ਖ਼ਾਲਸਾ ਕਾਲਜ ਪਟਿਆਲਾ ਵੱਲੋਂ ਪੰਜਾਬ ਦਿਵਸ ਮੌਕੇ ਵਿਸ਼ੇਸ਼ ਸੈਮੀਨਾਰ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਜੌਗਰਫੀ ਵਿਭਾਗ, ਰਾਜਨੀਤਿਕ ਵਿਗਿਆਨ ਵਿਭਾਗ ਅਤੇ ਕਿਰਤ ਕਲੱਬ ਵੱਲੋਂ ਸਾਂਝੇ ਤੌਰ ਤੇ ਅੱਜ ਪੰਜਾਬ ਦਿਵਸ ਦੇ ਵਿਸ਼ੇਸ਼ ਮੌਕੇ ’ਪੰਜਾਬ ਕੀ ਖੱਟਿਆ ਕੀ ਗਵਾਇਆ’ ਵਿਸ਼ੇ ’ਤੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸ. ਸੁਰਜੀਤ ਸਿੰਘ ਰੱਖੜਾ ਆਨਰੇਰੀ ਸਕੱਤਰ ਕਾਲਜ ਗਵਰਨਿਗ ਬਾਡੀ ਅਤੇ ਸ. ਸਤਵਿੰਦਰ ਸਿੰਘ ਟੌਹੜਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਰਤਸਰ ਸਾਹਿਬ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸੈਮੀਨਾਰ ਦਾ ਆਗਾਜ਼ ਕਾਲਜ ਪਿ੍ਰੰਸੀਪਲ ਡਾ ਧਰਮਿੰਦਰ ਸਿੰਘ ਉੱਭਾ ਵੱਲੋਂ ਆਏ ਹੋਏ ਮਹਿਮਾਨਾ ਦੇ ਸਵਾਗਤ ਨਾਲ ਹੋਇਆ। ਇਸ ਮੌਕੇ ਉਨਾਂ ਇਹ ਵੀ ਕਿਹਾ ਕਿ 1966 ਦੇ ਪੰਜਾਬ ਪੁਨਰ ਗਠਨ ਐਕਟ ਨਾਲ ਪੰਜਾਬ ਦੀਆਂ ਹੱਦਾਂ ਨੂੰ ਬਹੁਤ ਹੀ ਸੀਮਤ ਕਰ ਦਿੱਤਾ ਗਿਆ। ਜਿੱਥੇ ਅਨੇਕਾਂ ਹੀ ਪੰਜਾਬੀ ਬੋਲਦੇ ਇਲਾਕੇ ਇਸ ਵਿੱਚੋਂ ਬਾਹਰ ਰੱਖੇ ਗਏ ਉੱਥੇ ਨਾਲ ਦੀ ਨਾਲ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵਾਲੇ ਸਾਧਨਾਂ ਦਾ ਕੰਟਰੋਲ ਪੰਜਾਬ ਦੀ ਬਜਾਏ ਕੇਂਦਰ ਨੂੰ ਦੇ ਦਿੱਤਾ ਗਿਆ। ਜਿਸ ਦੇ ਨਤੀਜੇ ਵਜੋਂ ਪੰਜਾਬ ਲਗਾਤਾਰ ਕਰਜ਼ੇ ਦੀ ਮਾਰ ਹੇਠ ਆਉਂਦਾ ਗਿਆ ਅਤੇ ਪੰਜਾਬ ਦੀ ਪਹਿਲਾਂ ਵਾਲੀ ਇਤਿਹਾਸਿਕ ਸ਼ਾਨ ਕਾਇਮ ਨਾ ਰਹਿ ਸਕੀ ।
ਸ. ਸੁਰਜੀਤ ਸਿੰਘ ਰੱਖੜਾ ਨੇ ਇਸ ਮੌਕੇ ਕਿਹਾ ਕਿ ਪੰਜਾਬ ਹਮੇਸ਼ਾ ਹੀ ਭਾਰਤ ਦੇ ਬਾਕੀ ਸੂਬਿਆਂ ਤੋਂ ਮੋਹਰੀ ਰਿਹਾ ਪ੍ਰੰਤੂ ਪਿਛਲੇ ਸਮਿਆਂ ਦੌਰਾਨ ਲਏ ਗਏ ਕੁਝ ਗਲਤ ਫੈਸਲਿਆਂ ਦੀ ਬਦੌਲਤ ਅਤੇ ਸਰਕਾਰ ਦੀਆਂ ਮੁਫਤ ਸਕੀਮਾਂ ਕਰਕੇ ਪੰਜਾਬ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੁੰਦਾ ਜਾ ਰਿਹਾ। ਉਹਨਾਂ ਵਿਦਿਆਰਥੀਆਂ ਨੂੰ ਨਸੀਹਤ ਵੀ ਦਿੱਤੀ ਕਿ ਪਰਦੇਸਾਂ ਵੱਲ ਭੱਜਣ ਦੀ ਬਜਾਏ ਸਾਨੂੰ ਆਪ ਹੀ ਹੰਭਲਾ ਮਾਰ ਕੇ ਪੰਜਾਬ ਦੇ ਬਿਹਤਰ ਭਵਿੱਖ ਲਈ ਕੰਮ ਕਰਨਾ ਪਵੇਗਾ । ਸੈਮੀਨਾਰ ਦੇ ਮੁੱਖ ਵਕਤਾ ਡਾ ਦਵਿੰਦਰ ਸਿੰਘ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਸ਼ਾਨਾਮੱਤੇ ਇਤਿਹਾਸ ’ਤੇ ਚਾਨਣਾ ਪਾਇਆ। ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਪਹਿਲਾਂ ਵੀ ਇਹੋ ਜਿਹੀਆਂ ਮਾੜੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਦਾ ਰਿਹਾ ਅਤੇ ਪੰਜਾਬ ਦੇ ਵਾਸੀ ਹਮੇਸ਼ਾ ਹੀ ਔਕੜਾਂ ਵਿੱਚੋਂ ਤਕੜੇ ਹੋ ਕੇ ਨਿਕਲੇ ਹਨ । ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਪੰਜਾਬ ਲਗਾਤਾਰ ਤਕਸੀਮ ਦਰ ਤਕਸੀਮ ਹੁੰਦਾ ਰਿਹਾ ਹੈ। ਉਨ੍ਹਾਂ ਇਹ ਆਸ ਵੀ ਪ੍ਰਗਟ ਕੀਤੀ ਕਿ ਕੋਈ ਵੀ ਇਤਿਹਾਸਿਕ ਸਥਿਤੀ ਸਦੀਵੀ ਨਹੀਂ ਹੁੰਦੀ ਵਕਤੀ ਹੁੰਦੀ ਹੈ ਅਤੇ ਪੰਜਾਬ ਵੀ ਇਸ ਸਮਕਾਲੀ ਸਥਿਤੀ ਵਿੱਚੋਂ ਉਭਰ ਕੇ ਸੁਨਹਿਰੀ ਭਵਿੱਖ ਵੱਲ ਸਫਰ ਕਰੇਗਾ। ਸ. ਸਤਵਿੰਦਰ ਸਿੰਘ ਟੌਹੜਾ ਨੇ ਵੀ ਇਸ ਮੌਕੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਵੱਲ ਭੱਜਣ ਦੀ ਬਜਾਏ ਇਥੇ ਰਹਿ ਕੇ ਕਿਰਤ ਕਮਾਈ ਨਾਲ ਖੁਸ਼ਹਾਲ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਤੋਂ ਇਲਾਵਾ ਡਾ ਗੁਰਵੀਰ ਸਿੰਘ, ਪ੍ਰੋ. ਜਗਰੂਪ ਕੌਰ, ਪ੍ਰੋ. ਹਰਮਨਪ੍ਰੀਤ ਸਿੰਘ, ਪ੍ਰੋ. ਰਵਿੰਦਰ ਸਿੰਘ ਅਤੇ ਪ੍ਰੋ. ਅਮਨਦੀਪ ਸਿੰਘ ਵੀ ਹਾਜ਼ਰ ਸਨ। ਮੰਚ ਦਾ ਸੰਚਾਲਨ ਡਾ. ਗੋਰਖ ਸਿੰਘ ਤੇਜਾ ਮੁਖੀ ਪੋਸਟ ਗ੍ਰੈਜੂਏਟ ਜੌਗਰਫੀ ਵਿਭਾਗ ਵੱਲੋਂ ਬਾਖੂਬੀ ਕੀਤਾ ਗਿਆ।

