ਪਟਿਆਲਾ

ਫਤਿਹਪੁਰ ਰਾਜਪੂਤਾਂ ਦੇ ਦਰਜਨਾਂ ਪਰਿਵਾਰ ਅਕਾਲੀ ਦਲ ‘ਚ ਸ਼ਾਮਲ

-22 ਨਵੰਬਰ ਨੂੰ ਦੇਵੀਗੜ੍ਹ ਵਿਖੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਰਨਗੇ ਹਲਕਾ ਸਨੌਰ ਲਈ ਅਹਿਮ ਐਲਾਨ : ਹਰਿੰਦਰਪਾਲ ਚੰਦੂਮਾਜਰਾ
ਪਟਿਆਲਾ 19 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਹਲਕਾ ਸਨੌਰ ਦੇ ਪਿੰਡ ਫਤਿਹਪੁਰ ਰਾਜਪੂਤਾਂ ਦੇ ਦਰਜਨਾਂ ਪਰਿਵਾਰਾਂ ਨੇ ਕਾਂਗਰਸ ਦਾ ਸਾਥ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਨੌਰ ਤੋਂ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਕੀਤਾ ਗਿਆ। ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਸਮੁੱਚੇ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਹੋਏ ਵਿਸ਼ਵਾਸ਼ ਦਵਾਇਆ ਕਿ ਉਨ੍ਹਾਂ ਦਾ ਅਕਾਲੀ ਦਲ ਵਿਚ ਪੂਰਾ ਮਾਣ ਸਨਮਾਨ ਹੋਵੇਗਾ।
ਦੂਜੇ ਪਾਸੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ 22 ਨਵੰਬਰ ਨੂੰ ਦੇਵੀਗੜ੍ਹ ਮੰਡੀ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿਚ ਖੁਦ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਹੁੰਚ ਰਹੇ ਹਨ ਜੋ ਹਲਕਾ ਸਨੌਰ ਦਾ ਕਈ ਦਹਾਕੇ ਪੁਰਾਣਾ ਸੋਕਾ ਖਤਮ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਨਾ ਕੇਵਲ ਹਲਕਾ ਸਨੌਰ ਤੋਂ ਪੈਸਿਆਂ ਦੀ ਬੌਛਾਰ ਹੋਵੇਗੀ ਸਗੋਂ ਕਈ ਅਹਿਮ ਐਲਾਨ ਵੀ ਹੋਣਗੇ। ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਕਿ ਉਹ ਹਲਕਾ ਸਨੌਰ ਦੇ ਵਿਕਾਸ ਵਿਚ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਰਹਿਣ ਦੇਣਗੇ। ਉਨ੍ਹਾਂ ਦੱਸਿਆ ਕਿ ਸਿਰਫ ਉਨ੍ਹਾਂ ਨੂੰ ਤਿੰਨ ਮਹੀਨੇ ਹੀ ਹੋਏ ਹਨ ਅਤੇ ਤਿੰਨ ਮਹੀਨਿਆਂ ਵਿਚ ਹੀ ਹਲਕੇ ਦੇ ਲੋਕਾਂ ਨਾਲ ਕੀਤੇ ਸਮੁੱਚੇ ਵਾਅਦਿਆਂ ਨੂੰ ਪੂਰਾ ਕਰ ਦਿੱਤਾ ਹੈ। ਚੰਦੂਮਾਜਰਾ ਨੇ ਕਿਹਾ ਕਿ ਹਲਕਾ ਸਨੌਰ ਉਨ੍ਹਾਂ ਦਾ ਆਪਣਾ ਪਰਿਵਾਰ ਹੈ। ਉਨ੍ਹਾਂ ਦੱਸਿਆ ਕਿ 100 ਕਰੋੜ ਤਾਂ ਸਿਰਫ ਕੱਚੇ ਖਾਲਿਆਂ ਨੂੰ ਪੱਕਾ ਕਰਨ ਲਈ ਲਾਇਆ ਗਿਆ ਹੈ। ਇਸ ਮੌਕੇ ਇਲਾਕੇ ਦੀਆਂ ਮੋਹਤਬਰ ਸਖਸ਼ੀਅਤਾਂ ਵਿਸ਼ੇਸ਼ ਤੌਰ ‘ਤੇ ਪਹੁੰਚੀਆਂ ਹੋਈਆਂ ਸਨ।

Leave a Reply

Your email address will not be published. Required fields are marked *