ਸਪੇਨ ਭੇਜਣ ਦੀ ਥਾਂ ਟਰੈਵਲ ਏਜੰਟ ਨੇ ਮੋਰੱਕੋ ‘ਚ ਫਸਾਇਆ ਨੌਜਵਾਨ
20 ਲੱਖ ਦੇ ਕਰਜ਼ੇ ਥੱਲੇ ਆਇਆ ਗਰੀਬ ਪਰਿਵਾਰ
ਸੰਤ ਸੀਚੇਵਾਲ ਦੇ ਯਤਨਾ ਸਦਕਾ 10 ਮਹੀਨਿਆਂ ਬਾਅਦ ਹੋਈ ਵਾਪਸੀ
ਨੌਜਵਾਨਾਂ ਨੂੰ ਵਿਦੇਸ਼ ਦੀ ਚਮਕ-ਦਮਕ ਪਿੱਛੇ ਨਾ ਭੱਜਣ ਦੀ ਅਪੀਲ
ਸੁਲਤਾਨਪੁਰ ਲੋਧ 4 ਅਪ੍ਰੈਲ : ਘਰ ਦੀ ਗਰੀਬੀ ਚੁੱਕਣ ਲਈ 22 ਸਾਲਾਂ ਨੌਜਵਾਨ ਅਰਸ਼ਦੀਪ ਸਿੰਘ ਜੋ ਪਿਛਲੇ 10 ਮਹੀਨਿਆਂ ਤੋਂ ਮੋਰੱਕੋ ਵਿੱਚ ਫਸਿਆ ਹੋਇਆ ਸੀ, ਉਸਦੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਘਰ ਵਾਪਸੀ ਹੋ ਗਈ ਹੈ। ਮੁਰੀਦਵਾਲ ਦੇ ਰਹਿਣ ਵਾਲੇ ਨਿਰਮਲ ਸਿੰਘ ਨੇ ਆਪਣੇ 12ਵੀਂ ਪਾਸ ਪੱੁਤਰ ਅਰਸ਼ਦੀਪ ਨੂੰ ਸਪੇਨ ਭੇਜਣ ਲਈ ਰਿਸ਼ਤੇਦਾਰਾਂ ਤੇ ਹੋਰ ਸਾਕ ਸੰਬੰਧੀਆਂ ਕੋਲੋਂ 13 ਲੱਖ ਰੁਪੈ ਇਕੱਠੇ ਕਰਕੇ ਪਿੰਡ ਪੰਮਣਾ ਦੇ ਰਹਿਣ ਵਾਲੇ ਟਰੈਵਲ ਏਜੰਟ ਨੂੰ ਦਿੱਤੇ ਸੀ। ਅਰਸ਼ਦੀਪ ਨੇ ਦੱਸਿਆ ਕਿ ਉਹ ਜੂਨ 2023 ਨੂੰ ਜੈਪੁਰ ਤੋਂ ਸਪੇਨ ਲਈ ਜਹਾਜ਼ੇ ਚੜ੍ਹਿਆ ਸੀ ਪਰ ਟਰੈਵਲ ਏਜੰਟ ਨੇ ਉਹਨਾਂ ਨੂੰ ਮੋਰੱਕੋ ਵਿੱਚ ਲਿਜਾ ਕੇ ਫਸਾ ਦਿੱਤਾ। ਉਸਨੇ ਦੱਸਿਆ ਕਿ ਉਹਨਾਂ ਕੋਲ ਜਿਹੜੇ ਪੈਸੇ ਸੀ ਉਹ ਹੋਟਲ ਦੇ ਕਿਰਾਏ ਵਿੱਚ ਅਤੇ ਖਾਣੇ ਤੇ ਖਰਚੇ ਗਏ। ਉਹ ਆਪਣੇ ਘਰ ਤੋਂ ਹਰ ਹਫਤੇ 15 ਤੋਂ 20 ਹਜ਼ਾਰ ਰੁਪੈ ਮੰਗਵਾ ਕਿ ਉੱਥੇ ਗੁਜ਼ਾਰਾ ਕਰ ਰਿਹਾ ਸੀ। ਜਦਕਿ ਟਰੈਵਲ ਏਜੰਟ ਉਹਨਾਂ ਨੂੰ ਰੋਜ਼ਾਨਾ ਹੀ ਸਪੇਨ ਭੇਜਣ ਦੇ ਲਾਰੇ ਲਾਉਂਦਾ ਰਿਹਾ ਹੈ। ਮੋਰੱਕੋ ਵਿੱਚ ਰਹਿਣਾ ਉਹਨਾਂ ਲਈ ਔਖਾ ਹੋ ਗਿਆ ਸੀ ਤੇ 10 ਮਹੀਨਿਆਂ ਦਾ ਹੋਟਲ ਦਾ ਖਰਚਾ ਹੀ ਉਹਨਾਂ ਦਾ 7 ਲੱਖ ਦੇ ਕਰੀਬ ਬਣ ਚੁੱਕਾ ਸੀ।
