ਖ਼ਾਲਸਾ ਕਾਲਜ ਪਟਿਆਲਾ ਦੇ ਬੁੱਕ ਕਲੱਬ ਬਿਬਲੀਓਫਾਈਲਜ਼ ਨੇ ਕਰਵਾਇਆ ਕਹਾਣੀ ਲੇਖਣ ਮੁਕਾਬਲਾ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ, ਪਟਿਆਲਾ ਦੇ ਸਕੂਲ ਆਫ਼ ਕਾਮਰਸ ਐਂਡ ਮੈਨੇਜਮੈਂਟ ਦੇ ਬੁੱਕ ਕਲੱਬ ਬਿਬਲੀਓਫਾਈਲਜ਼ ਵੱਲੋਂ ਤਸਵੀਰ ਆਧਾਰਿਤ ਕਹਾਣੀ ਲੇਖਣ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਵਿੱਚ ਐਮ.ਬੀ.ਏ. ਲੀਡਰਸ਼ਿਪ ਐਂਡ ਡਿਵੈਲਪਮੈਂਟ, ਐਮ.ਕਾਮ, ਬੀ.ਬੀ.ਏ. ਅਤੇ ਬੀ.ਕਾਮ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਵੱਲੋਂ 30 ਵੱਖ-ਵੱਖ ਕਹਾਣੀਆਂ ਪੇਸ਼ ਕੀਤੀਆਂ ਗਈਆਂ। ਉਨ੍ਹਾਂ ਨੇ ਆਪਣੀਆਂ ਕਹਾਣੀਆਂ ਰਾਹੀਂ ਤਸਵੀਰ ਦੇ ਸਕਾਰਾਤਮਕ ਅਤੇ ਨਕਾਰਾਤਮਕ ਪੱਖਾਂ ਦਾ ਵਰਣਨ ਕੀਤਾ। ਜਿਸ ਵਿੱਚੋਂ ਤਿੰਨ ਵਧੀਆ ਕਹਾਣੀਆਂ ਦੀ ਚੋਣ ਕੀਤੀ ਗਈ ਜਿਨ੍ਹਾਂ ਵਿਚ ਪੱਲਵੀ, ਐਮ.ਬੀ.ਏ (ਐਲ.ਡੀ.)-1 ਨੇ ਪਹਿਲਾ, ਮਹਿਕਪ੍ਰੀਤ ਕੌਰ, ਐਮ.ਕਾਮ-1, ਨੇ ਦੂਜਾ ਅਤੇ ਬੀਬੀਏ-1 ਦੇ ਪ੍ਰਥਮ ਮਿੱਤਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੁਕਾਬਲਿਆਂ ਦੇ ਜੇਤੂਆਂ ਨੂੰ ਸਰਟੀਫਿਕੇਟ ਅਤੇ ਇਨਾਮ ਵੰਡੇ ਗਏ।
ਕਾਲਜ ਦੇ ਪਿੰ੍ਰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਤਸਵੀਰ ’ਤੇ ਆਧਾਰਿਤ ਖ਼ੂਬਸੂਰਤ ਮਨਮੋਹਕ ਕਹਾਣੀਆਂ ਲਿਖਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਨਾ ਸਿਰਫ਼ ਵਿਦਿਆਰਥੀਆਂ ਨੂੰ ਵਧੇਰੇ ਨਵੀਨਤਾਕਾਰੀ, ਸਿਰਜਣਾਤਮਕ ਅਤੇ ਰਵਾਇਤ ਤੋਂ ਬਾਹਰ ਸੋਚਣ ਲਈ ਉਤਸ਼ਾਹਿਤ ਕਰਦੇ ਹਨ ਉਥੇ ਵਧੀਆ ਲਿਖਣ ਅਤੇ ਸੰਚਾਰ ਹੁਨਰ ਨੂੰ ਵਿਕਸਤ ਕਰਨ ਵਿੱਚ ਵੀ ਮਦਦ ਕਰਦੇ ਹਨ। ਡਾ. ਉੱਭਾ ਨੇ ਇਸ ਸਮਾਗਮ ਵਿੱਚ ਵਿਦਿਆਰਥੀਆਂ ਦੇ ਉਤਸ਼ਾਹੀ ਢੰਗ ਨਾਲ ਭਾਗ ਲੈਣ ਦੀ ਵੀ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕੀਤਾ। ਡਿਪਟੀ ਪਿ੍ਰੰਸੀਪਲ ਅਤੇ ਵਿਭਾਗ ਦੇ ਮੁਖੀ ਡਾ. ਜਸਲੀਨ ਕੌਰ ਨੇ ਸਮਾਗਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ’ਤੇ ਬੁੱਕ ਕਲੱਬ ਮੈਂਬਰਾਂ ਨੂੰ ਵਧਾਈ ਦਿੱਤੀ ਉਨ੍ਹਾਂ ਕਿਹਾ ਕਿ ਤਸਵੀਰ ’ਤੇ ਆਧਾਰਿਤ ਕਹਾਣੀ ਬਣਾਉਣਾ ਇਕ ਕਲਾ ਹੈ ਅਤੇ ਵਿਦਿਆਰਥੀਆਂ ਦੀ ਸੋਚ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਦਾ ਮੰਚ ਪ੍ਰਦਾਨ ਕਰਦਾ ਹੈ। ਇਹ ਸਾਰਾ ਪ੍ਰੋਗਰਾਮ ਬੁੱਕ ਕਲੱਬ ਦੀ ਕਨਵੀਨਰ ਡਾ. ਕੋਮਲ ਰੰਧਾਵਾ ਅਤੇ ਆਰਗੇਨਾਈਜ਼ਰ ਪ੍ਰੋ. ਪੁਨੀਤਪਾਲ ਕੌਰ ਦੀ ਦੇਖ ਰੇਖ ਵਿੱਚ ਨੇਪਰੇ ਚੜਿਆ।

