ਪੰਜਾਬ

21ਵੀਂ ਸਦੀ ‘ਚ ਵੀ ਔਰਤ ਨੂੰ ਆਪਣੀ ਪਛਾਣ ਲਈ ਅੱਜ ਜਦੋਂ-ਜਹਿਦ ਕਰਨੀ ਪੈ ਰਹੀ : ਪਰਮਜੀਤ ਕੌਰ ਲਾਂਡਰਾਂ

ਅੰਮ੍ਰਿਤਸਰ, 20 ਦਸੰਬਰ (ਰਾਜਨ ਮਾਨ/ਮਧੂਸਾਰ ਬਿਊਰੋ)
ਖ਼ਾਲਸਾ ਯੂਨੀਵਰਸਿਟੀ ਵਿਖੇ ਮੁਫ਼ਤ ਕਾਨੂੰਨੀ ਸੇਵਾਵਾਂ ਵਿਸ਼ੇ ‘ਤੇ 2 ਰੋਜ਼ਾ ਸੈਮੀਨਾਰ ਅੱਜ ਸੰਪੰਨ ਹੋ ਗਿਆ। ਜਿਸ ‘ਚ ਆਪਣੇ ਕੁੰਜੀਵਤ ਭਾਸ਼ਣ ਦੌਰਾਨ ਪੰਜਾਬ ਸਟੇਟ ਕਮਿਸ਼ਨ ਫ਼ਾਰ ਵੂਮੈਨ ਦੀ ਚੇਅਰਪਰਸਨ ਪਰਮਜੀਤ ਕੌਰ ਲਾਂਡਰਾਂ ਨੇ ਔਰਤਾਂ ਦੇ ਮੁੱਢਲੇ ਅਧਿਕਾਰਾਂ ਦੀ ਸੁਰੱਖਿਆ ਅਤੇ ਕਾਨੂੰਨੀ ਵਿਧੀਆ ਨੂੰ ਹੋਰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ 21ਵੀਂ ਸਦੀ ‘ਚ ਵੀ ਔਰਤ ਨੂੰ ਆਪਣੀ ਪਛਾਣ ਲਈ ਜਦੋਂ-ਜਹਿਦ ਕਰਨੀ ਪੈ ਰਹੀ ਹੈ।

ਵਧੀਕ ਡਿਪਟੀ ਕਮਿਸ਼ਨਰ ਸ: ਤੇਜਿੰਦਰਪਾਲ ਸਿੰਘ ਸੰਧੂ ਨੇ ਵੀ ਔਰਤਾਂ ਅਤੇ ਬੱਚਿਆਂ ਖਿਲਾਫ਼ ਵੱਧਦੀਆਂ ਹਿੰਸਕ ਘਟਨਾਵਾਂ ਅਤੇ ਅਪਰਾਧਾਂ ‘ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਵੱਡੇ ਪੱਧਰ ‘ਤੇ ਹੀਲਾ ਕਰਨ ਲਈ ਕਿਹਾ। ਉਨ੍ਹਾਂ ਨੇ ਮੌਜ਼ੂਦਾ ਕਾਨੂੰਨ ‘ਚ ਤਬਦੀਲੀਆਂ ਕਰਨ ਦੀ ਵੀ ਗੱਲ ਕਹੀ। ਖ਼ਾਲਸਾ ਕਾਲਜ ਦੇ ਜਰਨਲਿਜ਼ਮ ਵਿਭਾਗ ਦੀ ਮੁੱਖੀ ਡਾ. ਪੁਨੀਤ ਢਿੱਲੋਂ ਨੇ ਮੀਡੀਆ ‘ਚ ਔਰਤ ਦੇ ਚਿੱਤਰਨ ਨੂੰ ਸਹੀ ਢੰਗ ਨਾਲ ਪੇਸ਼ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਔਰਤ ਨੂੰ ਟੀ. ਵੀ. ਪ੍ਰੋਗਰਾਮ, ਫ਼ਿਲਮਾਂ ਅਤੇ ਮੀਡੀਆ ‘ਚ ਇਕ ਸੌਗਾਤ ਦੇ ਰੂਪ ‘ਚ ਪੇਸ਼ ਕੀਤਾ ਜਾਂਦਾ ਹੈ, ਜੋ ਕਿ ਸਹੀ ਨਹੀਂ ਹੈ।
ਇਸ ਤੋਂ ਪਹਿਲਾਂ ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਐਸ. ਐਸ. ਚਾਹਲ ਨੇ ਮੁੱਖ ਬੁਲਾਰਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੂਰੇ ਸਮਾਜ ਨੂੰ ਇਕਜੁਟ ਹੋ ਕੇ ਔਰਤਾਂ ਅਤੇ ਬੱਚਿਆਂ ‘ਤੇ ਵੱਧਦੀਆਂ ਵਧੀਕੀਆਂ ਨੂੰ ਰੋਕਣ ਲਈ ਉਚਿੱਤ ਕਦਮ ਉਠਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਔਰਤ ਨੂੰ ਵੀ ਆਪਣੀ ਅਵਾਜ਼ ਆਪ ਬੁਲੰਦ ਕਰਨੀ ਹੋਵੇਗੀ ਤਾਂ ਹੀ ਸਮਾਜ ‘ਚ ਕ੍ਰਾਂਤੀਕਾਰੀ ਤਬਦੀਲੀਆਂ ਸੰਭਵ ਹਨ।
ਉਨ੍ਹਾਂ ਤੋਂ ਇਲਾਵਾ ਇਸ ਮੌਕੇ ਪੰਜਾਬ ਸਟੇਟ ਕਮਿਸ਼ਨ ਫ਼ਾਰ ਵੂਮੈਨ ਦੀ ਮੈਂਬਰ ਕਿਰਨਪ੍ਰੀਤ ਕੌਰ ਧਾਮੀ, ਐਡੀਸ਼ਨਲ ਸ਼ੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ, ਨੈਸ਼ਨਲ ਟਰੇਨ ਫੈਮਿਲੀ ਹੈਲਥ ਡਾ. ਬਲਜੀਤ ਕੌਰ, ਡਾ. ਬਿੰਦੂ ਸ਼ਰਮਾ ਅਤੇ ਸ: ਭੁਪਿੰਦਰ ਸਿੰਘ ਹਾਲੈਂਡ ਨੇ ਵੀ ਸੈਮੀਨਾਰ ਦੌਰਾਨ ਆਪਣੇ ਵਿਚਾਰ ਪੇਸ਼ ਕੀਤੇ।
ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ 2 ਦਿਨਾਂ ਸੈਮੀਨਾਰ ‘ਚ ਬਹੁਤ ਹੀ ਅਹਿਮ ਮੁੱਦਿਆਂ ‘ਤੇ ਵਿਚਾਰਾਂ ਸਾਂਝੀਆਂ ਹੋਈਆਂ ਹਨ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਸਮਾਜ ਔਰਤਾਂ ‘ਤੇ ਵੱਧਦੇ ਜ਼ੁਲਮਾਂ ਅਤੇ ਘਟਨਾਵਾਂ ਪ੍ਰਤੀ ਸੰਵੇਦਨਸ਼ੀਲ ਹੈ। ਉਨ੍ਹਾਂ ਨੇ ਸਮਾਜ ਦੇ ਹਰ ਵਰਗ ਅਤੇ ਖਾਸਕਰ ਬੁੱਧੀਜੀਵੀਆਂ ਨੂੰ ਅਪੀਲ ਕੀਤੀ ਕਿ ਉਹ ਔਰਤਾਂ ਅਤੇ ਬੱਚਿਆਂ ਦੇ ਹੱਕ-ਹਕੂਕ ਦੀ ਰਾਖੀ ਲਈ ਯਤਨ ਕਰਨ। ਇਸ ਮੌਕੇ ਡਾ. ਹਰਪ੍ਰੀਤ ਕੌਰ, ਡਾ. ਦੀਪਿਕਾ, ਡਾ. ਮਨਿੰਦਰ ਕੌਰ ਆਦਿ ਤੋਂ ਇਲਾਵਾ ਹੋਰ ਸਟਾਫ਼ ਅਤੇ ਵਿਦਿਆਰਥੀ ਮੌਜ਼ੂਦ ਸਨ।

Leave a Reply

Your email address will not be published. Required fields are marked *