ਵਿਗਿਆਨ ਮੇਲੇ ਦੇ ਦੂਜੇ ਦਿਨ ‘ਕੌਮੀ ਵਿਗਿਆਨ ਦਿਹਾੜੇ’ ਨੂੰ ਸਮਰਪਿਤ ਵਿਸ਼ੇਸ਼ ਸੈਸ਼ਨ ਕਰਵਾਇਆ
ਟੀ.ਆਈ.ਐੱਫ.ਆਰ.ਮੁੰਬਈ ਦੇ ਸਾਬਕਾ ਪ੍ਰੋਫ਼ੈਸਰ ਨੇ ਦਿੱਤਾ ਮੁੱਖ ਸੁਰ-ਭਾਸ਼ਣ
ਪੰਜਾਬੀ ਯੂਨੀਵਰਸਿਟੀ ਦੇ 1971 ਬੈਚ ਦੇ ਅਲੂਮਨੀ ਰਹੇ ਹਨ ਪ੍ਰੋ. ਕੁਲਿੰਦਰ ਪਾਲ
ਵਿਗਿਆਨਕ ਰੁਚੀ ਪੈਦਾ ਕਰਨ ਬਾਰੇ ਹੋਈਆਂ ਵਿਚਾਰਾਂ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਰਵਾਏ ਜਾ ਰਹੇ ਵਿਗਿਆਨ ਮੇਲੇ ਦੇ ਦੂਜੇ ਦਿਨ ਕੌਮੀ ਵਿਗਿਆਨ ਦਿਹਾੜੇ ਦੇ ਸੰਬੰਧ ਵਿੱਚ ਇੱਕ ਵਿਸ਼ੇਸ਼ ਸੈਸ਼ਨ ਕਰਵਾਇਆ ਗਿਆ। ਟਾਟਾ ਇੰਸਟੀਚਿਊਟ ਆਫ਼ ਫੰਡਾਮੈਂਟਲ ਰਿਸਰਚ, ਮੁੰਬਈ ਦੇ ਸਾਬਕਾ ਪ੍ਰੋਫ਼ੈਸਰ ਪ੍ਰੋ. ਕੁਲਿੰਦਰ ਪਾਲ ਸਿੰਘ ਨੇ ਇਸ ਵਿਸ਼ੇਸ਼ ਸੈਸ਼ਨ ਵਿੱਚ ਮੁੱਖ ਸੁਰ ਭਾਸ਼ਣ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਪੰਜਾਬੀ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਤੋਂ 1971 ਦੌਰਾਨ ਬੀ. ਐੱਸ-ਸੀ. ਕਰ ਕੇ ਗਏ ਸਨ ਮੌਜੂਦਾ ਸਮੇਂ ਉਹ ਇੰਡੀਅਨ ਇੰਸਟੀਚੂਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ ਵਿਖੇ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਆਪਣੇ ਭਾਸ਼ਣ ਵਿੱਚ ਪੁਲਾੜ ਵਿਗਿਆਨ ਦੀਆਂ ਨਵੀਆਂ ਖੋਜਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇਸ਼ ਪੁਲਾੜ ਵਿਗਿਆਨ ਦੇ ਖੇਤਰ ਵਿੱਚ ਨਵੇਂ ਮੀਲ ਪੱਥਰ ਸਥਾਪਿਤ ਕਰ ਰਿਹਾ ਹੈ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਰੌਚਿਕ ਵਿਗਿਆਨਕ ਤੱਥ ਸਾਂਝੇ ਕੀਤੇ। ਇਸ ਸੈਸ਼ਨ ਦੇ ਮੁੱਖ ਮਹਿਮਾਨ ਪ੍ਰੋ. ਸੁਦੇਸ਼ਨਾ ਸਿਨਹਾ, ਡਿਪਟੀ ਡਾਇਰੈਕਟਰ, ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਅਤੇ ਰਿਸਰਚ, ਮੋਹਾਲੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਿਗਿਆਨ ਪ੍ਰਤੀ ਆਪਣੀ ਰੁਚੀ ਜਗਾਉਣ ਅਤੇ ਨਵੀਨਤਮ ਖੋਜਾਂ ਕਰਨ ਲਈ ਪ੍ਰੇਰਤ ਕੀਤਾ।
ਇਸ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਆਪਣੀ ਜਿੰਦਗੀ ਵਿੱਚ ਪਲਾਸਟਿਕ ਦੀ ਰੋਜਾਨਾ ਵਰਤੋਂ ਤੋ ਗੁਰੇਜ਼ ਕਰਨ ਲਈ ਕਿਹਾ ਅਤੇ ਨਾਲ ਹੀ ਅਜੋਕੇ ਸਮੇਂ ਵਿੱਚ ਵਾਤਾਵਰਣ ਨੂੰ ਬਚਾਉਣ ਲਈ ਆਪਣੀ ਜੀਵਨ ਸ਼ੈਲੀ ਨੂੰ ਬਦਲਣ ਉੱਤੇ ਜ਼ੋਰ ਦਿੱਤਾ। ਡੀਨ ਅਕਾਦਮਿਕ ਮਾਮਲੇ ਪ੍ਰੋ. ਏ. ਕੇ. ਤਿਵਾੜੀ ਨੇ ਇਸ ਵਿਗਿਆਨ ਮੇਲੇ ਦੀ ਰੂਪਰੇਖਾ ਅਤੇ ਉਦੇਸ਼ ਬਾਰੇ ਜਾਣਕਾਰੀ ਦਿੱਤੀ। ਵਿਗਿਆਨ ਮੇਲੇ ਦੇ ਕੋਆਰਡੀਨੇਟਰ ਡਾ. ਬਲਵਿੰਦਰ ਸਿੰਘ ਸੂਚ, ਮੁਖੀ ਬਾਇਓਟੈਕਨਾਲੋਜੀ ਅਤੇ ਭੋਜਨ ਤਕਨਾਲੋਜੀ ਵਿਭਾਗ ਨੇ ਦੱਸਿਆ ਕਿ ਇਸ ਮੇਲੇ ਵਿੱਚ ਵੱਖ ਵੱਖ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਵਰਕਸ਼ਾਪਾਂ, ਵਿਸ਼ੇਸ਼ ਲੈਚਕਰ ਲੜੀਆਂ, ਵਿਗਿਆਨ ਪ੍ਰਦਰਸ਼ਨੀਆਂ, ਕੁਇਜ ਮੁਕਾਬਲੇ, ਪੋਸਟਰ ਮੁਕਾਬਲੇ ਅਤੇ ਲੇਖ ਮੁਕਾਬਲਿਆਂ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ ਹੈ। ਡਾ. ਗੁਰਪ਼ੀਤ ਸਿੰਘ, ਕੋਆਰਡੀਨੇਟਰ, ਵਿਗਿਆਨ ਉਤਸਵ ਨੇ ਇਸ ਮੌੌਕੇ ਇਸ ਸਾਲ ਦੇ ਥੀਮ ‘ਵਿਸ਼ਵ ਤੰਦਰੁਸਤੀ ਲਈ ਵਿਸ਼ਵ ਵਿਗਿਆਨ’ ਬਾਰੇ ਜਾਣਕਾਰੀ ਦਿੱਤੀ। ਡੀਨ ਖੋਜ ਪ੍ਰੋ. ਮਨਜੀਤ ਸਿੰਘ ਪਾਤੜ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

