜਾਬ ਸਰਕਾਰ ਤੇ ਪ੍ਰਸ਼ਾਸਨ 24 ਘੰਟੇ ਹਰ ਪੀੜਤ ਪਰਿਵਾਰ ਦੇ ਨਾਲ ਖੜ੍ਹਾ-ਅਜੀਤਪਾਲ ਕੋਹਲੀ

ਪਟਿਆਲਾ, 8 ਅਗਸਤ: (ਰਮਨਦੀਪ/ਮਧੂਸਾਰ ਬਿਊਰੋ) ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਇੱਥੇ ਡਾਇਰੀਆ ਪ੍ਰਭਾਵਤ ਮਹਿੰਦਰਾ ਕਲੋਨੀ ਦਾ ਦੌਰਾ ਕਰਕੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕਰਕੇ ਅਸਲ ਸਥਿਤੀ ਦਾ ਮੁਆਇਨਾ ਕੀਤਾ। ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉਪਲ ਤੇ ਸੰਯੁਕਤ ਕਮਿਸ਼ਨਰ ਨਮਨ ਮੜਕਨ ਸਮੇਤ ਸਿਵਲ ਸਰਜਨ ਡਾ. ਰਾਜੂ ਧੀਰ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਇਸ ਮੌਕੇ ਡਾਇਰੀਆ ਬਿਮਾਰੀ ਕਾਰਨ ਆਪਣੇ ਦੋ ਬੱਚਿਆਂ ਦੀ ਜਾਨ ਗੁਆਉਣ ਵਾਲੇ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਉਹ ਖ਼ੁਦ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ‘ਚ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ। ਵਿਧਾਇਕ ਕੋਹਲੀ ਅਤੇ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਪੀੜਤ ਪਰਿਵਾਰਾਂ ਨੂੰ ਪੰਜਾਬ ਸਰਕਾਰ ਤੇ ਰੈਡ ਕਰਾਸ ਸੋਸਾਇਟੀ ਵੱਲੋਂ 50-50 ਹਜਾਰ ਦੀ ਵਿਤੀ ਸਹਾਇਤਾ ਦੇ ਚੈਕ ਅਤੇ ਰਾਸ਼ਨ ਸਮੱਗਰੀ ਵੀ ਪ੍ਰਦਾਨ ਕੀਤੀ ਗਈ।

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਡਾਇਰੀਆ ਦੀ ਸਥਿਤੀ ਹੁਣ ਕਾਬੂ ਹੇਠ ਹੈ, ਕਿਉਂਕਿ ਪਿਛਲੇ ਕਰੀਬ 4 ਦਿਨਾ ਤੋਂ ਸਿਹਤ ਵਿਭਾਗ ਅਤੇ ਨਗਰ ਨਿਗਮ ਦੀਆਂ ਟੀਮਾਂ ਦਿਨ ਰਾਤ ਇੱਕ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਸ਼ਹਿਰ ਅਤੇ ਇੱਥੇ ਦੇ ਨਿਵਾਸੀਆਂ ਦੀ ਸੇਵਾ ‘ਚ ਦਿਨ ਰਾਤ ਹਾਜ਼ਰ ਹਨ, ਇਸ ਲਈ ਜੇਕਰ ਕਿਸੇ ਵੀ ਪੀੜਤ ਪ੍ਰਵਿਾਰ ਜਾਂ ਆਮ ਨਾਗਰਿਕਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ‘ਚ ਲੋਕਾਂ ਨੇ ਆਪਣੇ ਵਿਧਾਇਕ ਦੇ ਦਰਸ਼ਨ ਵੀ ਨਹੀਂ ਸਨ ਕਰ ਸਕਦੇ ਪਰੰਤੂ ਹੁਣ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਆਮ ਲੋਕਾਂ ਦੇ ਦੁੱਖ-ਸੁੱਖ ‘ਚ ਉਹ ਹਮੇਸ਼ਾ ਨਾਲ ਖੜ੍ਹੇ ਹਨ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵਿਧਾਇਕ ਨੂੰ ਭਰੋਸਾ ਦਿਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਸਮੇਤ ਹੋਰ ਸਬੰਧਤ ਵਿਭਾਗਾਂ ਵੱਲੋਂ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ ਜਾਵੇਗੀ ਅਤੇ ਡਾਇਰੀਏ ‘ਤੇ ਮਾਮਲੇ ‘ਤੇ ਕੋਈ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਜੋ ਵੀ ਮੁਲਾਜਮ ਜਾਂ ਅਧਿਕਾਰੀ ਜਿਸ ਡਿਉਟੀ ‘ਤੇ ਤਾਇਨਾਤ ਹੈ, ਉਹ ਆਪਣੀ ਡਿਉਟੀ ਦਾ ਪਾਬੰਦ ਰਹੇ ਅਤੇ ਆਮ ਲੋਕਾਂ ਦੀ ਸੇਵਾ ਕਰੇ ਤਾਂ ਅਸੀਂ ਆਮ ਲੋਕਾਂ ਨੂੰ ਅਜਿਹੀਆਂ ਬਿਮਾਰੀਆਂ ਤੋਂ ਨਿਜਾਤ ਦਿਵਾ ਸਕੀਏ।ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਮੀਤ ਸਿੰਘ, ਸਕੱਤਰ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਡਾ. ਪ੍ਰਿਤਪਾਲ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *