ਵਰਲਡ ਯੂਨੀਵਰਸਿਟੀ ਦੀ ਭਾਈ ਵੀਰ ਸਿੰਘ ਕਾਨਫਰੰਸ ਵਿਚ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਹੋਏ ਸ਼ਾਮਲ
ਫਤਿਹਗੜ੍ਹ ਸਾਹਿਬ (ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿਖੇ ਭਾਈ ਵੀਰ ਸਿੰਘ ਦੇ 150 ਸਾਲਾ ਜਨਮ, ਸ਼ਤਾਬਦੀ ਨੂੰ ਸਮਰਪਿਤ ਦੋ-ਰੋਜ਼ਾ ਕਾਨਫਰੰਸ ‘ਪੰਜਾਬ ਅਤੇ ਪੰਜਾਬੀ ਨੂੰ ਭਾਈ ਵੀਰ ਸਿੰਘ ਦੀ ਦੇਣ’ ਦੂਜੇ ਦਿਨ ਨਵੀਆਂ ਪੈੜਾਂ ਪਾਉਂਦੀ ਸਮਾਪਤ ਹੋ ਗਈ ਹੈ।ਦੋ-ਰੋਜ਼ਾ ਕਾਨਫਰੰਸ ਦੇ ਦੂਜੇ ਦਿਨ ਦੋ ਅਕਾਦਮਿਕ ਸੈਸ਼ਨਾਂ ਤੋਂ ਬਾਅਦ ਵਿਦਾਇਗੀ ਸੈਸ਼ਨ ਕਰਵਾਇਆ ਗਿਆ।ਇਸ ਕਾਨਫਰੰਸ ਦੇ ਦੂਜੇ ਦਿਨ, ਤੀਜੇ ਅਕਾਦਮਿਕ ਸੈਸ਼ਨ ‘ਵਿਆਖਿਆ, ਇਤਿਹਾਸਕਾਰੀ ਅਤੇ ਧਰਮ-ਸ਼ਾਸਤਰ’ ਦੀ ਪ੍ਰਧਾਨਗੀ ਡਾ. ਕੰਵਲਜੀਤ ਸਿੰਘ, ਸ੍ਰੀ ਗੁਰੂੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਨੇ ਕੀਤੀ। ਇਸ ਸੈਸ਼ਨ ਵਿਚ ਮਹਿਮਾਨ ਵਕਤਾ ਦੇ ਤੌਰ ‘ਤੇ ਸ. ਜਗਜੀਤ ਸਿੰਘ, ਜ਼ਿਲਾ ਭਾਸ਼ਾ ਅਫਸਰ, ਫਤਿਹਗੜ੍ਹ ਸਾਹਿਬ ਪਹੁੰਚੇ।ਇਸ ਸੈਸ਼ਨ ਵਿਚ ਵਿਕਰਮਜੀਤ ਸਿੰਘ, ਸੁਖਦੀਪ ਸਿੰਘ, ਡਾ. ਅਜੈਪਾਲ ਸਿੰਘ, ਡਾ. ਰਿਤੂ ਰਾਣੀ ਅਤੇ ਰਵਨੀਤ ਕੌਰ ਨੇ ਖੋਜ ਪਰਚੇ ਪੇਸ਼ ਕੀਤੇ। ਚੌਥੇ ਅਕਾਦਮਿਕ ਸੈਸ਼ਨ ‘ਬਿਰਤਾਂਤਕਾਰੀ ਅਤੇ ਵਾਰਤਕ’ ਦੀ ਪ੍ਰਧਾਨਗੀ ਡਾ. ਗੁਰਮੁਖ ਸਿੰਘ, ਪ੍ਰੋਫੈਸਰ ਅਤੇ ਮੁਖੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਕੀਤੀ ਗਈ ਅਤੇ ਡਾ. ਹਰਪ੍ਰੀਤ ਕੌਰ ਮਹਿਮਾਨ ਵਕਤਾ ਵਜੋਂ ਸ਼ਾਮਲ ਹੋਏ।
ਵਿਦਾਇਗੀ ਸੈਸ਼ਨ ਦੇ ਵਿਚ ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ, ਪ੍ਰੋ.ਅਜਾਇਬ ਸਿੰਘ ਬਰਾੜ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਪਰਿਤਪਾਲ ਸਿੰਘ ਨੇ ਸੈਸ਼ਨ ਦੀ ਪ੍ਰਧਾਨਗੀ ਕੀਤੀ। ਪ੍ਰੋ. ਅਜਾਇਬ ਸਿੰਘ ਬਰਾੜ ਨੇ ਮਾਤ-ਭਾਸ਼ਾ ਦੀ ਮਹੱਤਤਾ ਉੱਪਰ ਚਾਨਣਾ ਪਾਇਆ। ਜ਼ਿੰਦਗੀ ਦੇ ਮੁੱਢਲੇ ਸਾਲਾਂ ਵਿਚ ਜੇ ਸਕੂਲੀ ਪੜਾਈ ਮਾਤ-ਭਾਸ਼ਾ ਤੋਂ ਸ਼ੁਰੂ ਨਾ ਕੀਤੀ ਗਈ ਤਾਂ ਇਸ ਦਾ ਸਾਨੂੰ ਵੱਡਾ ਖਮਿਆਜਾ ਭੁਗਤਣਾ ਪਵੇਗਾ।ਉਹਨਾਂ ਅਜਿਹੀ ਸਿਖਿਆ ਪ੍ਰਣਾਲੀ ਬਣਾਉਣ ਉੱਤੇ ਜ਼ੋਰ ਦਿੱਤਾ ਜੋ ਸਾਰੇ ਬੱਚਿਆਂ ਨੂੰ ਹੁਨਰਮੰਦ ਬਣਾਉਣ ਵਿਚ ਮਦਦ ਕਰੇ।
ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਟੀਚੇ ਉੱਤੇ ਕੇਂਦਰਤ ਰਹਿਣ ਦੀ ਸਲਾਹ ਦਿਤੀ। ਡਾ. ਪਰਿਤਪਾਲ ਸਿੰਘ ਨੇ ਭਾਈ ਵੀਰ ਸਿੰਘ ਦੀ ਦੇਣ ਨੂੰ ਸਖਸ਼ੀ, ਵਿਦਿਅਕ ਅਤੇ ਸਾਹਿਤਕ ਤਿੰਨ ਭਾਗਾਂ ਵਿਚ ਵੰਡਿਆ ਅਤੇ ਕਿਹਾ ਕਿ ਭਾਈ ਵੀਰ ਸਿੰਘ ਨੇ ਵੱਖ-ਵੱਖ ਸੰਸਥਾਵਾਂ ਨੂੰ ਸਥਾਪਿਤ ਕਰਨ ਦਾ ਕੰਮ ਕੀਤਾ।ਉਹਨਾਂ ਦਾ ਸੰਤ ਸੁਭਾਅ ਹੋਣ ਕਰਕੇ ਉਹ ਇਨਾਮ ਲੈਣ ਤੋਂ ਵੀ ਝਿਜਕਦੇ ਸਨ। ਪੰਜਾਬੀਆਂ ਨੂੰ ਉਹਨਾਂ ਦੇ ਸਖਸ਼ੀ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ। ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਡਾ. ਵੀਰਪਾਲ ਕੌਰ, ਡਾਇਰੈਕਟਰ, ਭਾਸ਼ਾ ਵਿਭਾਗ ਸ਼ਾਮਿਲ ਹੋਏ। ਡਾ. ਵੀਰਪਾਲ ਕੌਰ ਨੇ ਕਿਹਾ ਕਿ ਭਾਈ ਵੀਰ ਸਿੰਘ ਜੀ ਨੇ ਇਕ ਸੰਸਥਾ ਤੋਂ ਵੀ ਵੱਧ ਕੰਮ ਕੀਤਾ। ਉਹਨਾਂ ਤੋਂ ਸੇਧ ਲੈ ਕੇ ਉਹਨਾਂ ਦੇ ਸਮਕਾਲੀਆਂ ਨੇ ਪੰਜਾਬੀ ਵਿਚ ਸਾਹਿਤ ਰਚਨਾ ਦੀ ਸ਼ੁਰਆਤੂ ਕੀਤੀ। ਉਹਨਾਂ ਦੀ ਰਚਨਾਵਾਂ ਤੋਂ ਅੱਜ ਦੀ ਪੀੜੀ ਵੀ ਸੇਧ ਲੈ ਰਹੀ ਹੈ। ਨੌਜਵਾਨ ਪੀੜੀ ਤੱਕ ਉਹਨਾਂ ਦਾ ਸੁਨੇਹਾ ਪਹੁੰਚਾਉਣਾ ਹੀ ਸਭ ਤੋਂ ਵੱਡੀ ਦੇਣ ਹੋਵੇਗੀ। ਸੈਸ਼ਨ ਦੇ ਅਰੰਭ ਵਿਚ ਯੂਨੀਵਰਸਿਟੀ ਦੇ ਡੀਨ, ਅਕਾਦਮਿਕ ਮਾਮਲੇ, ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਦੁਆਰਾ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਨੇ ਕਿਹਾ ਕਿ ਭਾਈ ਵੀਰ ਸਿੰਘ ਜੀ ਦੀਆਂ ਕਵਿਤਾਵਾਂ ਉੇਚੇਰੇ ਅਧਿਆਤਮਕ ਅਰਥ ਵੀ ਰੱਖਦੀਆਂ ਹਨ ਅਤੇ ਸਾਡੀ ਆਮ ਜੀਵਨ-ਜਾਂਚ ਵਿਚ ਵੀ ਬਹੁਤ ਮਹੱਤਵਪੂਰਣ ਹਨ। ਭਾਈ ਵੀਰ ਸਿੰਘ ਦੀ ਕਲਮ ਨੇ ਸਾਹਿਤ ਅਤੇ ਪੰਜਾਬ ਰਾਜ ਲਈ ਬਹੁਤ ਮਹੱਤਵਪੂਰਣ ਯੋਗਦਾਨ ਪਾਇਆ। ਕਾਨਫਰੰਸ ਦੀ ਰਿਪੋਰਟ ਡਾ. ਹਰਪ੍ਰੀਤ ਕੌਰ ਵੱਲੋਂ ਪੜੀ ਗਈ ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਭਾਈ ਵੀਰ ਸਿੰਘ ਅਜਿਹੀ ਸਖਸ਼ੀਅਤ ਸਨ ਜਿਨ੍ਹਾਂ ਨੇ ਪ੍ਰੋ. ਪੂਰਨ ਸਿੰਘ ਵਰਗੀ ਕੌਮਾਂਤਰੀ ਅਤੇ ਪ੍ਰਬੁੱਧ ਵਿਦਵਾਨ ਹਸਤੀ ਨੂੰ ਪਭਾਵਿਤ ਕੀਤਾ। ਉਹਨਾਂ ਕਿਹਾ ਕਿ ਭਾਈ ਵੀਰ ਸਿੰਘ ਨੂੰ ਸਰਕਾਰ ਦੀਆਂ ਖੂਫੀਆ ਰਿਪੋਰਟਾਂ ਸਰਕਾਰ ਦਾ ਸਭ ਤੋਂ ਪੱਕਾ ਵਿਰੋਧੀ ਮੰਨਦੀਆਂ ਹਨ। ਅਖੀਰ ਵਿਚ ਉਹਨਾਂ ਨੇ, ਪ੍ਰੋ. ਅਜਾਇਬ ਸਿੰਘ ਬਰਾੜ, ਪ੍ਰੋ ਚਾਂਸਲਰ, ਡਾ. ਪਰਿਤਪਾਲ ਸਿੰਘ, ਵਾਈਸ ਚਾਂਸਲਰ, ਡਾ. ਸੁਖਵਿੰਦਰ ਸਿੰਘ ਬਿਲਿੰਗ, ਡਾਇਰੈਕਟਰ, ਭਾਸ਼ਾ ਵਿਭਾਗ ਸਮੇਤ ਕਾਨਫਰੰਸ ਵਿਚ ਸਾਥ ਅਤੇ ਸਹਿਯੋਗ ਦੇਣ ਵਾਲੇ ਹਰ ਜੀਅ ਦਾ ਧੰਨਵਾਦ ਕੀਤਾ।ਇਸ ਕਾਨਫਰੰਸ ਵਿਚ ਭਾਸ਼ਾ ਵਿਭਾਗ, ਫਤਿਹਗੜ੍ਹ ਸਾਹਿਬ ਅਤੇ ਬਿਬੇਕਗੜ ਪ੍ਰਕਾਸ਼ਨ, ਸ੍ਰੀ ਆਨੰਦਪੁਰ ਸਾਹਿਬ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ, ਜਿਸ ਦਾ ਮਨੋਰਥ ਵਿਦਿਆਰਥੀਆਂ ਵਿਚ ਪੜ੍ਹਨ ਦੀ ਰੁਚੀ ਪੈਦਾ ਕਰਨਾ ਅਤੇ ਇਸ ਨੂੰ ਭਰਪੂਰ ਸਫਲਤਾ ਹਾਸਲ ਹੋਈ।