ਅਰਸ਼ਦੀਪ ਨੇ ਦੱਸਿਆ ਕਿ ਉਸਦੇ ਨਾਲ ਹੋਰ ਮੁੰਡੇ ਵੀ ਸਨ ਜਿਹਨਾਂ ਫੇਸਬੁੱਕ ਦੇ ਮਾਧਿਅਮ ਰਾਹੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਤੇ ਉਹਨਾਂ ਨੂੰ ਆਪਣੀ ਸਾਰੀ ਹੱਡਬੀਤੀ ਸੁਣਾਈ। ਜਿਸਤੋਂ ਬਾਅਦ ਉਸਦੇ ਪਿਤਾ ਨਿਰਮਲ ਸਿੰਘ ਪਿੰਡ ਦੇ ਹੋਰ ਮੋਹਤਬਾਰ ਬੰਦਿਆਂ ਨੂੰ ਨਾਲ ਲੈ ਕੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ 19 ਮਾਰਚ ਨੂੰ ਸੰਤ ਸੀਚੇਵਾਲ ਨੂੰ ਮਿਲੇ ਸਨ। ਉਹਨਾਂ ਵੱਲੋਂ ਉਸੇ ਵੇਲੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕਿ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ। ਮੋਰੱਕੋ ਵਿਚਲੀ ਭਾਰਤੀ ਅੰਬੈਸੀ ਨੇ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਦੀ ਘਰ ਵਾਪਸੀ ਯਕੀਨੀ ਬਣਾਈ ਤੇ ਉਹ ਆਪਣੇ ਘਰ 28 ਮਾਰਚ ਨੂੰ ਸਹੀ ਸਲਾਮਤ ਪਹੁੰਚ ਗਏ ਸਨ। ਪੀੜਤ ਪਰਿਵਾਰ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦਿਆ ਕਿਹਾ ਕਿ ਉਹਨਾਂ ਦੇ ਯਤਨਾ ਸਦਕਾ 10 ਹੋਰ ਪੰਜਾਬੀ ਵੀ ਵਾਪਿਸ ਆਉਣ ਵਿੱਚ ਕਾਮਯਾਬ ਰਹੇ। ਅਰਸ਼ਦੀਪ ਨੇ ਇਹ ਦਾਅਵਾ ਕੀਤਾ ਕਿ ਸਪੇਨ ਜਾਣ ਲਈ ਟਰੈਵਲ ਏਜੰਟਾਂ ਦੇ ਭਰਮ ਜਾਲ ਵਿੱਚ ਫਸੇ ਭਾਰਤੀ ਨੌਜਵਾਨਾਂ ਦੀ ਗਿਣਤੀ 500 ਦੇ ਕਰੀਬ ਸੀ।
ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਟਰੈਵਲ ਏਜੰਟਾਂ ਦੀ ਤੁਲਨਾ ਜਲਾਦਾਂ ਨਾਲ ਕਰਦਿਆ ਕਿਹਾ ਕਿ ਉਹਨਾਂ ਨੂੰ ਕਿਸੇ ਦੀ ਗਰੀਬੀ ਤੇ ਵੀ ਤਰਸ ਨਹੀ ਆਉਂਦਾ। ਉਹਨਾਂ ਕਿਹਾ ਕਿ ਅਜਿਹੇ ਟਰੈਵਲ ਏਜੰਟ ਗਰੀਬਾਂ ਦੀ ਮਜ਼ਦੂਰੀ ਦਾ ਫਾਇਦਾ ਚੁੱਕ ਕਿ ਵਿਦੇਸ਼ਾਂ ਦੀ ਚਮਕ ਦਮਕ ਦਾ ਸੁਫਨਾ ਦਿਖਾ ਕਿ ਨੌਜਵਾਨਾਂ ਨੂੰ ਭਰਮਾ ਰਹੇ ਹਨ। ਜਿਹਨਾਂ ਤੋਂ ਬਚਣ ਦੀ ਲੋੜ ਹੈ। ਮੁਰੀਦਵਾਲ ਦੇ ਰਹਿਣ ਵਾਲੇ ਨਿਰਮਲ ਸਿੰਘ ਦਾ ਜ਼ਿਕਰ ਕਰਦਿਆ ਉਹਨਾਂ ਕਿਹਾ ਕਿ ਉਹ ਇਹਨਾਂ ਗਰੀਬ ਹੈ ਕਿ ਰਾਜ ਮਿਸਤਰੀ ਹੁੰਦਿਆ ਹੋਇਆ ਵੀ ਉਹ ਆਪਣੇ ਘਰੇ ਬਾਥਰੂਮ ਤੱਕ ਨਹੀ ਬਣਾ ਸਕਿਆ। ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ਾਂ ਦੇ ਪੌਂਡਾਂ ਡਾਲਰਾਂ ਦੀ ਚਮਕ ਦਮਕ ਦੇ ਪਿੱਛੇ ਨਾ ਭੱਜਣ ਸਗੋਂ ਇਹਨੇ ਪੈਸਿਆਂ ਨਾਲ ਭਾਰਤ ਵਿੱਚ ਰਹਿ ਕਿ ਹੀ ਆਪਣਾ ਕਾਰੋਬਰ ਚਲਾ ਸਕਦੇ ਹਨ।
ਬਾਕਸ ਆਈਟਮ: ਤਿੰਨ ਭੈਣਾਂ ਦਾ ਵੀਰ ਹੈ ਅਰਸ਼ਦੀਪ: ਨਿਰਮਲ ਸਿੰਘ
ਅਰਸ਼ਦੀਪ ਦੇ ਪਿਤਾ ਨਿਰਮਲ ਸਿੰਘ ਨੇ ਦੱਸਿਆ ਕਿ ਉਸਦੀਆਂ ਤਿੰਨ ਧੀਆਂ ਵਿਆਹਉਣ ਵਾਲੀਆਂ ਹਨ। ਉਹ ਤਿੰਨੋਂ ਹੀ ਅਰਸ਼ਦੀਪ ਤੋਂ ਵੱਡੀਆਂ ਹਨ। ਉਹ ਆਪ ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਉਹਨਾਂ ਨੇ ਇਸ ਇਰਾਦੇ ਨਾਲ ਕਰਜ਼ਾ ਚੁੱਕਿਆ ਸੀ ਕਿ ਘਰ ਦੀ ਗਰੀਬੀ ਚੁੱਕੀ ਜਾਵੇਗੀ, ਧੀਆਂ ਵਿਆਹੀਆਂ ਜਾਣਗੀਆਂ ਤੇ ਚੰਗਾ ਘਰ ਵੀ ਬਣ ਜਾਵੇਗਾ। ਪਰ ਟਰੈਵਲ ਏਜੰਟ ਦੇ ਧੋਖੇ ਨੇ ਉਹਨਾਂ ਦੇ ਸੁਫਨਿਆਂ ਉਪਰ ਪਾਣੀ ਫੇਰ ਦਿੱਤਾ ਤੇ ਪੀੜਤ ਪਰਿਵਾਰ ਨੂੰ 20 ਲੱਖ ਦੇ ਕਰਜ਼ੇ ਦੀ ਪੰਡ ਹੇਠਾਂ ਲੈ ਆਇਆ। ਉਸਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸੂਬੇ ਦੇ ਟਰੈਵਲ ਏਜੰਟਾਂ ਵਿਰੱੁਧ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਉਸਦੇ ਸਾਰੇ ਪੈਸੇ ਵਾਪਿਸ ਕਰਵਾਏ ਜਾਣ ਤਾਂ ਜੋ ਆਪਣੇ ਸਿਰ ਕਰਜ਼ਾ ਲਾਹ ਸਕੇ।

