ਆਸਟਰੇਲੀਅਨ ਹਾਈ ਕਮਿਸ਼ਨ ਵੱਲੋਂ ਸਿੱਖਿਆ ਮੰਤਰੀ ਡਾ.ਚੀਮਾ ਨਾਲ ਵਿਸ਼ੇਸ਼ ਮੁਲਾਕਾਤ
ਚੰਡੀਗੜ੍ਹ, 25 ਜੁਲਾਈ (ਮਧੂਸਾਰ ਬਿਊਰੋ)
ਆਸਟਰੇਲੀਅਨ ਹਾਈ ਕਮਿਸ਼ਨਰ ਮੈਡਮ ਹਰਿੰਦਰ ਸਿੱਧੂ ਵੱਲੋਂ ਅੱਜ ਪੰਜਾਬ ਦੇ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਥੇ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ ਹੋਈ ਮੀਟਿੰਗ ਵਿੱਚ ਆਸਟਰੇਲੀਅਨ ਹਾਈ ਕਮਿਸ਼ਨਰ ਤੇ ਡਾ.ਚੀਮਾ ਨੇ ਸਿੱਖਿਆ ਖੇਤਰ ਵਿੱਚ ਸਹਿਯੋਗ ਦੇਣ ‘ਤੇ ਵਿਚਾਰਾਂ ਕੀਤੀਆਂ।
ਮੀਟਿੰਗ ਦੌਰਾਨ ਡਾ.ਚੀਮਾ ਨੇ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਹੁਨਰ ਵਿਕਾਸ ਲਈ ਦਿੱਤੀ ਜਾ ਰਹੀ ਵੋਕੇਸ਼ਨਲ ਸਿੱਖਿਆ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰਵਾਇਤੀ ਵੋਕੇਸ਼ਨਲ ਸਿੱਖਿਆ ਦੇ ਨਾਲ ਸਿੱਖਿਆ ਵਿਭਾਗ ਵੱਲੋਂ ਕੌਮੀ ਹੁਨਰ ਵਿਕਾਸ ਕੇਂਦਰ (ਐਨ.ਐਸ.ਡੀ.ਸੀ.) ਦੀ ਮੱਦਦ ਨਾਲ 400 ਸਕੂਲਾਂ ਵਿੱਚ ਆਧੁਨਿਕ ਸਮੇਂ ਦੀ ਲੋੜ 9 ਟਰੇਡਾਂ ਵਿੱਚ ਨੌਵੀਂ ਕਲਾਸ ਤੋਂ ਵੋਕੇਸ਼ਨਲ ਸਿੱਖਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਹੁਸ਼ਿਆਰ ਵਿਦਿਆਰਥੀਆਂ ਲਈ ਖੋਲ੍ਹੇ 10 ਮੈਰੀਟੋਰੀਅਸ ਸਕੂਲਾਂ ਬਾਰੇ ਵੀ ਜਾਣਕਾਰੀ ਦਿੱਤੀ ਜਿੱਥੇ ਵਿਦਿਆਰਥੀਆਂ ਨੂੰ ਮੁਕੰਮਲ ਮੁਫਤ ਸਿੱਖਿਆ ਦੇ ਨਾਲ ਮੁਫਤ ਰਿਹਾਇਸ਼ ਤੇ ਖਾਣਾ ਦਿੱਤਾ ਜਾਂਦਾ ਹੈ। ਲੜਕੀਆਂ ਨੂੰ ਬਾਰ੍ਹਵੀਂ ਤੱਕ ਮੁਕੰਮਲ ਮੁਫਤ ਸਿੱਖਿਆ ਸਮੇਤ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ। ਆਸਟਰੇਲੀਅਨ ਹਾਈ ਕਮਿਸ਼ਨਰ ਵੱਲੋਂ ਪੁੱਛੇ ਜਾਣ ‘ਤੇ ਡਾ.ਚੀਮਾ ਨੇ ਦੱਸਿਆ ਕਿ ਸਿੱਖਿਆ ਦੇ ਖੇਤਰ ਵਿੱਚ ਲੜਕੀਆਂ ਬਹੁਤ ਅੱਗੇ ਆ ਰਹੀਆਂ ਹਨ ਅਤੇ ਮੈਡੀਕਲ ਦੀ ਸਿੱਖਿਆ ਲਈ ਲੜਕੀਆਂ ਜ਼ਿਆਦਾ ਸੀਟਾਂ ਲੈ ਰਹੀਆਂ ਹਨ।
