ਯੂਕੇ ਪ੍ਰੀਵੈਂਟ ਰਿਵਿਊ : ਇਸਲਾਮਿਕ ਕੱਟੜਵਾਦ ਸਭ ਤੋਂ ਵੱਡਾ ਖ਼ਤਰਾ।
ਖ਼ਾਲਿਸਤਾਨ ਪੱਖੀ ਸਮੂਹਾਂ ਦੀਆਂ ਅਫ਼ਵਾਹਾਂ ਤੋਂ ਸਿਖਾਂ ਨੂੰ ਸੁਚੇਤ ਰਹਿਣ ਦੀ ਵੀ ਦਿੱਤੀ ਸਲਾਹ।
ਅੰਮ੍ਰਿਤਸਰ, 11 ਫ਼ਰਵਰੀ- (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਯੂਨਾਈਟਿਡ ਕਿੰਗਡਮ ਦੇ ਹਾਊਸ ਆਫ਼ ਕਾਮਨਜ਼ (ਹੇਠਲੇ ਸਦਨ) ਵਿਚ ਅੱਤਵਾਦ ਨੂੰ ਰੋਕਣ ਦੀ ਯੋਜਨਾ ਬਾਰੇ ਸੁਤੰਤਰ ਸਮੀਖਿਆ ਵਿਚ ਅੱਤਵਾਦ ਦੇ ਵਾਧੇ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਗਈ ਅਤੇ ਇਸਲਾਮਿਕ ਕੱਟੜਵਾਦ ਨੂੰ ਦੇਸ਼ ਲਈ ਇਕ ਵੱਡਾ ਖ਼ਤਰਾ ਦੱਸਿਆ ਗਿਆ ਹੈ। ਬਰਤਾਨੀਆ ਦੀ ਰਣਨੀਤਿਕ ਸਮੀਖਿਆਕਾਰ ਵਿਲੀਅਮ ਸ਼ਾਕਰੋਸ, ਜੋ ਕਿ ਪਬਲਿਕ ਅਪੌਇੰਟਮੈਂਟਸ ਦੇ ਕਮਿਸ਼ਨਰ ਵੀ ਹਨ ਵੱਲੋਂ ਦੀਰਘ ਅਧਿਐਨ ਨਾਲ ਤਿਆਰ ਕੀਤੀ ਗਈ ਅੱਤਵਾਦ ਨੂੰ ਰੋਕੂ ਸਮੀਖਿਆ ਵਿਚ ਸਿਫ਼ਾਰਿਸ਼ ਕੀਤੀ ਹੈ ਕਿ ਦੇਸ਼ ਨੂੰ ਅੱਤਵਾਦ ਨੂੰ ਮੁੱਖ ਖ਼ਤਰਾ ਮੰਨਦਿਆਂ ਇਸ ਨਾਲ ਨਜਿੱਠਣ ਦੀ ਠੋਸ ਯੋਜਨਾ ਬਣਾਉਣੀ ਚਾਹੀਦੀ ਹੈ। ਰਿਪੋਰਟ ਨੇ ਖ਼ੁਲਾਸਾ ਕੀਤਾ ਕਿ ਇਸ ਗਲ ਦੇ ਸਬੂਤ ਮਿਲੇ ਹਨ ਕਿ ਇਸਲਾਮਿਕ ਕੱਟੜਪੰਥੀ ਸਮੂਹ ਅਤੇ ਖ਼ਾਲਿਸਤਾਨ ਪੱਖੀ ਸਮੂਹ ਲੋਕਾਂ ਨੂੰ ਹਿੰਸਾ ਲਈ ਉਕਸਾ ਰਹੇ ਹਨ। ਰਿਪੋਰਟ ਨੇ ਚੇਤਾਵਨੀ ਦਿੱਤੀ ਹੈ ਕਿ ਕਸ਼ਮੀਰ ਨੂੰ ਲੈ ਕੇ ਪਾਕਿਸਤਾਨ ਦੀ ਬਿਆਨਬਾਜ਼ੀ ਹੁਣ ਬ੍ਰਿਟੇਨ ਦੇ ਅੰਦਰ ਖ਼ਤਰਾ ਬਣ ਰਹੀ ਹੈ। ਪਾਕਿਸਤਾਨ ਦਾ ਕਸ਼ਮੀਰ ਰਾਗ ਬ੍ਰਿਟਿਸ਼ ਮੁਸਲਮਾਨਾਂ ਨੂੰ ਕੱਟੜਪੰਥੀ ਬਣਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਭਾਰਤ ਵਿਰੋਧੀ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਾਕਿਸਤਾਨ ਵੱਲੋਂ ਕਸ਼ਮੀਰ ਵਿੱਚ ਹਿੰਸਾ ਦੀ ਵਰਤੋਂ ਕਰਨ ਨੂੰ ਜਾਇਜ਼ ਠਹਿਰਾਉਣਾ ਅਤੇ ਇਸ ਲਈ ਸੱਦਾ ਦੇਣਾ ਯੂਕੇ ਦੇ ਮੁਸਲਿਮ ਭਾਈਚਾਰੇ ਨੂੰ ਬੇਚੈਨ ਕਰ ਰਿਹਾ ਹੈ। ਸਮੀਖਿਆ ਨੇ ਬ੍ਰਿਟੇਨ ਵਿੱਚ ਈਸ਼ਨਿੰਦਾ ਦੇ ਬਿਰਤਾਂਤ ਲਈ ਪਾਕਿਸਤਾਨੀ ਮੌਲਵੀਆਂ ਦੀ ਭੂਮਿਕਾ ਦੀ ਨਿਸ਼ਾਨਦੇਹੀ ਕੀਤੀ। ਅਤਿਵਾਦ ਨਾਲ ਨਜਿੱਠਣ ਲਈ ਯੂਕੇ ਦੀ ਯੋਜਨਾ ’ਤੇ ਆਲੋਚਨਾਤਮਿਕ ਸਮੀਖਿਆ ਨੇ ਕਿਹਾ ਕਿ ਯੂਕੇ ਹਮਲਾਵਰਾਂ ਦੀ ਪਛਾਣ ਕਰਨ ਵਿੱਚ ਵਾਰ-ਵਾਰ “ਜ਼ਾਹਿਰ ਤੌਰ ‘ਤੇ ਅਸਫਲ” ਰਿਹਾ ਹੈ। ਰਿਪੋਰਟ ’ਚ ਸਰਕਾਰੀ ਵਿਭਾਗ ਵੱਲੋਂ ਸਿਵਲ ਸੁਸਾਇਟੀ ਆਰਗਨਾਈਜ਼ੇਸ਼ਨ ਅਤੇ ਈਰਾਨੀ ਸ਼ਾਸਨ ਨਾਲ ਜੁੜੀ ਸੰਸਥਾ ਇਸਲਾਮਿਕ ਮਨੁੱਖੀ ਅਧਿਕਾਰ ਕਮਿਸ਼ਨ ਵਰਗੇ ਕੱਟੜਪੰਥੀ ਸਮੂਹਾਂ ਨੂੰ ਫ਼ੰਡ ਦੇਣ ਪ੍ਰਤੀ ਜੋਖ਼ਮ ’ਤੇ ਵੀ ਸਵਾਲ ਉਠਾਏ ਗਏ।
ਸਮੀਖਿਆ ਰਿਪੋਰਟ ਵਿਚ ਖ਼ਾਲਿਸਤਾਨ ਪੱਖੀ ਕੱਟੜਵਾਦ ਦੇ ਮੁੱਦੇ ‘ਤੇ ਵੀ ਚਰਚਾ ਕੀਤੀ ਗਈ, ਅਤੇ ਯੂਕੇ ਵਿੱਚ ਸਿੱਖ ਭਾਈਚਾਰਿਆਂ ਨੂੰ ਖ਼ਾਲਿਸਤਾਨ ਪੱਖੀ ਕੱਟੜਪੰਥੀਆਂ ਤੋਂ ਸਾਵਧਾਨ ਰਹਿਣ ਲਈ ਕਿਹਾ ਗਿਆ। ਰਿਪੋਰਟ ਦਾ ਕਹਿਣਾ ਹੈ ਕਿ ਯੂ ਕੇ ਵਿੱਚ ਸਰਗਰਮ ਖ਼ਾਲਿਸਤਾਨ ਪੱਖੀ ਸਮੂਹਾਂ ਦੀ ਇੱਕ ਛੋਟੀ ਜਿਹੀ ਗਿਣਤੀ ਦੁਆਰਾ ਇੱਕ ਗ਼ਲਤ ਬਿਰਤਾਂਤ ਅਤੇ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਬ੍ਰਿਟਿਸ਼ ਸਰਕਾਰ ਸਿੱਖਾਂ ਨੂੰ ਪ੍ਰੇਸ਼ਾਨ ਕਰਨ ਲਈ ਭਾਰਤ ਨਾਲ ਮਿਲ ਕੇ ਸਿੱਖਾਂ ਦੇ ਖ਼ਿਲਾਫ਼ ਕੰਮ ਕਰ ਰਹੀ ਹੈ। ਅਜਿਹੇ ਸਮੂਹ ਭਾਰਤ ਵਿਚ ਖ਼ਾਲਿਸਤਾਨ ਪੱਖੀ ਲਹਿਰ ਦੁਆਰਾ ਕੀਤੀ ਗਈ ਹਿੰਸਾ ਦੀ ਵਡਿਆਈ ਅਤੇ ਹਲਾਸ਼ੇਰੀ ਦੇਣ ’ਚ ਲੱਗੇ ਹੋਏ ਹਨ, ਹਾਲਾਂਕਿ ਉਨ੍ਹਾਂ ਤੋਂ ਬਰਤਾਨੀਆ ਨੂੰ ਖ਼ਤਰੇ ਦੀ ਸੰਭਾਵਨਾ ਘੱਟ ਹੈ। ਰਿਪੋਰਟ ਨੇ ਯੂਕੇ ਵਿਚ ਸਿਆਸੀ ਨੇਤਾਵਾਂ ਵੱਲੋਂ ਹਮਾਸ ਪ੍ਰਤੀ ਦਿੱਤੀ ਜਾ ਰਹੀ ਖੁੱਲ੍ਹੀ ਹਮਾਇਤ ’ਤੇ ਵੀ ਚਿੰਤਾ ਜਤਾਈ ਹੈ। 192 ਸਫ਼ਿਆਂ ਦੀ ਇਸ ਵਿਸ਼ਾਲ ਰਿਪੋਰਟ ਵਿਚ 2019 ਤੋਂ ਹੁਣ ਤਕ ਦੇਸ਼ ’ਚ 6 ਵੱਡੇ ਅਤਿਵਾਦੀ ਹਮਲਿਆਂ ਦਾ ਜ਼ਿਕਰ ਕੀਤਾ ਹੈ। ਸਮੀਖਿਆ ’ਚ ਪਾਇਆ ਗਿਆ ਕਿ ਯੂਕੇ ਵਿੱਚ ਫੈਲਣ ਵਾਲੇ ਅੱਤਵਾਦ ਦਾ ਸਭ ਤੋਂ ਵੱਡਾ ਖ਼ਤਰਾ ਇਸਲਾਮਿਕ ਕੱਟੜਵਾਦ ਤੋਂ ਹੈ। ਦੇਸ਼ ’ਚ ਹੋਈਆਂ ਜ਼ਿਆਦਾਤਰ (80 ਫ਼ੀਸਦੀ) ਅੱਤਵਾਦੀ ਗਤੀਵਿਧੀਆਂ ਜਾਂ ਅਤੀਤ ਦੌਰਾਨ ਇੰਟੈਲੀਜੈਂਸ ਯੂਨਿਟ ਦੁਆਰਾ ਨਾਕਾਮ ਕੀਤੀਆਂ ਗਈਆਂ ਸਾਜ਼ਿਸ਼ਾਂ ਵਿੱਚ ਇਸਲਾਮੀ ਕੱਟੜਪੰਥੀਆਂ ਦੀ ਸ਼ਮੂਲੀਅਤ ਵਧੇਰੇ ਰਹੀ ਹੈ। ਅਲਕਾਇਦਾ, ਇਸਲਾਮਿਕ ਸਟੇਟ, ਬੋਰੋ ਹਰਮ ਤੇ ਹੋਰ ਇਸਲਾਮੀ ਸਮੂਹਾਂ ਦੇ ਹਮਲਿਆਂ ਵਿਚ ਹੁਣ ਤਕ ਲੱਖਾਂ ਲੋਕਾਂ ਦੇ ਹਲਾਕ ਹੋਣ ਅਤੇ ਇਸ ਦੀ ਵਹਿਸ਼ੀ ਵਿਚਾਰਧਾਰਾ ਨੂੰ ਫੈਲਣ ਤੋਂ ਰੋਕਣ ’ਤੇ ਜ਼ੋਰ ਦਿੱਤਾ ਗਿਆ। ਇਹ ਵੀ ਕਿਹਾ ਹੈ ਕਿ ਬਰਤਾਨੀਆ ਦੇ ਮੁਸਲਿਮ ਬਚਿਆਂ ਨੂੰ ਸੀਰੀਆ ਅਤੇ ਹੋਰ ਥਾਂਵਾਂ ’ਤੇ ਇਸਲਾਮਿਕ ਟਕਰਾਅ ਵਿਚ ਫਸਣ ਤੋਂ ਰੁਕਣ ਦੀ ਕੋਸ਼ਿਸ਼ ਮੁਸਲਿਮ ਵਿਰੋਧੀ ਨਹੀਂ ਹੈ। ਇਹ ਵੀ ਕਿ ਜੇਕਰ ਅਸੀਂ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਰਨਾ ਹੈ, ਤਾਂ ਸਾਨੂੰ ਮੁਸਲਿਮ ਭਾਈਚਾਰਿਆਂ ਨਾਲ ਕੰਮ ਕਰਨਾ ਜਾਰੀ ਰੱਖਣਾ ਚਾਹੀਦਾ ਹੈ।
ਰਿਪੋਰਟ ਮੁਤਾਬਿਕ ਅਜਿਹਾ ਕੋਈ ਕਾਰਨ ਨਹੀਂ ਹੈ ਕਿ ਇਸਲਾਮਿਕ ਸਮੂਹ ਆਉਣ ਵਾਲੇ ਸਾਲਾਂ ‘ਚ ਕੱਟੜਪੰਥੀ ਦੀ ਵਧ ਰਹੀ ਭਾਵਨਾ ਦਾ ਫ਼ਾਇਦਾ ਨਹੀਂ ਚੁੱਕਣਾ ਚਾਹੁਣਗੇ। ਵਿਲੀਅਮ ਸ਼ਾਕਰੋਸ ਨੇ ਇਸ ਗਲ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਬਰਤਾਨੀਆ ਵਿੱਚ ਫੜੇ ਗਏ ਕੁਝ ਅੱਤਵਾਦੀਆਂ ਵਿਚੋਂ ਕੁਝ ਅਜਿਹੇ ਹਨ ਜੋ ਪਹਿਲਾਂ ਕਸ਼ਮੀਰ ਵਿੱਚ ਹਿੰਸਾ ਫੈਲਾਉਂਦੇ ਰਹੇ ਅਤੇ ਫਿਰ ਬਾਅਦ ਵਿੱਚ ਅਲ-ਕਾਇਦਾ ਵਿੱਚ ਸ਼ਾਮਲ ਹੋ ਗਏ । ਯੂਕੇ ਨੂੰ ਅੱਤਵਾਦ ਤੋਂ ਪੈਦਾ ਹੋਏ ਖ਼ਤਰੇ ਦਾ ਮੁਕਾਬਲਾ ਕਰਨ ਲਈ ’ਪ੍ਰੀਵੈਂਟ ਸਟ੍ਰੈਟਜੀ’ ਬ੍ਰਿਟਿਸ਼ ਸਰਕਾਰ ਦੀ ਅੱਤਵਾਦ ਵਿਰੋਧੀ ਰਣਨੀਤੀ ਦਾ ਮਹੱਤਵ ਪੂਰਨ ਹਿੱਸਾ ਹੈ। ਵਿਹਾਰਕ ਰੂਪ ਵਿੱਚ ਇਹ ਪੁਲੀਸ ਸਮੇਤ ਸਕੂਲਾਂ ਅਤੇ ਜਨਤਕ ਸੰਸਥਾਵਾਂ ਨੂੰ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਲਈ ਇੱਕ ਕਾਨੂੰਨੀ ਫ਼ਰਜ਼ ਦੇ ਅਧੀਨ ਰੱਖਦਾ ਹੈ ਜੋ ਅਤਿਵਾਦ ਵੱਲ ਜਾ ਸਕਦੇ ਹਨ ਅਤੇ ਸਮਾਂ ਰਹਿੰਦਿਆਂ ਉਨ੍ਹਾਂ ਦੇ ਜੀਵਨ ਵਿੱਚ ਦਖ਼ਲ ਦੇ ਕੇ ਸਹੀ ਰਾਹ ’ਤੇ ਲਿਆ ਸਕਦੇ ਹਨ। ਪ੍ਰਤੱਖ ਤੌਰ ‘ਤੇ ਅੱਤਵਾਦ ਦੇ ਮਾਮਲਿਆਂ ਵਿੱਚ ਖ਼ਤਰੇ ਨੂੰ ਸਮਝਣ ਵਿੱਚ ਅਤੇ ਰੋਕਣ ’ਚ ਅਸਫਲ ਹੋਣ ’ਤੇ ਇਹ ਸਮੀਖਿਆ ਭਵਿੱਖ ਵਿੱਚ ਅਜਿਹੀਆਂ ਅਸਫਲਤਾਵਾਂ ਤੋਂ ਬਚਣ ਬਾਰੇ ਦ੍ਰਿਸ਼ਟੀਕੋਣ ਪ੍ਰਦਾਨ ਕਰਦੀ ਹੈ। ਇਸ ਤੋਂ ਪਹਿਲਾਂ ਅਤੀਤ ਦੌਰਾਨ ਬਰਤਾਨੀਆ ਨੂੰ ਸੰਭਾਵੀ ਅੱਤਵਾਦੀਆਂ ਨੂੰ ਪੀੜਤਾਂ ਵਾਂਗ ਪੇਸ਼ ਕਰਨ ਬਾਰੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ। ਜਿਸ ਵਿਚ ਉਸ ਦੀ ਯੋਜਨਾ ਨੂੰ ‘ਅਤਿਵਾਦ ਦਾ ਮੁਕਾਬਲਾ ਕਰਨ ਲਈ ਨਾ ਕਾਫ਼ੀ ਠਹਿਰਾਇਆ ਗਿਆ, ਅਤੇ ਕਿਹਾ ਗਿਆ ਕਿ ਬ੍ਰਿਟੇਨ ਦਾ ਫਲੈਗਸ਼ਿਪ ਐਂਟੀ-ਰੈਡੀਕਲਾਈਜ਼ੇਸ਼ਨ ਪ੍ਰੋਗਰਾਮ ਆਪਣੇ ਮੂਲ ਉਦੇਸ਼ ਤੋਂ ਭਟਕ ਗਿਆ ਹੈ। ਇਸ ਵਾਰ ਇਸਲਾਮਿਕ ਕੱਟੜਵਾਦ ’ਤੇ ਸਖ਼ਤ ਰਿਪੋਰਟ ਪੇਸ਼ ਕਰਨ ਵਾਲੇ ਅਤੇ ਇਸਲਾਮ ਵਿਰੋਧੀ ਵਿਚਾਰ ਰੱਖਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਲੀਅਮ ਸ਼ਾਕਰੋਸ ਨੇ ਕਿਹਾ ਕਿ ਦੇਸ਼ ਨੂੰ ਇਸਲਾਮੋਫੋਬੀਆ ਦੇ ਦੋਸ਼ ਦੇ ਡਰ ਤੋਂ ਇਸਲਾਮ ਕੱਟੜਪੰਥੀਆਂ ਨਾਲ ਨਜਿੱਠਣ ਲਈ ਸਰਕਾਰ ਦਾ ਧਿਆਨ ਨਾਗਰਿਕਾਂ ਨੂੰ ਸਿਰਫ਼ ਸੁਰੱਖਿਆ ਪ੍ਰਦਾਨ ਕਰਨ ਦੀ ਚਿੰਤਾ ਹੋਣੀ ਚਾਹੀਦੀ ਹੈ, ਨਾ ਕਿ ਸਿਆਸੀ ਕਰਨ ਦੀ ਲੋੜ ਹੈ। ਬ੍ਰਿਟੇਨ ਦੀ ਗ੍ਰਹਿ ਸਕੱਤਰ ਸੁਏਲਾ ਬ੍ਰੇਵਰਮੈਨ ਨੇ ਸਦਨ ਨੂੰ ਦੱਸਿਆ ਕਿ ਅੱਤਵਾਦ ਨੂੰ ਰੋਕਣ ਲਈ ਵੱਡੇ ਸੁਧਾਰਾਂ ਦੀ ਲੋੜ ਬਾਰੇ ਸਮੀਖਿਆ ਰਿਪੋਰਟ ‘ਚ ਦਿੱਤੀਆਂ ਸਿਫ਼ਾਰਿਸ਼ਾਂ ਨੂੰ ਲਾਗੂ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ, ਤਾਂ ਜੋ ਦੇਸ਼ ‘ਚ ਅੱਤਵਾਦ ਨਾਲ ਜੁੜੇ ਖ਼ਤਰੇ ਨੂੰ ਘੱਟ ਕੀਤਾ ਜਾ ਸਕੇ।

