ਗਲੋਬਲ ਵਾਰਮਿੰਗ ਅਤੇ ਜਲਵਾਯੂ ਤਬਦੀਲੀ ਦੇ ਮੱਨੁਖੀ ਸਿਹਤ ਤੇਂ ਮਾੜੇ ਪ੍ਰਭਾਵ ਆ ਰਹੇ ਸਾਹਮਣੇ : ਡਾ. ਸੁਮੀਤ ਸਿੰਘ
ਪਟਿਆਲਾ 25 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਪਿਛਲੇ 3 ਦਿਨਾਂ ਤੋਂ ਲਗਾਤਾਰ ਬੇਮੌਸਮੀ ਮੀਂਹ ਇਸ ਤੱਥ ਨੂੰ ਸਾਬਤ ਕਰ ਰਿਹਾ ਹੈ ਕਿ ਗਲੋਬਲ ਵਾਰਮਿੰਗ ਅਤੇ ਜਲਵਾਯੂ ਤਬਦੀਲੀ ਦੇ ਪ੍ਰਭਾਵ ਜਿਨ੍ਹਾਂ ਬਾਰੇ ਹੁਣ ਤੱਕ ਕਿਆਸ ਲਗਾਏ ਜਾ ਰਹੇ ਸਨ, ਓੁਹ ਅਸਲ ਵਿਚ ਹਨ ਅਤੇ ਬਹੁਤ ਵਿਨਾਸ਼ਕਾਰੀ ਹਨ, ਕਿਉਂਕਿ ਖੇਤੀਬਾੜੀ ਸੈਕਟਰ ‘ਤੇ ਇਸ ਦਾ ਅਸਰ ਅਤੇ ਅਸਿੱਧੇ ਰੂਪ ਵਿੱਚ ਇਸ ਨਾਲ ਜੁੜੀਆਂ ਸਿਹਤ ਚਿੰਤਾਵਾਂ ਸਮੁੱਚੇ ਆਰਥਿਕ ਚੱਕਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ।ਇਹ ਬਹੁਤ ਸਾਰੀਆਂ ਬਿਮਾਰੀਆਂ ਦੇ ਫੈਲਣ ਦੇ ਪੈਟਰਨ ਨੂੰ ਬਦਲਦਾ ਹੈ। ਸਿਵਲ ਸਰਜਨ ਡਾ. ਰਾਜੂ ਧੀਰ ਦੇ ਦਿਸ਼ਾ ਨਿਰਦੇਸ਼ਾ ਤੇ ਜਲਵਾਯੂ ਪਰਿਵਰਤਨ ਅਤੇ ਮਨੁੱਖੀ ਸਿਹਤ ਲਈ ਰਾਸ਼ਟਰੀ ਪ੍ਰੋਗਰਾਮ ਅਧੀਨ ਜਾਗਰੂਕਤਾ ਮੁਹਿੰਮ ਅਧੀਨ ਅੱਜ ਜ਼ਿਲ੍ਹਾ ਐਪੀਡੀਮੋਲੋਜਿਸਟ ਅਤੇ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ: ਸੁਮੀਤ ਸਿੰਘ, ਪੀ.ਸੀ.ਐਮ.ਐਸ. ਨੇ ਦੱਸਿਆ ਕਿ ਇਸ ਲਗਾਤਾਰ ਮੀਂਹ ਨੇ ਕਈ ਇਲਾਕਿਆਂ ਵਿੱਚ ਝੋਨੇ ਅਤੇ ਕਪਾਹ ਦੀ ਸਾਉਣੀ ਦੀਆਂ ਫ਼ਸਲਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਮੌਸਮੀ ਤਬਦੀਲੀਆਂ ਦਾ ਇਸੇ ਤਰ੍ਹਾਂ ਦਾ ਪ੍ਰਭਾਵ ਇਸ ਸਾਲ ਫਰਵਰੀ ਮਾਰਚ ਦੌਰਾਨ ਪਿਛਲੀ ਹਾੜ੍ਹੀ ਦੀ ਫਸਲ ਦੀ ਮਿਆਦ ਵਿੱਚ ਦੇਖਿਆ ਗਿਆ ਹੈ, ਜਿੱਥੇ ਤਾਪਮਾਨ ਵਿੱਚ ਛੇਤੀ ਵਾਧੇ ਕਾਰਨ, ਕਣਕ ਦੇ ਦਾਣੇ ਪਹਿਲਾਂ ਪੱਕ ਕੇ ਆਕਾਰ ਵਿੱਚ ਛੋਟੇ ਰਹਿ ਗਏ ਅਤੇ ਜਿਸ ਨਾਲ ਕੁੱਲ ਝਾੜ ਰਹਿ ਗਿਆ। ਇਸੇ ਤਰ੍ਹਾਂ ਸੋਕੇ ਜਾਂ ਹੜ੍ਹ ਦੀ ਸਥਿਤੀ ਨਾਲ ਕਈ ਥਾਵਾਂ ਭੁੱਖਮਰੀ ਕਾਰਨ ਵੀ ਸਿਹਤ ਦੇ ਪੱਧਰ ਵਿੱਚ ਗਿਰਾਵਟ ਆ ਸਕਦੀ ਹੈ। ਪਾਕਿਸਤਾਨ ਵਿੱਚ ਅੱਜ ਤੱਕ ਦੇ ਸਭ ਤੋਂ ਭਿਆਨਕ ਹੜ੍ਹਾਂ ਅਤੇ ਬੰਗਲੌਰ ਵਿੱਚ ਹੜ੍ਹਾਂ ਦੀਆਂ ਤਾਜ਼ਾ ਘਟਨਾਵਾਂ ਸਾਡੇ ਸਾਹਮਣੇ ਹੋਰ ਪ੍ਰਤੱਖ ਉਦਾਹਰਣ ਹਨ।
ਸਮਾਜ ਦੇ ਵੱਖ-ਵੱਖ ਖੇਤਰਾਂ ‘ਤੇ ਜਲਵਾਯੂ ਤਬਦੀਲੀ ਦੇ ਪ੍ਰਭਾਵ ਆਪਸ ਵਿੱਚ ਜੁੜੇ ਹੋਏ ਹਨ। ਸਮੇਂ ਦੇ ਨਾਲ ਗਰਮ ਤਾਪਮਾਨ ਮੌਸਮ ਦੇ ਪੈਟਰਨ ਨੂੰ ਬਦਲ ਰਿਹਾ ਹੈ ਅਤੇ ਕੁਦਰਤ ਦੇ ਆਮ ਸੰਤੁਲਨ ਨੂੰ ਵਿਗਾੜ ਰਿਹਾ ਹੈ। ਬਾਰਸ਼ ਦੇ ਬਦਲੇ ਹੋਏ ਪੈਟਰਨ ਨੇ ਡੇਂਗੂ ਫੈਲਣ, ਦਸਤ ਦੀਆਂ ਬਿਮਾਰੀਆਂ ਅਤੇ ਹੋਰ ਮੌਸਮੀ ਬਿਮਾਰੀਆਂ ਜਿਵੇਂ ਸਵਾਈਨ ਫਲੂ ਆਦਿ ਵਿੱਚ ਬਦਲਾਅ ਦਿਖਾਇਆ ਹੈ। ਇਸੇ ਤਰ੍ਹਾਂ ਤਾਪਮਾਨ ‘ਚ ਬਦਲਾਅ ਕਾਰਨ ਪਹਾੜਾਂ ‘ਚ ਰਹਿਣ ਵਾਲੇ ਲੋਕਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਉਨ੍ਹਾਂ ਨੂੰ ਅਜਿਹੀਆਂ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਪਹਿਲਾਂ ਪਹਾੜਾਂ ਵਿੱਚ ਨਹੀਂ ਹੁੰਦੀਆਂ ਸਨ। ਮਲੇਰੀਆ ਦੇ ਮਰੀਜ਼ ਉਤਰਾਖੰਡ ਦੇ ਉਨ੍ਹਾਂ ਹਿੱਸਿਆਂ ਤੋਂ ਆਉਣੇ ਸ਼ੁਰੂ ਹੋ ਗਏ ਹਨ, ਜਿੱਥੇ ਪਹਿਲਾਂ ਮਲੇਰੀਆ ਨਹੀਂ ਸੀ ਹੁੰਦਾ। ਹਿਮਾਚਲ ਦੇ ਕੁਝ ਹਿੱਸਿਆਂ ਵਿੱਚ ਡੇਂਗੂ ਦੇ ਮਾਮਲੇ ਸਾਹਮਣੇ ਆਏ ਹਨ। ਪਹਿਲਾਂ ਇੱਥੇ ਲੋਕਾਂ ਨੂੰ ਡੇਂਗੂ ਨਹੀਂ ਸੀ ਹੁੰਦਾ।ਜਿਵੇਂ ਕਿ ਅਸੀਂ ਖੁਦ ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਦੇਖ ਰਹੇ ਹਾਂ ਇਸ ਲਈ ਸਾਨੂੰ ਸਾਰਿਆਂ ਨੂੰ ਕੁਦਰਤ ਦੀ ਸਾਂਭ-ਸੰਭਾਲ ਕਰਕੇ ਇਸ ਨੂੰ ਰੋਕਣ ਲਈ ਕੰਮ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਭਾਵੇਂ ਇਹ ਅੰਤਰਰਾਸ਼ਟਰੀ ਸਹਿਯੋਗ ‘ਤੇ ਵੱਡੇ ਕਦਮਾਂ ਤੇ ਨਿਰਭਰ ਹੈ ਪਰ ਹਰ ਛੋਟਾ-ਵੱਡਾ ਯੋਗਦਾਨ ਆਪਣਾ ਅਸਰ ਪਾਵੇਗਾ। ਝੋਨੇ ਦੀ ਕੱਟੀ ਫ਼ਸਲ ਦੇ ਖੇਤਾਂ ਵਿੱਚ ਖੜ੍ਹੇ ਨਾੜ ਨੂੰ ਅੱਗ ਲਾਉਣਾ ਜਿਸ ਨਾਲ ਹਰ ਪਾਸੇ ਧੂਆਂ ਫੈਲ ਜਾਂਦਾ ਹੈ। ਫ਼ਸਲਾਂ ਉੱਤੇ ਹੋ ਰਹੀ ਅੰਨ੍ਹੇਵਾਹ ਰਸਾਇਣ ਦੀ ਵਰਤੋਂ ਨੇ ਪਾਣੀ ਦੇ ਨਾਲ-ਨਾਲ ਖੇਤੀ ਉਪਜ ਨੂੰ ਵੀ ਜ਼ਹਿਰੀਲਾ ਬਣਾ ਦਿੱਤਾ ਹੈ। ਸਾਰੀ ਧਰਤੀ ਵਾਹੀ ਹੇਠ ਆਉਣ ਨਾਲ ਰੁਖਾਂ ਦਾ ਘਾਣ ਹੋਇਆ ਹੈ। ਹੁਣ ਇਹਨਾਂ ਗੱਲਾਂ ਦੇ ਅਸਰ ਨੂੰ ਅੱਖੋ ਓਲ੍ਹੇ ਨਹੀਂ ਕੀਤਾ ਜਾ ਸਕਦਾ। ਇਸ ਸਿਹਤ ਪ੍ਰੋਗਰਾਮ ਅਧੀਨ ਸਿਹਤ ਵਿਭਾਗ ਹਵਾ ਦੇ ਪੱਧਰ ਵਿੱਚ ਗਿਰਾਵਟ ਨਾਲ ਸਾਹ ਦੇ ਰੋਗਾਂ ਅਤੇ ਗਰਮੀਆਂ ਵਿੱਚ ਹੀਟ ਸਟ੍ਰੋਕ ਦੇ ਕਾਰਨ ਹੋ ਰਹੇ ਨੁਕਸਾਨ ਤੇ ਅਸਰ ਨੂੰ ਮਾਪੇਗਾ।ਉਹਨਾਂ ਕਿਹਾ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਨੂੰ ਇਸ ਲਈ ਸਰਵਿਲਾਂਸ ਸੈਂਟਰ ਬਣਾਇਆ ਗਿਆ ਹੈ।