ਆਸਟਰੇਲੀਅਨ ਹਾਈ ਕਮਿਸ਼ਨਰ ਵੱਲੋਂ ਹੁਨਰ ਸਿੱਖਿਆ, ਅਧਿਆਪਕਾਂ ਦੀ ਸਿਖਲਾਈ ਤੇ ਅੰਗਰੇਜ਼ੀ ਭਾਸ਼ਾ ਦੀ ਸਿਖਲਾਈ ਆਦਿ ਦੇ ਖੇਤਰ ਵਿੱਚ ਪੰਜਾਬ ਨੂੰ ਸਹਿਯੋਗ ਦੇਣ ਸਬੰਧੀ ਡਾ.ਚੀਮਾ ਨੇ ਕਿਹਾ ਕਿ ਇਹ ਬਹੁਤ ਵਧੀਆ ਉਦਮ ਹੋਵੇਗਾ ਜੇਕਰ ਆਸਟਰੇਲੀਆ ਤੇ ਇਸ ਖੇਤਰ ਵਿੱਚ ਮਿਲ ਕੇ ਕੰਮ ਕਰਨਗੇ ਜਿਸ ਦਾ ਸਭ ਤੋਂ ਵੱਧ ਫਾਇਦਾ ਪੰਜਾਬ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਹੋਵੇਗਾ। ਇਸ ਤੋਂ ਪਹਿਲਾਂ ਆਸਟਰੇਲੀਅਨ ਹਾਈ ਕਮਿਸ਼ਨਰ ਨੇ ਸਿੱਖਿਆ ਮੰਤਰੀ ਨੂੰ ਦੱਸਿਆ ਕਿ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਆਸਟਰੇਲੀਆ ਵਿੱਚ ਉਚੇਰੀ ਸਿੱਖਿਆ ਹਾਸਲ ਕਰਨ ਜਾਂਦੇ ਹਨ ਜਿਸ ਕਾਰਨ ਸਿੱਖਿਆ ਇਕ ਅਹਿਮ ਖੇਤਰ ਹੈ ਜਿਸ ਵਿੱਚ ਆਸਟਰੇਲੀਆ ਤੇ ਪੰਜਾਬ ਮਿਲ ਕੇ ਕੰਮ ਕਰ ਸਕਦੇ ਹਨ।
ਸਿੱਖਿਆ ਮੰਤਰੀ ਨੇ ਆਸਟਰੇਲੀਅਨ ਹਾਈ ਕਮਿਸ਼ਨਰ ਨੂੰ ਪੰਜਾਬ ਦੀ ਪਛਾਣ ਫੁਲਕਾਰੀ ਤੇ ਸ਼ਾਲ ਨਾਲ ਸਨਮਾਨਤ ਕੀਤਾ। ਇਸ ਮੌਕੇ ਪ੍ਰਮੁੱਖ ਸਕੱਤਰ ਸ੍ਰੀ ਜੀ.ਵਜਰਾਲਿੰਗਮ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪਰਦੀਪ ਅੱਗਰਵਾਲ, ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਬਲਬੀਰ ਸਿੰਘ ਢੋਲ, ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਸ੍ਰੀਮਤੀ ਪੰਕਜ ਸ਼ਰਮਾ ਤੇ ਡਿਪਟੀ ਡਾਇਰੈਕਟਰ ਡਾ.ਗਿੰਨੀ ਦੁੱਗਲ ਵੀ ਹਾਜ਼ਰ ਸਨ।

