ਅੰਮ੍ਰਿਤਸਰਦੇਸ਼-ਵਿਦੇਸ਼ਪੰਜਾਬ

ਧਰਮ ਪਰਿਵਰਤਨ ਦੀ ਅਸਲ ਜੜ੍ਹ ਨੂੰ ਜਾਨਣ ਦੀ ਸਖ਼ਤ ਲੋੜ : ਬਾਬਾ ਬਲਬੀਰ ਸਿੰਘ 96 ਕਰੋੜੀ

ਅੰਮਿ੍ਰਤਸਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੱੁਢਾ ਦਲ ਪੰਜਵਾਂ ਤਖਤ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਧਰਮ ਪਰਿਵਰਤਨ ਇਕ ਬਹੁਤ ਹੀ ਸੰਵੇਦਨਸੀਲ ਮਸਲਾ ਹੈ। ਇਸ ਸੰਬੰਧ ਵਿੱਚ ਆ ਰਹੀਆਂ ਖਬਰਾਂ ਨੂੰ ਨਜਰ ਅੰਦਾਜ ਨਹੀਂ ਕਰਨਾ ਚਾਹੀਦਾ ਹੈ ਅਤੇ ਨਾ ਹੀ ਜਲਦਬਾਜੀ ਵਿਚ ਇਸ ਬਾਰੇ ਕੋਈ ਭੜਕਾਊ ਪ੍ਰਤੀਕਰਮ ਹੀ ਹੋਣਾ ਚਾਹੀਦਾ ਹੈ। ਸਗੋਂ, ਇਸ ਮਸਲੇ ਦੀ ਤਹਿ ਤਕ ਪੁੱਜਣ ਲਈ ਗੰਭੀਰ ਵਿਚਾਰ-ਵਟਾਂਦਰੇ ਦੀ ਜਰੂਰਤ ਹੈ। ਉਨ੍ਹਾਂ ਕਿਹਾ ਇਸ ਸਮੱਸਿਆ ਦੇ ਸਹੀ ਕਾਰਨਾਂ ਦੀ ਨਿਸਾਨਦੇਹੀ ਲਈ ਵਿਗਿਆਨਕ ਤਰੀਕੇ ਨਾਲ ਸਰਵੇਖਣ ਕਰਵਾਉਣਾ, ਪਹਿਲਾ ਕਦਮ ਹੋ ਸਕਦਾ ਹੈ। ਅੱਜ ਅੰਧ-ਵਿਸਵਾਸਾਂ ਕਾਰਨ ਮਾਨਸਿਕ ਰੋਗਾਂ ਵਿਚ ਜਕੜੀ ਗਰੀਬ ਜਨਤਾ ਦੀਆਂ ਸਮੱਸਿਆਵਾਂ ਬਹੁਤ ਹੀ ਵਿਕਰਾਲ ਰੂਪ ਧਾਰਨ ਕਰ ਚੁਕੀਆਂ ਹਨ। ਦਿਨੋ-ਦਿਨ ਵਧ ਰਹੀ ਮਹਿੰਗਾਈ ਦੇ ਦੌਰ ’ਚ ਆਰਥਕ ਮੰਦਹਾਲੀ ਕਾਰਨ ਮੁਢਲੀਆਂ ਲੋੜਾਂ ਦੀ ਪੂਰਤੀ ਅਸੰਭਵ ਹੁੰਦੀ ਜਾ ਰਹੀ ਹੈ।ਅਜਿਹੀ ਹਾਲਤ ਵਿਚ ਗਰੀਬ ਜਨਤਾ ਦੀ ਭਟਕਣਬਾਜੀ ਸਮਝ ਵਿਚ ਆਉਣੀ, ਕੋਈ ਮੁਸਕਲ ਗੁੰਝਲ ਨਹੀਂ। ਉਨ੍ਹਾਂ ਕਿਹਾ ਕੋਈ ਵੀ ਜਥੇਬੰਦੀ, ਸਭਾ, ਸੁਸਾਇਟੀ ਕਿਸੇ ਵੀ ਮਨਸੇ ਤਹਿਤ, ਦੁਖਦੀ ਰਗ ’ਤੇ ਹੱਥ ਰੱਖ ਕੇ ਉਨ੍ਹਾਂ ਨੂੰ ਸਹਿਜੇ ਹੀ ਫੁਸਲਾ ਸਕਦੀ ਹੈ।

ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਪ੍ਰੈਸ ਨੋਟ ਵਿੱਚ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਦਲਿਤ ਸਿੱਖਾਂ ਵੱਲੋਂ ਈਸਾਈ ਬਣਨ ਦੀਆਂ ਖਬਰਾਂ ਇਕ ਯੋਜਨਾ ਤਹਿਤ ਉਛਾਲੀਆਂ ਜਾ ਰਹੀਆਂ ਪ੍ਰਤੀਤ ਹੋ ਰਹੀਆਂ ਹਨ। ਪੰਜਾਬ ਵਿਚ ਈਸਾਈ ਪ੍ਰਚਾਰਕਾਂ ਦੀਆਂ ਸਰਗਰਮੀਆਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਲਗਾਤਾਰ ਚਲੀਆਂ ਆ ਰਹੀਆਂ ਹਨ। ਵੱਖ-ਵੱਖ ਈਸਾਈ ਮਿਸਨਾਂ ਵੱਲੋਂ ਪੰਜਾਬ ਵਿਚ ਅਨੇਕਾਂ ਸਕੂਲ, ਹਸਪਤਾਲ ਅਤੇ ਚਰਚ ਕਾਇਮ ਹੋ ਚੁਕੇ ਹਨ। ਗਰੀਬ ਬਸਤੀਆਂ ਵਿਚ ’ਸੇਵਾ’ ਦੇ ਨਾਂ ’ਤੇ ਛੋਟੇ ਛੋਟੇ ਪ੍ਰਾਜੈਕਟਾਂ ’ਤੇ ਵੀ ਕੰਮ ਹੋ ਰਿਹਾ ਹੈ। ਪੰਜਾਬ ਵਿੱਚ ਮਾਝੇ ਦੇ ਸਰਹੱਦੀ ਪਿੰਡਾਂ ਵਿਚ ਕਾਫੀ ਲੰਬੇ ਸਮੇਂ ਤੋਂ ਈਸਾਈ ਮਿਸਨਰੀਆਂ ਦੀਆਂ ਸਰਗਰਮੀਆਂ ਬਾਰੇ ਪੜ੍ਹਦੇ ਸੁਣਦੇ ਆ ਰਹੇ ਹਾਂ। ਇਸ ਬਾਰੇ ਕਦੇ-ਕਦਾਈਂ ਹਲਕੇ ਢੰਗ ਦੇ ਪ੍ਰਤੀਕਰਮ ਵੀ ਹੁੰਦੇ ਰਹੇ ਹਨ ਪਰ ਇਸ ਮਸਲੇ ਨੂੰ ਗੰਭੀਰ ਰੂਪ ’ਚ ਵਿਚਾਰਨ ਦੇ ਜਤਨਾਂ ਦਾ ਅਭਾਵ ਹੀ ਰਿਹਾ ਹੈ।ਜਿਸ ਕਾਰਨ ਅਸੀਂ ਪ੍ਰਭਾਵੀ ਧਰਮ ਪ੍ਰਚਾਰ ਤੋਂ ਅਵੇਸਲੇ ਰਹੇ ਹਾਂ। ਰਾਜਨੀਤਕਾਂ ਦੀਆਂ ਰਾਜਸੀ ਲੋੜਾਂ, ਇਸ ਪੱਖ ਤੋਂ ਮੂੰਹ ਮੋੜੀ ਖੜ੍ਹੀਆਂ ਰਹੀਆਂ ਹਨ।

ਉਨ੍ਹਾਂ ਹੋਰ ਕਿਹਾ ਸਮੱਸਿਆ ਦੇ ਬਾਹਰੀ ਦਿਸਦੇ ਪੱਖਾਂ ’ਤੇ ਪ੍ਰਤੀਕਰਮ ਦੀ ਬਜਾਏ, ਪਹਿਲਾਂ ਇਸ ਦੀ ਜੜ੍ਹ ਨੂੰ ਫਰੋਲਣਾ ਪਵੇਗਾ। ਬੁਨਿਆਦੀ ਕਾਰਨਾਂ ਦੀ ਟੋਹ ਲਾ ਕੇ ਹੀ ਸਹੀ ਦਿਸਾ ਵੱਲ ਤੁਰਿਆ ਜਾ ਸਕਦਾ ਹੈ। ਗਰੀਬ ਜਨਤਾ ਦੀਆਂ ਅਸਲ ਮੁਸਕਲਾਂ ਨੂੰ ਸਮਝਣਾ, ਸਮਝਾਉਣਾ ਅਤੇ ਉਨ੍ਹਾਂ ਦੇ ਸਾਰਥਕ ਹੱਲ ਲੱਭ ਕੇ ਅਮਲੀ ਕਾਰਜ ਕਰਨਾ ਹੀ ਇਸ ਰੁਝਾਨ ਨੂੰ ਠੱਲ੍ਹ ਪਾ ਸਕਦਾ ਹੈ। ਉਨ੍ਹਾਂ ਕਿਹਾ ਚੇਤੇ ਰਹਿਣਾ ਚਾਹੀਦਾ ਹੈ ਕਿ ਜਬਰਦਸਤੀ ਜਾਂ ਲਾਲਚ ਦੇ ਕੇ ਧਰਮ ਤਬਦੀਲ ਕਰਵਾਉਣਾ ਹਰ ਪੱਖੋਂ ਅਣਉਚਿਤ ਹੈ ਅਤੇ ਨਾ ਹੀ ਅਜਿਹੀ ਵਿਧੀ ਦੁਆਰਾ ਇਸ ਅਮਲ ਨੂੰ ਰੋਕਿਆ ਜਾ ਸਕਦਾ ਹੈ। ਧਰਮ ਪਰਿਵਰਤਨ ’ਤੇ ਪਾਬੰਦੀ ਦੀ ਮੰਗ ਕਰਨਾ ਇਸ ਮਸਲੇ ਦਾ ਹੱਲ ਨਹੀਂ, ਬਲਕਿ ਇਹ ਤਾਂ ਸਿੱਖੀ ਦੇ ਪ੍ਰਸਾਰ ਵਿਚ ਬਹੁਤ ਵੱਡੀ ਰੁਕਾਵਟ ਸਿੱਧ ਹੋਵੇਗੀ!

Leave a Reply

Your email address will not be published. Required fields are marked *