ਪੰਜਾਬਪਟਿਆਲਾ

ਪਟਿਆਲਾ ਦਿਹਾਤੀ ਹਲਕੇ ‘ਚ ਸੁਖਬੀਰ ਬਾਦਲ ਕਰਨਗੇ ਸੰਗਤ ਦਰਸ਼ਨ

ਪ੍ਰੋਗਰਾਮ ਨੂੰ ਲੈ ਕੇ ਚਰਨਜੀਤ ਬਰਾੜ ਤੇ ਸਤਬੀਰ ਖੱਟੜਾ ਨੇ ਕੀਤੀ ਮੀਟਿੰਗ
ਪਟਿਆਲਾ, 13 ਜੁਲਾਈ (ਕੰਵਰ ਬੇਦੀ)
ਪਟਿਆਲਾ ਦਿਹਾਤੀ ਹਲਕੇ ਦੇ ਵਿਕਾਸ ਵਾਸਤੇ ਪੰਜਾਬ ਸਰਕਾਰ ਨੇ ਬਲੂਪ੍ਰਿੰਟ ਤਿਆਰ ਕਰ ਲਿਆ ਹੈ ਤੇ ਇਸਨੂੰ ਅਮਲੀ ਜਾਮਾ ਪਹਿਨਾਉਣ ਵਾਸਤੇ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਲਦ ਹੀ ਸੰਗਤ ਦਰਸ਼ਨ ਪ੍ਰੋਗਰਾਮ ਕਰਨਗੇ। ਇਹ ਖੁਲਾਸਾ ਅੱਜ ਉਪ ਮੁੱਖ ਮੰਤਰੀ ਦੇ ਓ ਐਸ ਡੀ ਤੇ ਪਟਿਆਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਚਰਨਜੀਤ ਸਿੰਘ ਬਰਾੜ ਨੇ ਕੀਤਾ ਹੈ।

