ਖ਼ਾਲਸਾ ਕਾਲਜ ਪਟਿਆਲਾ ਵੱਲੋਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਪ੍ਰਧਾਨ ਬਣਨ ਦੀ ਖੁਸ਼ੀ ‘ਚ ‘ਸਨਮਾਨ ਸਮਾਗਮ’
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਦਿਆ ਅਤੇ ਵਿਦਿਅਕ ਸੰਸਥਾਵਾਂ ਦੇ ਮਿਆਰ ਨੂੰ ਹੋਰ ਉਚਾ ਚੁੱਕਣ ਲਈ ਸਾਰਥਕ ਉਪਰਾਲੇ ਕਰੇਗੀ : ਬਡੂੰਗਰ
ਪਟਿਆਲਾ, 21 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ )
ਖ਼ਾਲਸਾ ਕਾਲਜ, ਪਟਿਆਲਾ ਵੱਲੋਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਜੀ ਦੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਬਨਣ ਦੀ ਖੁਸ਼ੀ ਵਿੱਚ ‘ਸਨਮਾਨ ਸਮਾਗਮ’ ਦਾ ਆਯੋਜਨ ਕੀਤਾ ਗਿਆ।
ਸਮਾਗਮ ਦੌਰਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪ੍ਰਧਾਨ ਦੇ ਆਹੁਦੇ ‘ਤੇ ਬਿਰਾਜਮਾਨ ਹੋਣ ‘ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਜੀਵਨ ਦਾ ਸਹੀ ਮਾਰਗ ਦਰਸ਼ਕ ਕਰਦੇ ਹਨ। ਜ਼ਰੂਰਤ ਹੈ ਸਾਨੂੰ ਉਨ੍ਹਾਂ ਦੇ ਉਪਦੇਸ਼ ਸਮਝਣ, ਅਪਨਾਉਣ ਅਤੇ ਅਮਲ ਕਰਨ ਦੀ। ਉਨਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਦੀ ਬਾਣੀ ਜੀਵਨ ਵਿੱਚ ਸਹਿਜ ਰੱਖਣ ਲਈ ਪ੍ਰੇਰਿਤ ਕਰਦੀ ਹੈ ਅਤੇ ਸਹਿਜ ਨਾਲ ਹੀ ਸਫ਼ਲਤਾ ਮਿਲਦੀ ਹੈ। ਪ੍ਰੋ. ਬਡੂੰਗਰ ਨੇ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਪੜ੍ਹ ਕੇ ਜੀਵਣ ਜਿਊਣ ਦੀ ਜਾਚ ਸਿੱਖਣ ਲਈ ਵੀ ਕਿਹਾ ਅਤੇ ਸਿੱਖਿਆ ਦੇ ਪਾਸਾਰ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਉੱਚ ਵਿਦਿਆ ਗ੍ਰਹਿਣ ਕਰਨ ਨਾਲ ਬੁੱਧੀ ਵਿਵੇਕ ਹੁੰਦੀ ਹੈ। ਪ੍ਰੋ. ਕ੍ਰਿਪਾਲ ਸਿੰਘ ਬੰਡੂਗਰ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਦਿਆ ਅਤੇ ਵਿਦਿਅਕ ਸੰਸਥਾਵਾਂ ਦੇ ਮਿਆਰ ਨੂੰ ਹੋਰ ਉਚਾ ਚੁੱਕਣ ਲਈ ਸਾਰਥਕ ਉਪਰਾਲੇ ਕਰੇਗੀ। ਇਸ ਤੋਂ ਇਲਾਵਾ ਸਾਰੀਆਂ ਵਿਦਿਅਕ ਸੰਸਥਾਵਾਂ ਵਿਚ ਧਰਮ, ਵਿਰਸੇ ਅਤੇ ਸਭਿਆਚਾਰ ਪ੍ਰਤੀ ਚੇਤੰਨਤਾ ਪੈਦਾ ਕਰਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਉਹਨਾਂ ਨੇ ਖ਼ਾਲਸਾ ਕਾਲਜ ਪਟਿਆਲਾ ਦੇ ਸਮੂਹ ਸਟਾਫ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਇਹ ਸਟਾਫ ਮੇਰਾ ਪਰਿਵਾਰ ਹੈ। ਉਹਨਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਨੂੰ ਸਾਰੀਆਂ ਸੰਸਥਾਵਾਂ ਵਿਚ ਬੇਹਤਰ ਮਨੁੱਖੀ ਰਿਸ਼ਤੇ ਬਣਾਉਂਦੇ ਹੋਏ ਭਾਈਚਾਰਕ ਸਾਂਝਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।
ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਪ੍ਰੋ. ਕਿਰਪਾਲ ਸਿੰਘ ਬਡੂੰਗਰ ਜੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਬਣਨ ‘ਤੇ ਸਿੱਖ ਕੌਮ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚਲ ਰਹੀਆਂ ਵਿਦਿਅਕ ਸੰਸਥਾਵਾਂ ਨੂੰ ਇੱਕ ਉੱਘੇ ਸਿੱਖ ਵਿਦਵਾਨ, ਸਿੱਖਿਆ ਨੂੰ ਸਮਰਪਿਤ ਅਤੇ ਉੱਘੇ ਸਮਾਜ ਚਿੰਤਕ ਦੀ ਸਰਪ੍ਰਸਤੀ ਮਿਲ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਸਮਾਜ ਨੂੰ ਪੇਸ਼ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਪ੍ਰੋ. ਬਡੂੰਗਰ ਜੀ ਵਰਗੇ ਵਿਦਵਾਨ ਦੀ ਯੋਗ ਰਹੁਨਮਈ ਅਤੇ ਉਨ੍ਹਾਂ ਦੀ ਕਲਮ ਦਾ ਜਾਰੀ ਰਹਿਣਾ ਬਹੁਤ ਹੀ ਮਹੱਤਵਪੂਰਨ ਰਹੇਗਾ। ਡਾ. ਉੱਭਾ ਨੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਜੀ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਪ੍ਰਮਾਤਮਾ ਉਨ੍ਹਾਂ ਨੂੰ ਹਰ ਸਫ਼ਰ ਵਿੱਚ ਕਾਮਯਾਬ ਕਰੇ ਤਾਂ ਜੋ ਉਹ ਅੱਗੇ ਤੋਂ ਵੀ ਸਾਡੀ ਯੋਗ ਅਗਵਾਈ ਕਰਦੇ ਰਹਿਣ।
ਸਮਾਗਮ ਦੀ ਸ਼ੁਰੂਆਤ ਦੌਰਾਨ ਸੰਗੀਤ ਵਿਭਾਗ ਦੇ ਮੁਖੀ ਡਾ. ਜਗਜੀਤ ਸਿੰਘ ਅਤੇ ਵਿਦਿਆਰਥੀਆਂ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਕੀਤੇ ਗਏ। ਉਪਰੰਤ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਗਈ।
ਇਸ ਸਮਾਗਮ ਦੌਰਾਨ ਸ੍ਰ. ਸਵਿੰਦਰ ਸਿੰਘ ਸੱਭਰਵਾਲ, ਮੈਂਬਰ ਸ੍ਰੋ.ਗੁ.ਪ੍ਰ.ਕ. ਸ੍ਰੀ ਅੰਮ੍ਰਿਤਸਰ, ਸ. ਨਿਰਮਲ ਸਿੰਘ ਹਰਿਆਉ ਮੈਂਬਰ ਅੰਤਰਿਮ ਕਮੇਟੀ, ਸ. ਲਾਭ ਸਿੰਘ ਦੇਵੀਨਗਰ, ਸ. ਨਿਰਦੇਵ ਸਿੰਘ ਆਕੜੀ, ਸ. ਰਣਧੀਰ ਸਿੰਘ ਰੱਖੜਾ, ਸ. ਲਖਵਿੰਦਰ ਸਿੰਘ, ਡਾ. ਪਰਮਵੀਰ ਸਿੰਘ, ਡਾ. ਪਰਮਜੀਤ ਸਿੰਘ ਸਰੋਆ ਅਤੇ ਹੋਰ ਉੱਘੀਆਂ ਸਖ਼ਸ਼ੀਅਤਾਂ ਨੇ ਸ਼ਿਰਕਤ ਕੀਤੀ। ਸ. ਇੰਦਰਮੋਹਨ ਸਿੰਘ ਬਜਾਜ, ਐਡੀਸ਼ਨਲ ਸਕੱਤਰ, ਕਾਲਜ ਗਵਰਨਿੰਗ ਕੌਂਸਲ ਨੇ ਪਹੁੰਚੀਆਂ ਸਾਰੀਆਂ ਸਖ਼ਸ਼ੀਅਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਸੰਸਥਾਂ ਹੋਰ ਵੀ ਤਰੱਕੀਆਂ ਕਰੇ। ਸਮਾਗਮ ਦੌਰਾਨ ਪ੍ਰੋ. ਜਸਪ੍ਰੀਤ ਕੌਰ ਨੇ ਮੰਚ ਦਾ ਸੰਚਾਲਨ ਕੀਤਾ।

