ਦੇਸ਼-ਵਿਦੇਸ਼ਪੰਜਾਬ

ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੀਸਰੇ ਨਗਰ ਕੀਰਤਨ ਦੌਰਾਨ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦਾ ਸੱਦਾ

ਮਨੁੱਖ ਦੇ ਕੁਦਰਤ ਨਾਲੋਂ ਟੁੱਟਣ ਕਾਰਨ ਵਾਤਾਵਰਨ ਦਾ ਤਾਣਾ-ਬਾਣਾ ਵਿਗੜ ਗਿਆ ਹੈ :- ਸੰਤ ਸੀਚੇਵਾਲ

ਵਾਤਾਵਰਣ ਨੂੰ ਬਚਾਉਣ ਲਈ ਤਿੰਨੋਂ ਨਗਰ ਕੀਰਤਨਾਂ ਦੌਰਾਨ 15000 ਬੂਟੇ ਵੰਡੇ ਗਏ।

ਸੁਲਤਾਨਪੁਰ ਲੋਧੀ, 8 ਨਵੰਬਰ (ਮਧੂਸਾਰ ਬਿਊਰੋ) ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੀਜੇ ਨਗਰ ਕੀਰਤਨ ਵਿੱਚ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦਾ ਹੋਕਾ ਦਿੱਤਾ। ਪਵਿੱਤਰ ਵੇਈਂ ਦੇ ਕੰਢੇ ਸਥਿਤ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਨਿਰਮਲਕੁਟੀਆ ਸੁਲਤਾਨਪੁਰ ਲੋਧੀ ਤੋਂ ਆਰੰਭ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਗਏ ਨਗਰ ਕੀਰਤਨ ਸੰਤ ਸੀਚੇਵਾਲ ਨੇ ਬੂਟੇ ਵੰਡੇ। ਇਹ ਨਗਰ ਕੀਰਤਨ ਸ਼ਹੀਦ ਊਧਮ ਸਿੰਘ ਚੌਕ, ਗੁਰਦੁਆਰਾ ਗੁਰੂ ਕਾ ਬਾਗ, ਮਹੁੱਲਾ ਸਿੱਖਾ, ਗੁਰਦੁਆਰਾ ਬੇਬੇ ਨਾਨਕੀ ਦਾ ਘਰ, ਗੁਰਦੁਆਰਾ ਹੱਟ ਸਾਹਿਬ, ਗੁਰਦੁਆਰਾ ਬੇਰ ਸਾਹਿਬ ਤੋਂ ਹੁੰਦਾ ਹੋਇਆ ਪਵਿੱਤਰ ਵੇਈਂ ਦੇ ਕੰਢੇ ਨਿਰਮਲ ਕੁਟੀਆ ਪਹੁੰਚਿਆ।

ਨਗਰ ਕੀਰਤਨ ਦੌਰਾਨ ਜਿੱਥੇ ਸੰਤ ਸੀਚੇਵਾਲ ਨੇ ਬਾਬੇ ਨਾਨਕ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ। ਉਨ੍ਹਾਂ ਗੁਰਬਾਣੀ ਦੇ ਹਵਾਲੇ ਨਾਲ ਮਨੁੱਖ ਨੂੰ ਕੁਦਰਤ ਨਾਲ ਆਪਣਾ ਰਿਸ਼ਤਾ ਮਜ਼ਬੂਤ ​​ਕਰਨ ਦੀ ਅਪੀਲ ਕੀਤੀ। ਉਨ੍ਹਾਂ ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ। ਸੰਤ ਸੀਚੇਵਾਲ ਨੇ ਕਿਹਾ ਕਿ ਮਨੁੱਖ ਅਤੇ ਕੁਦਰਤ ਦਾ ਰਿਸ਼ਤਾ ਟੁੱਟਣ ਕਾਰਨ ਵਾਤਾਵਰਨ ਵਿੱਚ ਵੱਡਾ ਵਿਗਾੜ ਆਇਆ ਹੈ, ਜਿਸ ਕਾਰਨ ਗਲੋਬਲ ਵਾਰਮਿੰਗ ਵਧੀ ਹੈ। ਉਨ੍ਹਾਂ ਕਿਹਾ ਕਿ ਹਵਾ, ਪਾਣੀ ਅਤੇ ਧਰਤੀ ਦੇ ਪ੍ਰਦੂਸ਼ਣ ਕਾਰਨ ਲੋਕਾਂ ਦੀ ਸਿਹਤ ‘ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਵੱਡੇ ਪੱਧਰ ‘ਤੇ ਰੁੱਖ ਲਗਾ ਕੇ ਵਾਤਾਵਰਨ ਨੂੰ ਸੁਧਾਰਿਆ ਜਾ ਸਕਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਨ੍ਹਾਂ 3 ਨਗਰ ਕੀਰਤਨਾਂ ਦੌਰਾਨ 15000 ਦੇ ਕਰੀਬ ਬੂਟੇ ਵੰਡੇ ਗਏ।

ਇਤਿਹਾਸਕ ਗੁਰਦੁਆਰਿਆਂ ਅਤੇ ਬਾਬਾ ਬੁੱਢਾ ਦਲ ਅਤੇ ਬਾਬਾ ਬਿਧੀ ਚੰਦ ਸੰਪਰਦਾਵਾਂ ਵੱਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ। ਇਨ੍ਹਾਂ ਨਿਹੰਗ ਜਥੇਬੰਦੀਆਂ ਦੇ ਆਗੂਆਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸਿਰਪਾਓ ਭੇਟ ਕੀਤਾ। ਨਗਰ ਕੀਰਤਨ ਵਿੱਚ ਗਤਕੇ ਦੇ ਖਿਡਾਰੀਆਂ ਵੱਲੋਂ ਗਤਕੇ ਦੇ ਜੌਹਰ ਦਿਖਾਏ ਗਏ। ਸੰਤ ਅਵਤਾਰ ਸਿੰਘ ਯਾਦੀ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਕੀਰਤਨ ਕੀਤਾ ਅਤੇ ਹੱਥਾਂ ਵਿੱਚ ਤਖ਼ਤੀਆਂ ਲੈ ਕੇ ਵਾਤਾਵਰਨ ਨੂੰ ਬਚਾਉਣ ਦੇ ਨਾਅਰੇ ਲਾਏ। ਇਸ ਮੌਕੇ ਰਾਗੀ ਭਾਈ ਤਜਿੰਦਰ ਸਿੰਘ ਦੇ ਜਥੇ ਨੇ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਨਗਰ ਕੀਰਤਨ ਵਿੱਚ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ ਦੇ ਮੁਖੀ ਸੰਤ ਆਗੂ ਸਿੰਘ ਜੀ, ਬਾਬਾ ਸੁੱਖਾ ਸਿੰਘ ਅਤੇ ਸੰਤ ਸੁਖਜੀਤ ਸਿੰਘ ਸੀਚੇਵਾਲ ਅਤੇ ਗੁਰਦੁਆਰਾ ਟਾਹਲੀ ਸਾਹਿਬ ਦੇ ਸੇਵਾਦਾਰ ਨੇ ਵੀ ਸ਼ਮੂਲੀਅਤ ਕੀਤੀ। ਨਗਰ ਕੀਰਤਨ ਦੇ ਅੰਤ ਵਿੱਚ ਸੰਤ ਸੀਚੇਵਾਲ ਵੱਲੋਂ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਵੇਈਂ ਦੇ ਕੰਢੇ ਲਗਾਈ ਗਈ ਦੀਪਮਾਲਾ ਅਲੌਕਿਕ ਨਜ਼ਾਰਾ ਪੇਸ਼ ਕਰ ਰਹੀ ਸੀ।

Leave a Reply

Your email address will not be published. Required fields are marked *