ਸੰਗਤ ਦਰਸ਼ਨ ਪ੍ਰੋਗਰਾਮ ਦੀ ਤਿਆਰੀ ਹਿੱਤ ਪਟਿਆਲਾ ਦਿਹਾਤੀ ਹਲਕੇ ਵਿਚ ਪੈਂਦੇ ਵਾਰਡਾਂ ਦੇ ਕੌਂਸਲਰਾਂ ਨਾਲ ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਸ੍ਰੀ ਬਰਾੜ ਨੇ ਦੱਸਿਆ ਕਿ ਪਟਿਆਲਾ ਦਾ ਵਿਕਾਸ ਪੰਜਾਬ ਸਰਕਾਰ ਦੇ ਤਰਜੀਹੀ ਏਜੰਡੇ ‘ਤੇ ਹੈ। ਉਹਨਾਂ ਕਿਹਾ ਕਿ ਜਲਦ ਹੀ ਪਟਿਆਲਾ ਵਾਸਤੇ ਗ੍ਰਾਂਟਾਂ ਦੇ ਗੱਫੇ ਸੰਗਤ ਦਰਸ਼ਨ ਪ੍ਰੋਗਰਾਮ ਰਾਹੀਂ ਵੰਡੇ ਜਾਣਗੇ ਤੇ ਵਿਰੋਧੀਆਂ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਝੂਠਾ ਸਾਬਤ ਕਰਨਗੇ। ਉਹਨਾਂ ਕਿਹਾ ਕਿ ਪੰਜਾਬ ਦੇ ਬਾਕੀ ਹਿੱਸਿਆ ਵਾਂਗ ਹੀ ਸਰਕਾਰ ਪਟਿਆਲਾ ਜ਼ਿਲ੍ਹੇ ਦੇ ਵਿਕਾਸ ਕਾਰਜਾਂ ‘ਤੇ ਵੀ ਧਿਆਨ ਕੇਂਦਰਿਤ ਕਰ ਰਹੀ ਹੈ ਤੇ ਇਸ ਜ਼ਿਲ੍ਹੇ ਵਿਚ ਮੌਜੂਦਾ ਸਮੇਂ ਵਿਚ ਹੋ ਰਹੇ ਕੰਮਾਂ ਤੇ ਹੋਣ ਵਾਲੇ ਕੰਮਾਂ ਦੀ ਬਦੌਲਤ ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ ਰਹਿ ਜਾਵੇਗਾ।
ਸ੍ਰੀ ਬਰਾੜ ਨੇ ਕਿਹਾ ਕਿ ਸਾਡੀ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਜ਼ੀਰਕਪੁਰ ਤੋਂ ਪਟਿਆਲਾ ਤੱਕ ਸੜਕ ਚਹੁੰ ਮਾਰਗੀ ਕੀਤੀ ਜਾ ਰਹੀ ਹੈ ਤੇ ਪਟਿਆਲਾ ਤੋਂ ਬਠਿੰਡਾ ਤੱਕ ਵੀ ਚਹੁੰ ਮਾਰਗੀ ਕੀਤੀ ਜਾ ਰਹੀ ਹੈ। ਪੰਜਾਬ ਵਿਚ ਰਾਜ ਕਰਨ ਵਾਲੇ ਤੇ ਕੇਂਦਰ ਵਿਚ ਵਜੀਰੀਆਂ ਦਾ ਆਨੰਦ ਮਾਣਨ ਵਾਲਿਆਂ ਨੇ ਤਾਂ ਪਟਿਆਲਾ ਲਈ ਕਦੇ ਡੱਕਾ ਵੀ ਨਹੀਂ ਤੋੜਿਆ।
ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਾਂਗ 18 ਜੁਲਾਈ ਨੂੰ ਪਟਿਆਲਾ ਜ਼ਿਲ੍ਹੇ ਦੀਆਂ ਪੰਚਾਇਤਾਂ ਵੱਲੋਂ ਵੀ ਸਤਲੁਜ ਯਮੁਨਾ ਲਿੰਕ ਨਹਿਰ ਖਿਲਾਫ ਮਤੇ ਪਾਸ ਕਰ ਕੇ ਡਿਪਟੀ ਕਮਿਸ਼ਨਰ ਨੂੰ ਸੌਂਪੇ ਜਾਣਗੇ ਤੇ ਇਹ ਨਹਿਰ ਕਿਸੇ ਵੀ ਕੀਮਤ ‘ਤੇ ਨਹੀਂ ਬਣਨ ਦਿੱਤੀ ਜਾਵੇਗੀ।
ਇਸ ਮੌਕੇ ਐਡਵੋਕੇਟ ਸਤਬੀਰ ਸਿੰਘ ਖੱਟੜਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਵੱਲੋਂ ਪਟਿਆਲਾ ਦਿਹਾਤੀ ਹਲਕੇ ਦੇ ਵਿਕਾਸ ਕਾਰਜਾਂ ਦੀ ਸ਼ਨਾਖ਼ਤ ਕਰ ਕੇ ਇਹਨਾਂ ਨੂੰ ਪੂਰਾ ਕਰਵਾਉਣ ਵਾਸਤੇ ਵਿਸ਼ੇਸ਼ ਹੁਕਮ ਜਾਰੀ ਕੀਤੇ ਗਏ ਹਨ ਤੇ ਸੰਗਤ ਦਰਸ਼ਨ ਪ੍ਰੋਗਰਾਮ ਵਿਚ ਵੱਖ ਵੱਖ ਕਾਰਜਾਂ ਲਈ ਗਰਾਂਟਾਂ ਦੀ ਵੰਡ ਕੀਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਸੁਰਿੰਦਰ ਸਿੰਘ ਪਹਿਲਵਾਨ, ਜਥੇਦਾਰ ਰਣਧੀਰ ਸਿੰਘ ਰੱਖੜਾ ਪ੍ਰਧਾਨ ਅਕਾਲੀ ਦਲ, ਬਲਵਿੰਦਰ ਕੌਰ ਚੀਮਾ ਤੇ ਗੁਰਮੀਤ ਕੌਰ ਬਰਾੜ ਕ੍ਰਮਵਾਰ ਦਿਹਾਤੀ ਤੇ ਸ਼ਹਿਰੀ ਪ੍ਰਧਾਨ ਇਸਤਰੀ ਅਕਾਲੀ ਦਲ, ਮੁੱਖ ਬੁਲਾਰੇ ਨਰਦੇਵ ਸਿੰਘ ਆਕੜੀ, ਹਰਵਿੰਦਰ ਸਿੰਘ ਬੱਬੂ, ਜਸਪਾਲ ਸਿੰਘ ਬਿੱਟੂ ਚੱਠਾ, ਮਾਲਵਿੰਦਰ ਸਿੰਘ ਝਿੱਲ, ਰਾਜਿੰਦਰ ਸਿੰਘ ਵਿਰਕ, ਗੁਰਵਿੰਦਰ ਸਿੰਘ ਧੀਮਾਨ, ਸੁਖਬੀਰ ਸਿੰਘ ਅਬਲੋਵਾਲ, ਜਸਵੰਤ ਸਿੰਘ ਟਿਵਾਣਾ, ਬਲਵਿੰਦਰ ਸਿੰਘ ਕੰਗ ਪ੍ਰਧਾਨ, ਅਮਰੀਕ ਸਿੰਘ ਸਿਉਣਾ, ਗੁਰਪ੍ਰੀਤ ਸਿੰਘ ਚੀਮਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *